ਰਵਾਇਤੀ ਪਾਰਟੀਆਂ ਵੱਲੋਂ ਉਮੀਦਵਾਰ ਨਾ ਐਲਾਨਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਚੋਣ ਪ੍ਰਚਾਰ ਪਛੜਿਆ
- ਕਾਂਗਰਸ ਤੇ ਭਾਜਪਾ ਨਹੀ ਐਲਾਨ ਸਕੇ ਆਪਣੇ ਉਮੀਦਵਾਰ, ਆਮ ਆਦਮੀ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਉਮੀਦਵਾਰਾਂ ਨੇ ਘੱਤੀਆਂ ਵਹੀਰਾਂ
- ਚੋਣ ਪ੍ਰਚਾਰ ਮੱਗਣ ਕਾਰਨ ਰਵਾਇਤੀ ਪਾਰਟੀਆਂ ਦੇ ਵਰਕਰ ਮਾਯੂਸ, ਪਤਵੰਤਿਆਂ ਦੇ ਘਰੋ ਘਰੀ ਪੁੱਜ ਰਹੇ ਹਨ ਸੰਭਾਵੀ ਉਮੀਦਵਾਰ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 24 ਅਪ੍ਰੈਲ ,2024 - ਲੋਕ ਸਭਾ ਚੋਣਾ 2024 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕਾ 06 ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਪੱਛੜ ਗਏ ਹਨ, ਜਿਸ ਕਾਰਨ ਇਨ੍ਹਾਂ ਦੋਵੇ ਪਾਰਟੀਆਂ ਦੇ ਪਹਿਲੀ ਕਤਾਰ ਦੇ ਆਗੂਆਂ ਤੇ ਸੀਨੀਅਰ ਵਰਕਰਾਂ ਵਿੱਚ ਭਾਰੀ ਹਤਾਸ਼ਾ ਤੇ ਮਾਯੂਸੀ ਪਾਈ ਜਾ ਰਹੀ ਹੈ, ਜਦੋਂ ਕਿ ਹਰ ਦਿਨ ਇੱਕ ਇੱਕ ਪੋੜੀ ਚੜ੍ਹ ਕੇ ਆਮ ਆਦਮੀ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣ ਅਖਾੜਾ ਮਘਾ ਦਿੱਤਾ ਹੈ।
ਲੋਕ ਸਭਾ ਹਲਕਾ 06 ਵਿੱਚ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ, ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ,ਖਰੜ, ਸ੍ਰੀ ਚਮਕੌਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਬਲਾਚੋਰ, ਬੰਗਾ, ਗੜ੍ਹਸ਼ੰਕਰ ਦੇ ਵਿਧਾਨ ਸਭਾ ਹਲਕਿਆਂ ਦੀ ਬੈਲਟ ਹੈ, ਜਿਸ ਵਿੱਚ ਹਰ ਤਰਾਂ ਦੇ ਵੋਟਰ ਮੋਜੂਦ ਹਨ। ਨੀਮ ਪਹਾੜੀ ਇਲਾਕੇ (ਚੰਗਰ) ਦੇ ਨਾਲ ਨਾਲ ਕੰਢੀ ਖੇਤਰ ਦੇ ਵੋਟਰਾਂ ਦੀ ਬਹੁਗਿਣਤੀ ਹੈ। ਕੁਦਰਤੀ ਨਜਾਰਿਆਂ ਨਾਲ ਘਿਰੇ ਇਸ ਸਮੁੱਚੇ ਇਲਾਕੇ ਵਿੱਚ ਰਾਜਨੀਤੀ ਹਰ ਦਿਨ ਨਵੀਆ ਕਰਵਟਾਂ ਬਦਲਦੀ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਪਛੜੇ ਉਮੀਦਵਾਰਾਂ ਦੇ ਪੈਰ ਟਿਕਣ ਦੀਆਂ ਸੰਭਾਵਨਾਵਾਂ ਹਰ ਦਿਨ ਪੱਛੜ ਰਹੀਆਂ ਹਨ ਤੇ ਉਨ੍ਹਾਂ ਰਵਾਇਤੀ ਪਾਰਟੀਆਂ ਦੇ ਸਹਿਯੋਗੀ ਵਰਕਰਾਂ ਨੂੰ ਹਤਾਸ਼ਾ ਹੱਥ ਲੱਗ ਰਹੀ ਹੈ, ਜਿਨ੍ਹਾਂ ਦੇ ਉਮੀਦਵਾਰ ਇਸ ਘੁੰਮਣ ਘੇਰੀ ਵਿਚ ਚੋਣਾਂ ਦੌਰਾਨ ਗੋਤਾ ਖਾ ਸਕਦੇ ਹਨ, ਕਿਉਕਿ ਐਲਾਨੇ ਗਏ ਉਮੀਦਵਾਰਾਂ ਨੇ ਆਪਣੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਲਗਾਤਾਰ ਦੌਰੇ ਕਰਕੇ ਕਈ ਕਈ ਬੈਠਕਾਂ ਕਰ ਲਈਆਂ ਹਨ, ਉਨ੍ਹਾਂ ਵੱਲੋਂ ਹਰ ਛੋਟੇ ਵੱਡੇ ਧਾਰਮਿਕ ਸਮਾਜਿਕ, ਰਾਜਨੀਤਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਦੇ ਨਾਲ ਨਾਲ ਖੁਸ਼ੀਆਂ ਤੇ ਗਮੀਆਂ ਦੇ ਸਮਾਗਮਾਂ ਵਿੱਚ ਵੀ ਸਮੂਲੀਅਤ ਕੀਤੀ ਜਾ ਰਹੀ ਹੈ, ਇਸ ਨਾਲ ਪਿਛਲੇ ਕੁਝ ਦਿਨਾਂ ਵਿੱਚ ਇਹ ਦੋਵੇਂ ਉਮੀਦਵਾਰ ਲੋਕਾਂ ਵਿਚ ਕਿਸੇ ਪਹਿਚਾਣ ਦੇ ਮੁਹਤਾਜ ਨਹੀ ਰਹੇ ਹਨ। ਇਨ੍ਹਾਂ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਮੋਜੂਦ ਹੁਕਮਰਾਨ ਸਰਕਾਰ ਦੇ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਪੂਰੀ ਸਿੱਦਤ ਨਾਲ ਲੱਗੇ ਹੋਏ ਹਨ, ਜਦੋ ਕਿ ਭਾਜਪਾ ਦਾ ਸਾਥ ਟੁੱਟਣ ਕਾਰਨ ਨਾਮੋਸ਼ੀ ਵਿਚ ਆਇਆ ਸ੍ਰੋਮਣੀ ਅਕਾਲੀ ਦਲ ਹੁਣ ਇਨ੍ਹਾਂ ਲੋਕ ਸਭਾ ਚੋਣਾ ਦੌਰਾਨ ਆਪਣੀ ਸ਼ਾਖ ਬਚਾਉਣ ਵਿਚ ਲੱਗ ਗਿਆ ਹੈ।
