Bhagwant ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ, ਖ਼ਜ਼ਾਨਾ ਖ਼ਾਲੀ, ਸਿਪਾਹੀਆਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ- ਤਰਨਜੀਤ ਸਿੰਘ ਸੰਧੂ
- ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ -ਤਰਨਜੀਤ ਸਿੰਘ ਸੰਧੂ
- ਮੇਰੇ ਲਈ ਰਾਜਨੀਤੀ ਧੰਦਾ ਨਹੀਂ ਸਗੋਂ ਲੋਕ ਸੇਵਾ ਹੈ- ਤਰਨਜੀਤ ਸਿੰਘ ਸੰਧੂ
- ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ ਹੈ। ਖ਼ਜ਼ਾਨਾ ਖ਼ਾਲੀ ਹੈ ਅਤੇ ਸਿਪਾਹੀਆਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ
- ਕਈ ਲੋਕ ਬਦਬੂਦਾਰ ਪਾਣੀ ਵਿਚ ਗੁਜ਼ਾਰਾ ਕਰਨ ਲਈ ਮਜਬੂਰ ਹਨ ਪਰ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ
ਅੰਮ੍ਰਿਤਸਰ 24 ਅਪ੍ਰੈਲ 2024 - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਸੀਂ ਇਸ ਦੀ ਜਾਂਚ ਕਰਾਵਾਂਗੇ। ਦੋਸ਼ੀ ਪਾਏ ਜਾਣ ’ਤੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤਰਨਜੀਤ ਸਿੰਘ ਸੰਧੂ ਅੱਜ ਭਾਜਪਾ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰਾਜੈਕਟ ’ਤੇ ਕੋਈ ਸਾਰਥਿਕ ਕੰਮ ਨਹੀਂ ਹੋਇਆ ਹੈ। ਪੰਜਾਬ ਸਰਕਾਰ ਦੀਵਾਲੀਆ ਹੋਣ ਦੇ ਕਰੀਬ ਹੋ ਚੁੱਕੀ ਹੈ। ਕੇਂਦਰੀ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ।
ਅਮਨ-ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਹਰ ਰੋਜ਼ ਗੋਲ਼ੀਬਾਰੀ ਦੀਆਂ ਖ਼ਬਰਾਂ ਆ ਰਹੀਆਂ ਹਨ। ਸੂਬੇ 'ਚ ਅਮਨ-ਕਾਨੂੰਨ ਨੂੰ ਬਣਾਈ ਰੱਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਰਕਾਰ ਇਸ ਮਾਮਲੇ 'ਚ ਵੀ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਨਸ਼ਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਨਾਂਅ 'ਤੇ ਬਣੀ ਹੈ ਪਰ ਨਸ਼ਿਆਂ ਦੀ ਸਮੱਸਿਆ ਇਹ ਹੈ ਕਿ ਅੰਮ੍ਰਿਤਸਰ ਦੇ ਕਈ ਇਲਾਕਿਆਂ ਅਤੇ ਪਿੰਡਾਂ 'ਚ ਜਿੱਥੇ ਮੈਂ ਗਿਆ, ਉੱਥੇ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਦੇ ਪਿਤਾ ਨਸ਼ੇੜੀ ਹਨ ਜਾਂ ਨਸ਼ੇ ਕਾਰਨ ਮਰ ਚੁੱਕੇ ਹਨ| ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਕਈ ਇਲਾਕਿਆਂ 'ਚ ਸੀਵਰੇਜ ਦੀ ਸਮੱਸਿਆ ਹੈ, ਕਈ ਲੋਕ ਬਦਬੂਦਾਰ ਪਾਣੀ 'ਚ ਰਹਿਣ ਲਈ ਮਜਬੂਰ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 7 ਸਾਲਾਂ ਤੋਂ ਇੱਥੇ ਚੁਣੇ ਗਏ ਲੋਕ ਨੁਮਾਇੰਦਿਆਂ ਨੇ ਇਸ ਦੇ ਹੱਲ ਲਈ ਕੁਝ ਨਹੀਂ ਕੀਤਾ। ਨਾ ਹੀ ਉਨ੍ਹਾਂ ਨੇ ਕਦੇ ਇਸ ਵੱਲ ਧਿਆਨ ਦਿੱਤਾ ਹੋਵੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਸਰਕਾਰ ਤਬਦੀਲੀ ਦੇ ਨਾਂ ’ਤੇ ਬਣੀ ਸੀ ਪਰ ਮੈਂ ਕਈ ਕਾਲੋਨੀਆਂ ਦਾ ਦੌਰਾ ਕੀਤਾ ਹੈ ਅਤੇ ਘਰਾਂ ਵਿੱਚ ਸੀਵਰੇਜ ਦਾ ਪਾਣੀ ਵਹਿ ਰਿਹਾ ਹੈ। ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦੇ ਨਾਂ ’ਤੇ ਅੱਗੇ ਆਈ ਸਰਕਾਰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਂ ’ਤੇ ਕੁਝ ਨਹੀਂ ਕਰ ਰਹੀ। ਗੈਂਗਵਾਰ ਅਤੇ ਲੁੱਟਮਾਰ ਆਮ ਹੋ ਗਈ ਹੈ। ਜਨਤਾ ਸਭ ਨੂੰ ਪਰਖ ਚੁੱਕੀ ਹੈ ਅਤੇ ਹੁਣ ਭਾਜਪਾ 'ਤੇ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੋ ਵਿਕਾਸ ਭਾਰਤ ਵਿੱਚ ਹੋ ਰਿਹਾ ਹੈ, ਉਹੀ ਅੰਮ੍ਰਿਤਸਰ ਵਿੱਚ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਲਈ ਰਾਜਨੀਤੀ ਧੰਦਾ ਨਹੀਂ ਸਗੋਂ ਲੋਕ ਸੇਵਾ ਹੈ। ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ, ਬਦਮਾਸ਼ਾਂ ਦਾ ਨਹੀਂ। ਲੋਕ ਚਾਹੁੰਦੇ ਹਨ ਕਿ ਇੱਥੋਂ ਚੰਗੇ ਲੋਕ ਹੀ ਅੱਗੇ ਆਉਣ। ਇਸ ਲਈ ਚੰਗੇ ਲੋਕਾਂ ਨੂੰ ਵੀ ਰਾਜਨੀਤੀ ਵਿੱਚ ਅੱਗੇ ਆਉਣਾ ਅਤੇ ਲਿਆਂਦਾ ਜਾਣਾ ਚਾਹੀਦਾ ਹੈ।
ਅੰਮ੍ਰਿਤਸਰ ਦੇ ਵੋਟਰ ਵਿਕਾਸ ਵੱਲ ਦੇਖ ਰਹੇ ਹਨ, ਲੋਕ ਸੂਝਵਾਨ ਹਨ। ਇੱਥੇ ਲੋਕਾਂ ਦੀ ਆਮਦਨ ਵਧਣੀ ਚਾਹੀਦੀ ਹੈ। ਉਦਯੋਗ, ਖੇਤੀਬਾੜੀ ਅਤੇ ਵਪਾਰ ਵਧਣਾ ਚਾਹੀਦਾ ਹੈ। ਇਹ ਲੋਕ ਨਸ਼ੇ ਦਾ ਖ਼ਾਤਮਾ ਚਾਹੁੰਦੇ ਹਨ। ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਦੀ ਆਮਦਨ ਵਧੇ, ਮੈਂ ਉਨ੍ਹਾਂ ਨੂੰ ਕਈ ਸੁਝਾਅ ਦਿੱਤੇ ਹਨ। ਲੋਕ ਵਿਕਾਸ ਅਤੇ ਤਰੱਕੀ ਚਾਹੁੰਦੇ ਹਨ। ਹੁਣ ਜ਼ਿੰਮੇਵਾਰ ਲੋਕਾਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਇਸ ਮੌਕੇ ਬੋਨੀ ਅਮਰਪਾਲ ਸਿੰਘ ਅਜਨਾਲਾ, ਰਾਜਬੀਰ ਸ਼ਰਮਾ ਅਤੇ ਪ੍ਰੋ. ਸਰਚਾਂਦ ਸਿੰਘ ਵੀ ਮੌਜੂਦ ਸਨ।