ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁਲਵਾਮਾ ਵਿਖੇ ਸੂਬੇ ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ
ਚੰਡੀਗੜ, 15 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਤ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਨਾਂ ਜਵਾਨਾਂ ਦਾ ਭਲਕੇ ਪੂਰੇ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਘਿਨਾਉਣੇ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰਾਂ ਨਾਲ ਇੱਕਮੁੱਠਤਾ ਪ੍ਰਗਟ ਕੀਤੀ ਹੈ।
ਪੁਲਵਾਮਾ ਵਿਖੇ ਸੁਰੱਖਿਆ ਫੋਰਸ ’ਤੇ ਹੋਏ ਕਾਇਰਤਾਪੂਰਨ ਹਮਲੇ ਵਿੱਚ 41 ਜਵਾਨਾਂ ਨੇ ਆਪਣੇ ਪ੍ਰਾਣ ਗਵਾਏ ਹਨ ਜਿਨਾਂ ਵਿੱਚ ਪੰਜਾਬ ਦੇ ਕੁਲਵਿੰਦਰ ਸਿੰਘ ਰੂਪਨਗਰ ਜ਼ਿਲਾ, ਸੁਖਵਿੰਦਰ ਸਿੰਘ ਤਰਨਤਾਰਨ, ਜੈਮਲ ਸਿੰਘ ਮੋਗਾ ਅਤੇ ਮਨਜਿੰਦਰ ਸਿੰਘ ਦੀਨਾ ਨਗਰ (ਗੁਰਦਾਸਪਰ) ਸ਼ਾਮਲ ਹਨ।
ਇਸ ਸੰਕਟ ਦੀ ਘੜੀ ਆਪਣੀ ਸਰਕਾਰ ਵੱਲੋਂ ਦੁਖੀ ਪਰਿਵਾਰਾਂ ਨੂੰ ਪੂਰਾ ਸਮਰਥਣ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰਾਂ ਇਨਾਂ ਪਰਿਵਾਰਾਂ ਦੇ ਨਾਲ ਹਨ।
ਮਾਨਵਤਾ ਵਿਰੁੱਧ ਇਹ ਘਿਨਾਉਣਾ ਅਪਰਾਧ ਕਰਨ ਵਾਲਿਆਂ ਵਿਰੁੱਧ ਸਖਤ ਜਵਾਬੀ ਕਾਰਵਾਈ ਕਰਨ ਲਈ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬਹਾਦਰ ਸਪੂਤਾਂ ਦਾ ਬਲਿਦਾਨ ਅਜਾਈਂ ਨਹੀਂ ਜਾਵੇਗਾ।