ਹਰਦਮ ਮਾਨ
ਸਰੀ, 17 ਅਕਤੂਬਰ, 2019 : ਪਿਛਲੇ ਚਾਰ ਦਿਨਾਂ ਦੌਰਾਨ ਕੈਨੇਡਾ ਭਰ ਵਿੱਚ ਹੋਈ ਐਡਵਾਂਸ ਪੋਲਿੰਗ ਦੌਰਾਨ ਅੰਦਾਜ਼ਨ 4.7 ਮਿਲੀਅਨ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਲੈਕਸ਼ਨਜ਼ ਕੈਨੇਡਾ ਦੀ ਰਿਪੋਰਟ ਅਨੁਸਾਰ ਇਹ ਅੰਕੜਾ ਸਾਲ 2015 ਦੀ ਐਡਵਾਂਸ ਪੋਲਿੰਗ ਸਮੇਂ ਪਈਆਂ ਵੋਟਾਂ ਦੀ ਗਿਣਤੀ ਨਾਲੋਂ ਕਾਫ਼ੀ ਅਰਥਾਤ 29 ਪ੍ਰਤੀਸ਼ਤ ਵੱਧ ਹੈ। 11 ਤੋਂ 14 ਅਕਤੂਬਰ 2019 ਦੌਰਾਨ ਚਾਰ ਦਿਨਾਂ ਵਿਚ 3,657,415 ਵੋਟਰਾਂ ਨੇ ਆਪਣੇ ਮਨਪਸੰਦ ਉਮੀਦਵਾਰਾਂ ਦੇ ਨਾਮ ਅੱਗੇ “ਐਕਸ” ਪਾਇਆ। ਪੋਲ ਹੋਈਆਂ ਇਨ੍ਹਾਂ ਵੋਟਾਂ ਵਿਚ ਕੈਂਪਸ ਦੇ ਪੋਲਿੰਗ ਸਟੇਸ਼ਨਾਂ 'ਤੇ ਪਈਆਂ ਵੋਟਾਂ ਅਤੇ ਇਲੈਕਸ਼ਨਜ਼ ਕੈਨੇਡਾ ਦੇ ਸਥਾਨਕ ਰਿਟਰਨਿੰਗ ਦਫਤਰਾਂ ਵਿੱਚ ਐਡਵਾਂਸ ਪੋਲ ਦੀ ਮਿਆਦ ਤੋਂ ਬਾਅਦ ਪਈਆਂ ਵੋਟਾਂ ਸ਼ਾਮਲ ਨਹੀਂ ਹਨ। ਅੰਦਾਜ਼ਨ 111,300 ਵੋਟਰਾਂ ਨੇ ਪਿਛਲੇ ਹਫ਼ਤੇ ਕਾਲਜ ਅਤੇ ਯੂਨੀਵਰਸਿਟੀ ਦੇ ਕੈਂਪਸ ਸਟੇਸ਼ਨਾਂ 'ਤੇ ਵੋਟਿੰਗ ਕੀਤੀ ਜਦੋਂ ਕਿ 2015 ਦੀਆਂ ਚੋਣਾਂ ਵਿਚ 70,000 ਜਿਨ੍ਹਾਂ ਨੇ ਅਜਿਹਾ ਕੀਤਾ ਸੀ। ਰਿਪੋਰਟ ਮੁਤਾਬਿਕ ਇਸ ਵਾਰ 6,135 ਪੋਲਿੰਗ ਸਥਾਨ ਸਨ ਜੋ 11 ਅਕਤੂਬਰ ਤੋਂ ਅਕਤੂਬਰ 14, 2019 ਤੱਕ ਖੁੱਲ੍ਹੇ ਸਨ, 2015 ਵਿਚ ਅਜਿਹੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 4,946 ਸੀ।