ਕੈਨੇਡਾ ਚੋਣਾਂ
ਸਪੱਸ਼ਟ ਬਹੁਮਤ ਨਾ ਆਉਣ ਤੇ ਐਨ ਡੀ ਪੀ, ਕੰਜ਼ਰਵੇਟਿਵ ਪਾਰਟੀ ਦਾ ਵਿਰੋਧ ਕਰੇਗੀ,
ਦੂਜੀਆਂ ਪਾਰਟੀਆਂ ਨਾਲ ਮਿਲ ਕੇ ਗੱਠਜੋੜ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ-ਜਗਮੀਤ ਸਿੰਘ
ਹਰਦਮ ਮਾਨ
ਸਰੀ, 14 ਅਕਤੂਬਰ-ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇ ਕੰਜ਼ਰਵੇਟਿਵ ਪਾਰਟੀ ਚੋਣਾਂ ਵਿਚ ਸਭ ਤੋਂ ਵੱਧ ਸੀਟਾਂ ਜਿੱਤ ਜਾਂਦੀ ਹੈ, ਪਰ ਉਹ ਬਹੁਮਤ ਹਾਸਲ ਕਰਨ ਵਿਚ ਸਫਲ ਨਹੀਂ ਹੁੰਦੀ ਤਾਂ ਉਹ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਗੱਠਜੋੜ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ।
ਐਤਵਾਰ ਨੂੰ ਇੱਥੇ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਣੇ ਹੋਰਨਾਂ ਪਾਰਟੀਆਂ ਨਾਲ ਕੰਮ ਕਰਨਗੇ ਤਾਂ ਜਗਮੀਤ ਸਿੰਘ ਨੇ ਜਵਾਬ ਦਿੱਤਾ: "ਬਿਲਕੁਲ, ਕਿਉਂਕਿ ਅਸੀਂ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਿਸੇ ਵੀ ਹਾਲਤ ਵਿਚ ਨਹੀਂ ਕਰਾਂਗੇ।" ਐਨ.ਡੀ.ਪੀ. ਆਗੂ ਨੇ ਸਰੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਆਪਣੇ ਸਮਰਥਕਾਂ ਦੀ ਭਰਵੀਂ ਰੈਲੀ ਵਿੱਚ ਕਿਹਾ, “ਅਸੀਂ ਇੱਕ ਕੰਜ਼ਰਵੇਟਿਵ ਸਰਕਾਰ ਦੇ ਗਠਨ ਵਿਰੁੱਧ ਲੜਾਈ ਲੜ ਰਹੇ ਹਾਂ ਅਤੇ ਹਰ ਹੀਲੇ ਇਸ ਦਾ ਵਿਰੋਧ ਕਰਾਂਗੇ।”
ਥੈਂਕਸਗਿਵਿੰਗ ਵੀਕੈਂਡ ਦੇ ਦੌਰਾਨ ਪ੍ਰਚਾਰ ਕਰਦਿਆਂ, ਸਿੰਘ ਨੇ ਵੋਟਰਾਂ ਨੂੰ ਸੰਸਦ ਵਿੱਚ ਐਨਡੀਪੀ ਦੇ ਵੱਧ ਤੋਂ ਵੱਧ ਉਮੀਦਵਾਰਾਂ ਦੀ ਚੋਣ ਕਰਨ ਦੀ ਅਪੀਲ ਕੀਤੀ ਤਾਂ ਜੋ ਇੱਕ ਅਗਾਂਹਵਧੂ ਨੀਤੀਆਂ ਵਾਲੀਆਂ ਸਰਕਾਰ ਕਾਇਮ ਕੀਤੀ ਜਾ ਸਕੇ ਜਿਸ ਰਾਹੀਂ ਸਿਹਤ ਸੰਭਾਲ ਅਤੇ ਵਾਤਾਵਰਣ ਦੀ ਸੁਰੱਖਿਆ ਮਸਲਿਆਂ ਨੂੰ ਪਹਿਲ ਦਿੱਤੀ ਜਾ ਸਕੇ। ਉਨ੍ਹਾਂ ਕਿਹਾ, “ਜੇ ਅਸੀਂ ਵਾਤਾਵਰਣ ਦੇ ਸੰਕਟ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਮੋਹਰੀ ਬਣਾਂਗੇ ਤਾਂ ਹੀ ਸਾਡੇ ਨੌਜਵਾਨ ਚੰਗੇ ਭਵਿੱਖ ਦੀ ਉਮੀਦ ਕਰ ਸਕਦੇ ਹਨ, ਤਾਂ ਹੀ ਅਸੀਂ ਆਪਣੇ ਖੂਬਸੂਰਤ ਤੱਟ ਨੂੰ ਤੇਲ ਦੇ ਡਿੱਗਣ ਦੇ ਖਤਰੇ ਤੋਂ ਬਚਾ ਸਕਾਂਗੇ।“
ਐਨ ਡੀ ਪੀ ਆਗੂ ਨੇ ਕਿਹਾ ਕਿ ਘੱਟ ਗਿਣਤੀ ਸੰਸਦ ਦੀ ਸੂਰਤ ਵਿੱਚ ਕਿਸੇ ਹੋਰ ਪਾਰਟੀ ਦੀ ਹਮਾਇਤ ਕਰਨ ਬਦਲੇ ਉਨ੍ਹਾਂ ਦੀ ਪਾਰਟੀ ਦੀਆਂ ਛੇ ਪਹਿਲਕਦਮੀਆਂ ਹੋਣਗੀਆਂ ਜਿਹਨਾਂ ਵਿਚ ਇਕ ਰਾਸ਼ਟਰੀ ਸਿੰਗਲ ਪੇਅਰ ਯੂਨੀਵਰਸਲ ਸਿਹਤ ਯੋਜਨਾ ਅਤੇ ਇਕ ਰਾਸ਼ਟਰੀ ਦੰਦ-ਸੰਭਾਲ ਯੋਜਨਾ, ਕਫਾਇਤੀ ਰਿਹਾਇਸੀ ਘਰਾਂ ਵਿੱਚ ਨਿਵੇਸ਼, ਵਿਦਿਆਰਥੀ ਦੇ ਕਰਜ਼ੇ 'ਤੇ ਵਿਆਜ ਮੁਆਫ ਕਰਨ ਦੀ ਯੋਜਨਾ, ਨਿਕਾਸ ਨੂੰ ਘਟਾਉਣ,ਤੇਲ ਕੰਪਨੀਆਂ ਲਈ ਸਬਸਿਡੀਆਂ ਖ਼ਤਮ ਕਰਨ ਅਤੇ ਜੈਵਿਕ ਬਾਲਣ ਉਦਯੋਗਾਂ ਤੋਂ ਬਾਹਰ ਲਿਜਾਣ ਲਈ ਤੇਲਪੈਚ ਵਰਕਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ, ਇਕ ਸੁਪਰ ਇਨਕਮ ਟੈਕਸ ਦੀ ਸ਼ੁਰੂਆਤ ਤੇ ਟੈਕਸ ਦੀਆਂ ਖਾਮੀਆਂ ਨੂੰ ਬੰਦ ਕਰਨ ਦੀ ਵਚਨਬੱਧਤਾ ਅਤੇ ਸੈਲਫੋਨ ਬਿਲਾਂ ਨੂੰ ਘਟਾਉਣਾ ਸ਼ਾਮਲ ਹੋਵੇਗਾ।
ਸ੍ਰੀ ਸਿੰਘ ਨੇ ਕਿਹਾ ਕਿ ਟਰੂਡੋ ਸਰਕਾਰ ਵੱਡੀਆਂ ਫਰਮਾਂ, ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਲਈ ਕੰਮ ਕਰਦੀ ਹੈ ਜਿਨ੍ਹਾਂ ਨੂੰ ਹੁਣੇ ਹੀ ਇਕ ਹੋਰ 14 ਅਰਬ ਡਾਲਰ ਦਾ ਟੈਕਸ ਬ੍ਰੇਕ ਮਿਲਿਆ ਹੈ। ਇਹ ਸਰਕਾਰ ਆਮ ਲੋਕਾਂ ਲਈ ਕੰਮ ਨਹੀਂ ਕਰਦੀ ਜਿਹਨਾਂ ਨੂੰ ਰਹਿਣ ਲਈ ਆਪਣੇ ਘਰ ਦੀ ਤਲਾਸ਼ ਹੈ ਜੋ ਉਨ੍ਹਾਂ ਦੀ ਪਹੁੰਚ ਵਿਚ ਹੋਵੇ। ਉਨ੍ਹਾਂ ਕਿਹਾ ਕਿ ਮੈਂ ਜਸਟਿਨ ਟਰੂਡੋ ਵਾਂਗ ਬਹੁਤ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਲਈ ਨਹੀਂ ਸਗੋਂ ਆਮ ਲੋਕਾਂ ਲਈ ਕੰਮ ਕਰਾਂਗਾ।
ਇਸ ਰੈਲੀ ਵਿਚ ਲੋਕ ਬੜੇ ੳਤਸ਼ਾਹ ਨਾਲ ਪੁੱਜੇ ਹੋਏ ਸਨ ਅਤੇ ਆਪਣੇ ਨੇਤਾ ਦੇ ਹੱਕ ਵਿਚ ਨਾਅਰੇਬਾਜ਼ੀ ਕਰ ਕੇ ਉਸ ਦੀਆਂ ਨੀਤੀਆਂ ਦਾ ਸਮੱਰਥਨ ਕਰ ਰਹੇ ਸਨ। ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸਰੀ ਨਿਊਟਨ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ, ਸਰੀ ਸੈਂਟਰ ਦੇ ਸਰਜੀਤ ਸਿੰਘ ਸਰਾਂ, ਸਰੀ ਸਾਊਥ ਦੇ ਸਟੀਫਨ ਕਰੋਜ਼ੀਅਰ, ਸਰੀ ਫਲੀਟਵੁੱਡ ਦੇ ਐਨੀ ਓਹਾਨਾ, ਡੈਲਟਾ ਦੇ ਰੈਂਡੀ ਐਂਡਰਸਨ, ਬਰਨਬੀ ਨਾਰਥ ਦੇ ਸਵੇਂਡ ਰੋਬਿਨਸਨ, ਕਲੋਵਰਡੇਲ ਲੈਂਗਲੀ ਸਿਟੀ ਦੇ ਰਾਏ ਬਨਵਾਰੀ, ਐਬਟਸਫੋਰਡ ਦੀ ਮੈਡੀਲੀਨ ਸੋਵ, ਸੈਟਰਲ ਓਕਨਆਗਨ ਦੀ ਜੋਆਨ ਫਿਲਿਪ ਹਾਜਰ ਸਨ।