ਇਨ੍ਹਾਂ ਚੋਣਾਂ ਦੌਰਾਨ ਜਿੱਥੇ ਇਸ ਹਲਕੇ ਵਿੱਚ ਕਿਸੇ ਇੱਕ ਫਿਰਕੇ ਜਾਂ ਭਾਈਚਾਰੇ ਦੇ ਵੋਟਰ ਇੱਕ ਤਰਫ ਦਾ ਫੈਸਲਾ ਲੈਣ ਲਈ ਵਿਊਤਬੰਦੀ ਘੜ ਰਹੇ ਹਨ, ਉਥੇ ਪੇਂਡੂ ਖੇਤਰਾਂ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਲੋਕਾਂ ਵੱਲੋਂ ਹੰਡਾਏ ਸੰਤਾਪ ਤੇ ਮਿਲੇ ਫਰੇਬ ਤੇ ਝੂਠੇ ਲਾਰਿਆਂ ਨੂੰ ਵੀ ਅੱਖੋ ਪਰੋਖੇ ਨਹੀ ਕਰ ਰਹੇ। ਇਹ ਸਮੁੱਚਾ ਇਲਾਕਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਹੋਣ ਕਾਰਨ ਹਰ ਸਾਲ ਬਰਸਾਤਾ ਦੇ ਦਿਨਾਂ ਵਿੱਚ ਆਏ ਪਹਾੜਾਂ ਦੇ ਭਾਰੀ ਮੀਂਹ ਦੇ ਪਾਣੀ ਅਤੇ ਭਾਖੜਾ ਡੈਮ ਤੋਂ ਵੱਧ ਪਾਣੀ ਛੱਡਣ ਕਾਰਨ ਸਤਲੁਜ ਦਰਿਆਂ ਅਤੇ ਸਵਾਂ ਨਦੀ ਦੇ ਚੈਨਲਾਈਜ ਨਾ ਹੋਣ ਦਾ ਸੰਤਾਪ ਹੰਢਾਉਦਾ ਹੈ, ਜਦੋਂ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਨੂੰ (ਹਿਮਾਚਲ ਪ੍ਰਦੇਸ਼) ਪੰਜਾਬ ਨਾਲ ਗੜ੍ਹਸ਼ੰਕਰ ਤੱਕ ਜੋੜਨ ਵਾਲੀ ਦੁਆਬੇ ਦੀ ਮੁੱਖ ਸੜਕ ਨੂੰ ਕੇਂਦਰ ਵੱਲੋਂ ਨਾ ਬਣਾਉਣ ਦਾ ਰੋਸਾ ਵੀ ਇਸ ਇਲਾਕੇ ਵਿੱਚ ਸਾਫ ਝਲਕ ਰਿਹਾ ਹੈ, ਜਿਸ ਨੂੰ ਹੁਣ ਸੰਤਾਮਹਾਪੁਰਸ਼ਾ ਨੇ ਬਣਾਉਣ ਦਾ ਬੀੜਾ ਚੁੱਕ ਲਿਆ ਹੈ। ਬੇਸਹਾਰਾ ਪਸ਼ੂਆਂ ਵੱਲੋਂ ਇਸ ਇਲਾਕੇ ਵਿਚ ਛੋਟੇ ਕਿਸਾਨਾਂ ਦੀਆਂ ਜਮੀਨਾ ਨੂੰ ਉਜਾੜਨ ਤੋ ਬਚਾਉਣ ਦੇ ਢੁਕਵੇ ਪ੍ਰਬੰਧ ਕਰਨ ਦੇ ਕੇਂਦਰ ਸਰਕਾਰ ਦੇ ਲਾਰੇ ਵੀ ਹੁਣ ਬੇਅਸਰ ਹੋ ਚੁੱਕੇ ਹਨ। ਬਲਾਚੋਰ ਵਿੱਚ ਲੱਕੜ ਮੰਡੀ ਦੀ ਮੰਗ ਵੀ ਦਹਾਕਿਆਂ ਤੋ ਲੋਕਾਂ ਨੂੰ ਤਰਸਾ ਰਹੀ ਹੈ।
ਧਾਰਮਿਕ ਤੇ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਿਤ ਕਰਨ ਲਈ ਇਸ ਇਲਾਕੇ ਵਿੱਚ ਭਾਵੇ ਦੋ ਸਾਲਾ ਤੋ ਮੋਜੂਦਾ ਸਰਕਾਰ ਨੇ ਸੰਭਾਵਨਾਵਾ ਤਲਾਸ਼ ਕਰਕੇ ਉਨ੍ਹਾਂ ਉਤੇ ਬਹੁਤ ਕੰਮ ਕੀਤਾ ਹੈ, ਸਰਕਾਰ ਦੇ ਬਿਜਲੀ ਮਾਫੀ ਦੇ ਕੇ ਘਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ, ਇਸਤਰੀਆਂ ਮੁਫਤ ਬੱਸ ਸਫਰ, ਸਿਹਤ ਅਤੇ ਸਿੱਖਿਆ ਵਿਚ ਚੋਖੇ ਸੁਧਾਰ ਦਾ ਅਸਰ ਇਸ ਇਲਾਕੇ ਵਿਚ ਹਰ ਘਰ ਵਿਚ ਦੇਖਿਆ ਜਾ ਰਿਹਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਆਪਣੇ ਦਹਾਕਿਆਂ ਪਹਿਲਾ ਕਰਵਾਏ ਵਿਕਾਸ ਦਾ ਗੁਣਗਾਨ ਕਰਕੇ ਸਿਆਸੀ ਲਾਹਾ ਲੈਣ ਲਈ ਚਾਰਾਜੋਈ ਕਰ ਰਿਹਾ ਹੈ। ਭਾਜਪਾ ਦਿੱਗਜ਼ ਆਗੂ ਦੀ ਤਲਾਸ਼ ਵਿਚ ਹੈ, ਜਦੋਂ ਕਿ ਕਾਂਗਰਸ ਦੇ ਮੋਜੂਦਾ ਐਮ.ਪੀ ਚੰਡੀਗੜ੍ਹ ਤੋ ਲੋਕ ਸਭਾ ਵਿਚ ਕੁੱਦ ਗਏ ਹਨ, ਸਾਬਕਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦਾ ਪੱਲ ਫੜ੍ਹ ਕੇ ਲੁਧਿਆਣਾ ਤੋ ਦਾਅਵੇਦਾਰੀ ਠੋਕ ਕੇ ਨਵੇ ਸਮੀਕਰਨ ਪੈਦਾ ਕਰ ਦਿੱਤੇ ਹਨ।
ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਹੋਣ ਕਾਰਨ ਚਰਚਿਤ ਚਿਹਰਿਆਂ ਵਿਚ ਹਨ, ਉਨ੍ਹਾਂ ਦੇ ਸਮਰਥਨ ਵਿੱਚ ਹਰ ਹਲਕੇ ਦੇ ਆਗੂ ਅੱਡੀ ਚੋਟੀ ਦਾ ਜੋਰ ਲਗਾ ਕੇ ਉਨ੍ਹਾਂ ਨੂੰ ਪਹਿਲਾ ਹੀ ਇਸ ਚੋਣਾਂ ਦੀ ਰੇਸ ਵਿਚ ਸਭ ਤੋ ਅੱਗੇ ਲਿਆਉਣ ਵਿਚ ਕੋਈ ਕਸਰ ਬਾਕੀ ਨਹੀ ਛੱਡ ਰਹੇ। ਸਥਾਨਿਕ ਵਿਧਾਇਕ ਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਜੋ ਪਹਿਲਾ ਰਿਕਾਰਡ 58 ਪ੍ਰਤੀਸ਼ਤ ਵੋਟਾਂ ਨਾਲ ਆਪਣੇ ਵਿਰੋਧੀ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਹਰਾ ਚੁੱਕੇ ਹਨ, ਹੁਣ ਮੁੜ ਵਿਧਾਨ ਸਭਾ ਦਾ ਨਤੀਜਾ ਦੁਹਰਾਉਣ ਲਈ ਤਿੰਨ ਮਹੀਨਿਆਂ ਤੋ ਦਿਨ ਰਾਤ ਇੱਕ ਕਰ ਰਹੇ ਹਨ, ਇਸ ਤਰਾਂ ਦਾ ਮਾਹੋਲ ਬਣ ਰਿਹਾ ਹੈ ਜਿਸ ਤਰਾਂ ਹਰ ਵਰਕਰ ਲਈ ਇਹ ਚੋਣਾ ਵਕਾਰ ਦਾ ਸਵਾਲ ਬਣ ਗਈਆਂ ਹੋਣ। 1 ਜੂਨ ਨੂੰ ਵੋਟਿੰਗ ਤੇ 4 ਜੂਨ ਨੂੰ ਨਤੀਜੇ ਸਥਿਤੀ ਸਪੱਸ਼ਟ ਕਰ ਦੇਣਗੇ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਐਲਾਨਣ ਤੋ ਪੱਛੜ ਕੇ ਚੱਲ ਰਹੀਆਂ ਪਾਰਟੀਆਂ ਨੂੰ ਆਪਣੀ ਬੇਲੋੜੀ ਦੇਰੀ ਦਾ ਮਖਿਆਜਾ ਜਰੂਰ ਭੁਗਤਨਾ ਪੈ ਸਕਦਾ ਹੈ।