ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਫਰਵਰੀ 2019 - ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਮਨਿੰਦਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਣ ਲਈ ਵੱਖ-ਵੱਖ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ। ਸ਼ਹੀਦ ਦੇ ਪਿਤਾ ਸਤਪਾਲ ਨੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇ ਕੇ ਅੰਤਿਮ ਵਿਦਾਈ ਦਿੱਤੀ ਅਤੇ ਸ਼ਹੀਦ ਦੇ ਭਰਾ ਲਖਵਿੰਦਰ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨੀ ਵਿਖਾਈ। ਮਿਰਤਕ ਮਨਿੰਦਰ ਨੂੰ ਸੀ.ਆਰ.ਪੀ.ਐਫ ਦੇ ਜਵਾਨਾਂ ਨੇ ‘ਗਾਰਡ ਆਫ਼ ਆਨਰਜ਼’ ਦਿੱਤਾ ਤੇ ਹਵਾ ਵਿਚ ਫਾਇਰ ਕਰਕੇ ਸਲਾਮੀ ਦਿੱਤੀ।
ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਵਿਜੈ ਸਾਂਪਲਾ ਕੇਂਦਰੀ ਰਾਜ ਮੰਤਰੀ, ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ, ਅਮਿੱਤ ਵਿੱਜ ਵਿਧਾਇਕ ਪਠਾਨਕੋਟ, ਡੀ.ਐਲ ਗੋਲਾ ਡੀ.ਆਈ.ਜੀ ਸੀ.ਆਰ.ਪੀ.ਐਫ, ਏ.ਐਸ ਚਾਹਲ ਡੀ.ਆਈ.ਜੀ ਬਾਰਡਰ ਰੇਂਜ ਪੰਜਾਬ ਪੁਲਿਸ, ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਸਕੱਤਰ ਸਿੰਘ ਬਲ ਐਸ.ਡੀ.ਐਮ ਗੁਰਦਾਸਪੁਰ, ਅਸ਼ੋਕ ਚੌਧਰੀ ਸੀਨੀਅਰ ਕਾਂਗਰਸੀ ਆਗੂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਵੱਲੋਂ ਸ਼ਰਧਾਂਜਲੀ (ਰੀਥ) ਦਿੱਤੀ ਗਈ।
ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਦੇਰ ਰਾਤ ਉਸ ਦੇ ਗ੍ਰਹਿ ਆਰੀਆ ਨਗਰ, ਦੀਨਾਨਗਰ ਵਿਖੇ ਪਹੁੰਚੀ ਤੇ ਸਵੇਰੇ 11-30 ਵਜੇ ਦੇ ਕਰੀਬ ਸ਼ਹੀਦ ਦੇ ਮ੍ਰਿਤਕ ਸਰੀਰ ਨੂੰ ਹਜ਼ਾਰਾਂ ਲੋਕਾਂ ਵੱਲੋਂ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ ਤੇ ਸ਼ਹੀਦ ਦੀ ਮ੍ਰਿਤਕ ਦੇਹ ਨਾਲ ਲੋਕਾਂ ਵੱਲੋਂ ਸ਼ਹਿਰ ਅੰਦਰ ਰੋਡ ਮਾਰਚ ਕੀਤਾ ਗਿਆ। ਸਾਰੇ ਸ਼ਹਿਰ ਅੰਦਰ ਸ਼ਹੀਦ ਮਨਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਗੂੰਜੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਜੰਮੂ-ਕਸ਼ਮੀਰ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਸ਼ਹੀਦ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਿਪਟਿਆ ਜਾਵੇਗਾ ਤੇ ਅੱਤਵਾਦ ਨੂੰ ਜੜ ਤੋਂ ਖ਼ਤਮ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਦੌਰਾਨ ਕੈਬਨਿਟ ਵਜ਼ੀਰ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਖੜੀ ਹੈ ਤੇ ਸ਼ਹੀਦ ਦੇ ਪਰਿਵਾਰ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਜਵਾਨਾਂ ਲਈ 12 ਲੱਖ ਰੁਪਏ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਤੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸਰਵ ਸਤਬੀਰ ਸਿੰਘ ਵੜੈਚ ਡਿਪਟੀ ਡਾਇਰੈਕਟਰ ਸੈਨਿਕ ਵੈੱਲਫੇਅਰ, ਕੁੰਵਰ ਰਵਿੰਦਰ ਸਿੰਘ ਵਿੱਕੀ, ਵਰਿੰਦਰ ਸਿੰਘ ਐਸ.ਪੀ ਹੈੱਡਕੁਆਟਰ, ਪਲਵਿੰਦਰ ਸਿੰਘ ਲੰਬੜਦਾਰ ਵੀ ਮੌਜੂਦ ਸਨ।