ਅਕਾਲੀ ਦਲ ਵੱਲੋਂ ਐਲਾਨੇ ਗਏ 7 ਉਮੀਦਵਾਰਾਂ ਦੀ ਇਕ ਝਲਕ
ਚੰਡੀਗੜ੍ਹ, 13 ਅਪ੍ਰੈਲ 2024 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਸੰਸਦੀ ਚੋਣਾਂ ਲਈ ਉਮੀਦਵਾਰਾਂ ਵਜੋਂ ਪਾਰਟੀ ਦੇ 7 ਸੀਨੀਅਰ ਆਗੂਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ‘ਖਾਲਸਾ ਸਿਰਜਣਾ ਦਿਵਸ’ ਦੇ ਇਤਿਹਾਸਕ ਅਤੇ ਪਵਿੱਤਰ ਦਿਹਾੜੇ ਨੂੰ ਚੋਣ ਬਿਗਲ ਵਜਾਉਣ ਲਈ ਸਭ ਤੋਂ ਢੁਕਵੇਂ ਦਿਨ ਵਜੋਂ ਚੁਣਦੇ ਹੋਏ ਉਨ੍ਹਾਂ ਨੇ ਪਹਿਲੀ ਸੂਚੀ ਜਾਰੀ ਕੀਤੀ। ਹੇਠ ਲਿਖੇ ਅਨੁਸਾਰ ਅਕਾਲੀ ਦਲ ਵੱਲੋਂ ਐਲਾਨੇ ਗਏ 7 ਉਮੀਦਵਾਰਾਂ ਦੀ ਇਕ ਝਲਕ -----
ਡਾ. ਦਲਜੀਤ ਸਿੰਘ ਚੀਮਾ
ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਉਹ ਅਕਾਲੀ ਸਰਕਾਰ ਮੌਕੇ ਸਿੱਖਿਆ ਮੰਤਰੀ ਦੇ ਅਹੁਦੇ ਉੱਤੇ ਰਹੇ ਹਨ। ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਮੈਂਬਰ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ 2007-2012 ਵਿੱਚ ਮੁੱਖ ਮੰਤਰੀ ਪੰਜਾਬ (ਕੈਬਨਿਟ ਮੰਤਰੀ ਦੇ ਅਹੁਦੇ 'ਤੇ) ਦੇ ਸਲਾਹਕਾਰ ਵਜੋਂ ਵੀ ਪਾਰਟੀ ਦੀ ਸੇਵਾ ਕਰ ਚੁੱਕੇ ਹਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਅਕਾਲੀ ਦਲ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਦੇ ਸੀਨੀਅਰ ਆਗੂ, ਜਨਰਲ ਸਕੱਤਰ ਅਤੇ ਬੁਲਾਰੇ ਅਤੇ ਆਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਪਟਿਆਲਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਹਨ।
ਐਨ ਕੇ ਸ਼ਰਮਾ
ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਐਨ ਕੇ ਸ਼ਰਮਾ (ਨਰਿੰਦਰ ਕੁਮਾਰ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ। ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਖਜ਼ਾਨਚੀ ਹਨ। ਉਹ ਪਹਿਲੀ ਵਾਰ 2012 ਅਤੇ ਫਿਰ 2017 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ।
ਅਨਿਲ ਜੋਸ਼ੀ
ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਨਿਲ ਜੋਸ਼ੀ ਭਾਜਪਾ ਵੱਲੋਂ ਪਹਿਲੀ ਵਾਰ 2007 ਵਿੱਚ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ ਅਤੇ ਫਿਰ 2012 ਵਿੱਚ ਮੁੜ ਚੋਣ ਜਿੱਤੇ ਸਨ। ਜੁਲਾਈ 2021 ਵਿੱਚ ਜੋਸ਼ੀ ਨੂੰ ਕਿਸਾਨਾਂ ਦੇ ਹੱਕ 'ਚ ਬੋਲਣ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬੀਜੇਪੀ ਨੇ ਪਾਰਟੀ 'ਚੋਣ ਬਾਹਰ ਕਰ ਦਿੱਤਾ ਸੀ। ਉਹ ਅਗਸਤ 2021 ਵਿੱਚ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ।
ਬਿਕਰਮਜੀਤ ਸਿੰਘ ਖਾਲਸਾ
ਅਕਾਲੀ ਦਲ ਵੱਲੋਂ ਬਿਕਰਮਜੀਤ ਸਿੰਘ ਖਾਲਸਾ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਬਿਕਰਮਜੀਤ ਸਿੰਘ ਖਾਲਸਾ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਇੰਚਾਰਜ ਹਨ।
ਰਾਜਵਿੰਦਰ ਸਿੰਘ
ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਰਾਜਵਿੰਦਰ ਸਿੰਘ ਦਾ ਪਰਿਵਾਰ ਟਕਸਾਲੀ ਅਕਾਲੀ ਆਗੂ ਹੈ ਅਤੇ ਉਸ ਦੇ ਪਿਤਾ ਸ਼ੀਤਲ ਸਿੰਘ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਜਦਕਿ ਰਾਜਵਿੰਦਰ ਸਿੰਘ 2010 ਤੋਂ 2012 ਤੱਕ ਯੂਥ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਰਹਿ ਚੁੱਕੇ ਹਨ।
ਇਕਬਾਲ ਸਿੰਘ ਝੂੰਦਾਂ
ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਕਬਾਲ ਸਿੰਘ ਝੂੰਦਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਮੈਂਬਰ ਹਨ। ਉਹ ਪੰਜਾਬ ਦੇ ਧੂਰੀ (2007-2012) ਅਤੇ ਅਮਰਗੜ੍ਹ (2012-2017) ਤੋਂ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਆਬਜ਼ਰਵਰ ਵੀ ਹਨ।