ਨਵੀਂ ਦਿੱਲੀ, 4 ਮਾਰਚ 2019 - ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਇੱਕ ਸੀਆਰਪੀਐਫ ਦੇ ਜਵਾਨ ਦੀ ਵਿਧਵਾ ਨੇ ਆਪਣੇ ਸਹੁਰਾ ਪਰਿਵਾਰ 'ਤੇ ਦੋਸ਼ ਲਾਏ ਹਨ ਕਿ ਉਸਦਾ ਸਹੁਰਾ ਪਰਿਵਾਰ ਜ਼ਬਰਨ ਉਸਦੇ ਦਿਉਰ ਨਾਲ ਵਿਆਹ ਕਰਾਉਣ ਲਈ ਮਜਬੂਰ ਕਰ ਰਹੀ ਹੈ ਤਾਂ ਜੋ ਮੁਆਵਜ਼ੇ 'ਚ ਮਿਲਣ ਵਾਲਾ ਪੈਸਾ ਉਨ੍ਹਾਂ ਦੇ ਘਰ 'ਚ ਹੀ ਰਹੇ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੁਲਵਾਮਾ ਹਮਲੇ 'ਚ ਸ਼ਹੀਦੇ ਹੋਏ ਕਰਨਾਟਕਾ ਦੇ ਐਚ.ਗੁਰੂ ਦੀ 20 ਸਾਲਾ ਵਿਧਵਾ ਕਲਾਵਤੀ ਨੇ ਬੁੱਧਵਾਰ ਨੂੰ ਮਾਂਡਿਆ, ਕਰਨਾਟਕਾ ਦੇ ਪੁਲਿਸ ਥਾਣੇ 'ਚ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਕਲਾਵਤੀ ਵੱਲੋਂ ਇਸ ਮਾਮਲੇ 'ਚ ਪੁਲਿਸ ਦੀ ਮਦਦ ਦੀ ਮੰਗ ਕੀਤੀ ਗਈ ਹੈ। ਸ਼ਹੀਦ ਸੀਆਰਪੀਐਫ ਜਵਾਨ ਦੀ ਦੇ ਛੋਟੇ ਭਰਾ ਦੀ ਉਮਰ ਤਕਰੀਬਨ ਉਸਦੀ ਵਿਧਵਾ ਕਲਾਵਤੀ ਦੇ ਹਾਣ ਦੀ ਹੀ ਹੈ।
ਸ਼ਹੀਦ ਐਚ ਗੁਰੂ , ਜੋ ਕਿ 33 ਸਾਲ ਦੀ ਉਮਰ 'ਚ 40 ਸੀਆਰਪੀਐਫ ਜਵਾਨਾਂ ਸਮੇਤ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋ ਗਿਆ ਸੀ। ਜਿਸ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਸ਼ਹੀਦ ਦੇ ਪਰਿਵਾਰ ਲਈ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਸ਼ਹੀਦ ਦੀ ਪਤਨੀ ਕਲਾਵਤੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ। ਉਥੇ ਹੀ ਆਈ.ਟੀ ਕੰਪਨੀ ਇਨਫੋਸਿਸ ਫਾਊਨਡੇਸ਼ਨ ਵੱਲੋਂ ਸ਼ਹੀਦ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਸੀ। ਇੰਨਾ ਹੀ ਨਹੀਂ, ਹੋਰ ਵੀ ਕਈ ਅਦਕਾਰ, ਵਪਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਵੱਡੀ ਰਕਮ ਦੇ ਕੇ ਸਹਾਇਤਾ ਕਰਨ ਬਾਰੇ ਐਲਾਨ ਕੀਤਾ ਸੀ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਫਿਲਹਾਲ ਇਸ ਮਾਮਲੇ 'ਚ ਕੋਈ ਵੀ ਲਿਖਤੀ ਸ਼ਿਕਾਇਤ ਦਰਜ ਨਹੀਂ ਕੀਤੀ ਹੈ ਕਿਉਂ ਕਿ ਇਹ ਉਨ੍ਹਾਂ ਦਾ ਘਰੇਲੂ ਮਾਮਲਾ ਹੈ। ਪੁਲਿਸ ਮੁਤਾਬਕ ਉਹ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਇੰਤਜ਼ਾਰ ਕਰ ਰਹੇ ਹਨ। ਪਰ ਉਨ੍ਹਾਂ ਵੱਲੋਂ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਚੇਤਾਵਨੀ ਜਰੂਰ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਲਿਆ ਤਾਂ ਉਹ ਬਖਸ਼ੇ ਨਹੀਂ ਜਾਣਗੇ।