ਹਰਦਮ ਮਾਨ
ਸਰੀ, 13 ਅਕਤੂਬਰ 2019 - ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਸਮਾਂ ਜਿਉਂ ਜਿਉਂ ਨਜ਼ਦੀਕ ਖਿਸਕਦਾ ਜਾ ਰਿਹਾ ਹੈ, ਤਿਉਂ ਤਿਉਂ ਚੋਣ ਲੜ ਰਹੇ ਉਮੀਦਵਾਰਾਂ ਅਤੇ ਵੱਖ ਵੱਖ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਦੀਆਂ ਸਰਗਰਮੀਆਂ ਸਿਖਰਾਂ ਛੋਹ ਰਹੀਆਂ ਹਨ। ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਦੀਆਂ ਦੋ ਡੀਬੈਟਸ ਹੋ ਚੁੱਕੀਆਂ ਹਨ, ਪਹਿਲੀ ਡੀਬੇਟ ਅੰਗਰੇਜ਼ੀ ਵਿਚ ਸੀ ਅਤੇ ਦੂਜੀ ਫਰੈਂਚ ਵਿਚ। ਇਨ੍ਹਾਂ ਦੋਹਾਂ ਡੀਬੇਟਸ ਵਿਚ ਛੇ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਇਕ ਦੂਜੇ ਦੀ ਤਿੱਖੀ ਆਲੋਚਨਾ ਕਰਕੇ ਅਤੇ ਲੋਕ ਸਹੂਲਤਾਂ, ਕੈਨੇਡਾ ਦੀ ਆਰਥਿਕਤਾ, ਵਾਤਾਵਰਣ, ਘਰਾਂ ਦੀ ਪਹੁੰਚ, ਮੈਡੀਕਲ ਸਹੂਲਤਾਂ ਦਾ ਪ੍ਰਤੀ ਆਪੋ ਆਪਣੇ ਪ੍ਰੋਗਰਾਮ ਦੱਸ ਕੇ ਵੋਟਰਾਂ ਨੂੰ ਭਰਮਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਹਨ।
ਸਰੀ ਸ਼ਹਿਰ ਵਿਚ ਵੀ ਚੋਣ ਸਰਗਰਮੀਆਂ ਪੂਰੇ ਜ਼ੋਰਾਂ ਤੇ ਹਨ। ਲੋਕਾਂ ਵੱਲੋਂ ਆਪਣੇ ਘਰਾਂ ਵਿਚ ਆਪੋ ਆਪਣੇ ਚਹੇਤੇ ਉਮੀਦਵਾਰਾਂ ਦੇ ਰੰਗ ਬਿਰੰਗੇ ਬੋਰਡ ਅਤੇ ਸਾਈਨ ਲਾ ਕੇ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਹ ਰੁਝਾਨ ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਘਰਾਂ ਦੇ ਬਾਹਰ ਮੁੱਖ ਰੂਪ ਵਿਚ ਦੇਖਿਆ ਜਾ ਸਕਦਾ ਹੈ। ਸਰੀ ਸਿਟੀ ਵੱਲੋਂ ਪਬਲਿਕ ਥਾਂਵਾਂ ਤੇ ਚੋਣਾਂ ਸਬੰਧੀ ਕੋਈ ਵੀ ਪੋਸਟਰ, ਬੋਰਡ ਆਦਿ ਲਾਉਣ ਦੀ ਕੀਤੀ ਸਖਤ ਮਨਾਹੀ ਕਰਕੇ ਅਜਿਹੀ ਪ੍ਰਚਾਰਕ ਸਮੱਗਰੀ ਲਈ ਲੋਕਾਂ ਵੱਲੋਂ ਪ੍ਰਾਈਵੇਟ ਸਥਾਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁੱਖ ਗਲੀਆਂ ਤਾਂ ਨੀਲੇ, ਲਾਲ ਰੰਗਾਂ ਨਾਲ ਰੰਗੀਆਂ ਦਿਖਾਈ ਦਿੰਦਿਆਂ ਹਨ।
ਇਸ ਸ਼ਹਿਰ ਦੀਆਂ ਦੋ ਸੀਟਾਂ ਸਰੀ ਨਿਊਟਨ ਅਤੇ ਸਰੀ ਸੈਂਟਰ ਉਪਰ ਮੁੱਖ ਮੁਕਾਬਲਾ ਪੰਜਾਬੀ ਉਮੀਦਵਾਰਾਂ ਵਿਚ ਹੋਣ ਕਾਰਨ ਇਹ ਦੋਵੇਂ ਹਲਕੇ ਪੰਜਾਬੀਆਂ ਲਈ ਵਧੇਰੇ ਦਿਲਚਸਪੀ ਅਤੇ ਜ਼ੋਰ ਅਜਮਾਈ ਦਾ ਅਖਾੜਾ ਬਣੇ ਹੋਏ ਹਨ। ਸਰੀ ਨਿਊਟਨ ਹਲਕੇ ਵਿਚ ਮੁੱਖ ਮੁਕਾਬਲਾ ਤਿੰਨ ਵਾਰ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਲਿਬਰਲ ਪਾਰਟੀ ਦੇ ਉਮੀਦਵਾਰ ਸੁਖ ਧਾਲੀਵਾਲ, ਕਨਸਰਵੇਟਿਵ ਪਾਰਟੀ ਦੇ ਹਰਪ੍ਰੀਤ ਸਿੰਘ ਅਤੇ ਐਨ.ਡੀ.ਪੀ. ਦੇ ਹਰਜੀਤ ਸਿੰਘ ਗਿੱਲ ਵਿਚਕਾਰ ਹੈ। ਸੁਖ ਧਾਲੀਵਾਲ ਇਸ ਹਲਕੇ ਵਿਚ ਆਪਣੀ ਪਾਰਟੀ ਵੱਲੋਂ ਕੀਤੇ ਕਾਰਜਾਂ, ਪ੍ਰਾਪਤੀਆਂ ਦੀ ਬਦੌਲਤ ਆਪਣਾ ਪੱਖ ਲੋਕਾਂ ਵਿਚ ਰੱਖ ਰਹੇ ਹਨ, ਹਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਗਿੱਲ ਵੱਲੋਂ ਇਸ ਹਲਕੇ ਵਿਚ ਨਸ਼ਿਆਂ ਅਤੇ ਗੈਂਗਵਾਰ ਦੀ ਪ੍ਰਮੁੱਖ ਸਮੱਸਿਆ ਪ੍ਰਤੀ ਲਿਬਰਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸਿਹਤ ਅਤੇ ਵਿਦਿਆ ਦੀਆਂ ਸਹੂਲਤਾਂ ਨੂੰ ਵੱਡੇ ਲੋਕਾਂ ਤੀਕ ਸੀਮਤ ਕਰ ਦੇਣ ਲਈ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਹ ਤਿੰਨੇ ਉਮੀਦਵਾਰ ਅਤੇ ਉਨ੍ਹਾਂ ਦੇ ਸਮੱਰਥਕ ਪਿਛਲੇ ਲੱਗਭੱਗ ਇਕ ਮਹੀਨੇ ਤੋਂ ਹਰ ਰੋਜ਼ ਸੈਂਕੜੇ ਘਰਾਂ ਦੇ ਦਰ ਖੜਕਾ ਕੇ ਲੋਕਾਂ ਨੂੰ ਆਪਣਾ ਪ੍ਰੋਗਰਾਮ ਦੱਸਣ ਅਤੇ ਆਪਣੇ ਹੱਕ ਵਿੱਚ ਭੁਗਤਾਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਲੱਗੇ ਹੋਏ ਹਨ। ਇਨ੍ਹਾਂ ਉਮੀਦਵਾਰਾਂ ਦੇ ਚੋਣ ਦਫਤਰਾਂ ਵਿਚ ਸ਼ਾਮ ਵੇਲੇ ਰੌਣਕ ਵੀ ਦੇਖਣ ਵਾਲੀ ਹੁੰਦੀ ਹੈ। ਸਰੀ ਸੈਂਟਰ ਹਲਕੇ ਵਿਚ ਲਿਬਰਲ ਪਾਰਟੀ ਦੇ ਮੌਜੂਦਾ ਐਮ.ਪੀ. ਰਣਦੀਪ ਸਿੰਘ ਸਰਾਏ, ਕਨਸਰਵੇਟਿਵ ਪਾਰਟੀ ਦੀ ਟੀਨਾ ਬੈਂਸ, ਐਨ.ਡੀ.ਪੀ. ਦੇ ਸਰਜੀਤ ਸਿੰਘ ਸਰਾਂ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਜਸਵਿੰਦਰ ਸਿੰਘ ਦਿਲਾਵਰੀ ਮੈਦਾਨ ਵਿਚ ਹਨ। ਇਹ ਉਮੀਦਵਾਰ ਸਥਾਨਕ ਮੁੱਦਿਆਂ ਤੋਂ ਇਲਾਵਾ ਦੇਸ਼ ਦੀ ਵਿਦੇਸ਼ੀ ਪਾਲਿਸੀ, ਸਰੀ ਸ਼ਹਿਰ ਦੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਚੋਣ ਮੁਹਿੰਮ ਵਿਚ ਲਿਆ ਕੇ ਇਕ ਦੂਜੇ ਦੀ ਆਲੋਚਨਾ ਕਰ ਰਹੇ ਹਨ ਅਤੇ ਦਿਲਕਸ਼ ਵਾਅਦਿਆਂ ਨਾਲ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ।
ਚੋਣ ਮੁਹਿੰਮ ਦੌਰਾਨ ਤਿੰਨਾਂ ਪ੍ਰਮੁੱਖ ਪਾਰਟੀਆਂ ਦੇ ਪ੍ਰਧਾਨ ਜਿਨ੍ਹਾਂ ਵਿਚ ਲਿਬਰਲ ਪਾਰਟੀ ਦੇ ਪ੍ਰਧਾਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕਨਸਰਵੇਟਿਵ ਪਾਰਟੀ ਦੇ ਪ੍ਰਧਾਨ ਐਂਡਰਿਊ ਸ਼ੀਵਰ ਅਤੇ ਨਿਊ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੋ ਦੋ ਵਾਰ ਸਰੀ ਸ਼ਹਿਰ ਅਤੇ ਆਸ ਪਾਸ ਦੇ ਸ਼ਹਿਰਾਂ ਵਿਚ ਪਬਲਿਕ ਮੀਟਿੰਗਾਂ ਕਰ ਚੁੱਕੇ ਹਨ। ਲਿਬਰਲ ਆਗੂ ਜਸਟਿਨ ਟਰੂਡੋ ਅਤੇ ਕਨਸਰਵੇਟਿਵ ਆਗੂ ਐਂਡਰਿਊ ਸ਼ੀਵਰ ਨੇ ਅੱਜ ਵੀ ਇਸ ਇਲਾਕੇ ਵਿਚ ਵੱਖ ਵੱਖ ਹਲਕਿਆਂ ਵਿਚ ਲੋਕ ਮੀਟਿੰਗਾਂ ਕੀਤੀਆਂ ਜਦੋਂ ਕਿ ਐਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ 13 ਅਕਤੂਬਰ ਨੂੰ ਸਰੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਆਪਣੀ ਪਾਰਟੀ ਦੀ ਸ਼ਕਤੀ ਦਾ ਪ੍ਰਗਟਾਵਾ ਕਰਨ ਲਈ ਆ ਰਹੇ ਹਨ।
ਇਸੇ ਦੌਰਾਨ (11 ਅਕਤੂਬਰ) ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ ਜੋ 14 ਅਕਤੂਬਰ ਤੱਕ ਜਾਰੀ ਰਹੇਗੀ। ਇਨ੍ਹਾ ਚਾਰ ਦਿਨਾਂ ਵਿਚ ਵੋਟਰ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸਾਰੀਆਂ ਪਾਰਟੀਆਂ ਦਾ ਜ਼ੋਰ ਐਡਵਾਂਸ ਪੋਲਿੰਗ ਕਰਵਾਉਣ ਤੇ ਲੱਗਿਆ ਹੋਇਆ ਹੈ ਕਿਉਂਕਿ ਪਿਛਲੀਆਂ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਐਡਵਾਂਸ ਪੋਲਿੰਗ ਵਧੇਰੇ ਕਰਵਾ ਸਕਣ ਵਾਲੇ ਉਮੀਦਵਾਰਾਂ ਨੇ ਹੀ ਜਿੱਤ ਦਾ ਸਿਹਰਾ ਆਪਣੇ ਸਿਰ ਸਜਾਇਆ ਸੀ। ਐਡਵਾਂਸ ਪੋਲਿੰਗ ਵਿਚ ਕੋਣ ਬਾਜ਼ੀ ਮਾਰਦਾ ਹੈ, ਇਹ ਤਾਂ ਅਗਲੇ 4 ਦਿਨਾਂ ਵਿਚ ਸਾਹਮਣੇ ਆ ਜਾਵੇਗਾ।