ਆਮ ਆਦਮੀ ਪਾਰਟੀ ਨੂੰ ਪੰਜਾਬ 'ਚ 13 'ਚੋਂ ਜ਼ੀਰੋ ਸੀਟਾਂ ਮਿਲਣਗੀਆਂ: ਮੀਨਾਕਸ਼ੀ ਲੇਖੀ
ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕੇਂਦਰੀ ਫੰਡਾਂ ਨਾਲ ਸੂਬੇ ਵਿੱਚ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਦੱਸਿਆ
ਲੁਧਿਆਣਾ 18 ਮਾਰਚ ( ਸੰਜੀਵ ਸੂਦ )
ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਜ਼ੀਰੋ ਸੀਟਾਂ ਹਾਸਲ ਕਰੇਗੀ, ਭਾਵੇਂ ਉਹ ਆਪਣੇ ਮੰਤਰੀ ਹੀ ਉਤਾਰ ਚੁੱਕੀ ਹੈ। ਲੇਖੀ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਜਿੱਥੇ ਉਨ੍ਹਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸੂਬੇ 'ਚ ਕੇਂਦਰ ਦੇ ਫੰਡਾਂ ਨਾਲ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।
ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਐਨ.ਡੀ.ਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਵਿਕਾਸ ਲਈ ਕੇਂਦਰੀ ਫੰਡਾਂ ਵਿੱਚ ਵਾਧਾ ਹੋਇਆ ਹੈ। ਵੱਖ-ਵੱਖ ਕੇਂਦਰੀ ਸਕੀਮਾਂ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਮੇਤ ਬਠਿੰਡਾ ਅਤੇ ਜਲੰਧਰ ਵਿਚ ਹਵਾਈ ਅੱਡੇ ਸ਼ੁਰੂ ਹੋ ਗਏ ਹਨ ਅਤੇ ਲੁਧਿਆਣਾ ਵਿਚ ਵੀ ਹਵਾਈ ਅੱਡਾ ਜਲਦੀ ਹੀ ਚਾਲੂ ਹੋ ਜਾਵੇਗਾ। ਉਨ੍ਹਾਂ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ਕੇਂਦਰ ਵੱਲੋਂ ਦਿੱਤੇ ਫੰਡਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੁਧਿਆਣਾ ਤੋਂ ਨਿਕਲਦੇ ਬੁੱਢੇ ਨਾਲੇ ਦੀ ਹਾਲਤ ਸੁਧਾਰਨ ਲਈ ਕੇਂਦਰ ਵੱਲੋਂ ਫੰਡ ਦਿੱਤੇ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸੂਬੇ ਵਿੱਚ ਨਸ਼ੇ ਦਾ ਬੋਲਬਾਲਾ ਹੈ ਅਤੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਮੰਤਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਨ੍ਹਾਂ ਨੂੰ 13 ਵਿੱਚੋਂ ਜ਼ੀਰੋ ਸੀਟਾਂ ਮਿਲਣਗੀਆਂ। ਉਨ੍ਹਾਂ ਲੁਧਿਆਣਾ ਦੇ ਟੈਕਸਟਾਈਲ ਅਤੇ ਹੋਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਰੱਖਿਆ ਵਿੱਚ ਪੰਜਾਬ ਦੇ ਅਹਿਮ ਯੋਗਦਾਨ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਮੀਡੀਆ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ।