ਇੱਕ ਗੈਂਗਸਟਰ ਦਾ ਪਿਤਾ ਕਿਉਂ ਉਤਰਿਆ ਚੋਣ ਮੈਦਾਨ ਵਿੱਚ, ਪੜ੍ਹੋ ਵੇਰਵਾ
- ਫਿਰੋਜਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਨਾਲ ਗੱਲਬਾਤ
-ਨੌਜਵਾਨਾਂ ਨੂੰ ਬਚਾਉਣ ਲਈ ਸਿਆਸਤ ਵਿੱਚ ਆਇਆ ਹਾਂ: ਭੁੱਲਰ
ਫਿਰੋਜਪੁਰ, 9 ਅਪ੍ਰੈਲ 2024 - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ ਫਿਰੋਜਪੁਰ ਤੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ, ਜੋ ਕਿ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਹਨ, ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਮਕਸਦ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਾਹਾਂ ਤੋਂ ਬਚਾਉਣਾ ਹੈ | ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪੁੱਤਰ ਵਾਂਗ ਕੋਈ ਹੋਰ ਪੰਜਾਬ ਦਾ ਨੌਜਵਾਨ ਗੈਂਗਸਟਰ ਬਨਣ ਦੇ ਰਾਹ 'ਤੇ ਚੱਲੇ ਅਤੇ ਪੁਲਿਸ ਐਨਕਾਉਂਟਰ ਦਾ ਸ਼ਿਕਾਰ ਬਣੇ | ਇਸ ਤੋਂ ਇਲਾਵਾ ਨਸ਼ਿਆਂ ਦੇ ਕੋਹੜ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਵੀ ਉਨ੍ਹਾਂ ਦਾ ਮੁੱਖ ਉਦੇਸ਼ ਹੈ |
ਉਨ੍ਹਾਂ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਲੋਕ ਪੱਖੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਉਹ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਿੱਚ ਸ਼ਾਮਲ ਹੋਏ ਹਨ | ਸ. ਮਾਨ ਇੱਕੋ ਇੱਕ ਅਜਿਹੇ ਆਗੂ ਹਨ, ਜੋ ਸ਼ੁਰੂ ਤੋਂ ਆਪਣੇ ਲੋਕ ਪੱਖੀ ਸਟੈਂਡ 'ਤੇ ਕਾਇਮ ਹਨ ਅਤੇ ਲੰਬੇ ਅਰਸੇ ਤੋਂ ਲੋਕ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ | ਸ. ਮਾਨ ਨੇ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਗੱਲ ਕੀਤੀ ਹੈ | ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਿਆਸਤ ਦੇ ਜਰੀਏ ਉਹ ਭੜਕੇ ਹੋਏ ਨੌਜਵਾਨਾਂ ਨੂੰ ਸਹੀ ਰਾਸਤੇ ਲਿਆ ਸਕਣ, ਤਾਂ ਜੋ ਉਨ੍ਹਾਂ ਨੂੰ ਪੁਲਿਸ ਐਨਕਾਉਂਟਰਾਂ ਅਤੇ ਨਸ਼ਿਆਂ ਦੀ ਦਲਦਲ ਤੋਂ ਬਚਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ |