ਅੰਮ੍ਰਿਤਸਰ, 01 ਅਗਸਤ 2020: ਘਟੀਆ ਸ਼ਰਾਬ ਪੀ ਕੇ ਚਾਲੀ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਜਾਣੀ ਸਮੇਂ ਦੀਆਂ ਸਰਕਾਰਾਂ ਲਈ ਬਹੁਤ ਸ਼ਰਮਸ਼ਾਰ ਹੋਣ ਵਾਲੀ ਖਬਰ ਹੈ।ਉਨ੍ਹਾਂ ਹੋਈਆਂ ਮੌਤਾਂ ਤੇ ਗਹਿਰੇ ਦੁਖ ਤੇ ਗਮ ਪ੍ਰਗਟਾਇਆ ਹੈ।ਜਿਹੜੀ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਦੀ ਹੈ ਉਸ ਦੇ ਰਾਜਕਾਲ ਵਿੱਚ ਅਜਿਹੀਆਂ ਵੱਡੀ ਪੱਧਰ ਤੇ ਮੌਤਾਂ ਹੋ ਗਈਆਂ ਹੋਣ ਅਤੇ ਗੈਰ ਕਾਨੂੰਨੀ ਨਸ਼ੇ ਰੋਕਣ ਲਈ ਕੋਈ ਠੋਸ ਉਪਰਾਲੇ ਨਾ ਹੋਵੇ ਉਹ ਸਰਕਾਰਾਂ ਲੋਕ ਹਿਤ ਵਿਚ ਕੰਮ ਕਰਨ ਵਾਲੀਆਂ ਨਹੀਂ ਅਖਵਾ ਸਕਦੀਆਂ।ਇਹ ਵਿਚਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪ੍ਰਗਟਾਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੈਰ ਕਾਨੂੰਨੀ ਸ਼ਰਾਬ ਕੱਢਣ ਤੇ ਵਿਕਣ ਦਾ ਰਿਕਾਰਡ ਰੋਜ਼ ਅਖਬਾਰਾਂ ਵਿਚ ਨਸ਼ਰ ਹੋ ਰਿਹਾ ਹੈ।ਤਰਨਤਾਰਨ, ਬਟਾਲਾ, ਅੰਮ੍ਰਿਤਸਰ ਦੇ ਖੇਤਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ 43 ਵਿਅਕਤੀ ਮਰ ਗਏ ਹਨ ਅਤੇ ਦਰਜਨ ਤੋਂ ਵੱਧ ਦੀ ਹਾਲਤ ਚਿੰਤਾਜਨਕ ਹੈ, ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਅੰਦਰ ਜਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਿਚ ਤਾਮਿਲਨਾਡੂ, ਕਰਨਾਟਕ, ਬੰਗਾਲ ਪੰਜਾਬ ਮੂਹਰੀ ਹਨ।ਉਨ੍ਹਾਂ ਕਿਹਾ ਕਿ ਰਾਜ ਨੇਤਾ ਨਾ ਸੁਨਣ ਤੇ ਨਾ ਸਹਿਣ ਯੋਗ ਫੜਾ ਮਾਰ ਰਹੇ ਹਨ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਸਤੀ ਤੇ ਜਹਿਰੀਲੀ ਸ਼ਰਾਬ ਦੇ ਸੇਵਨ ਨਾਲ ਪਿਛਲੇ ਕੁਝ ਸਾਲਾਂ ਵਿਚ 11830 ਲੋਕਾਂ ਦੀ ਮੌਤ ਹੋਈ ਜਿਨਾਂ ਵਿਚ 9000 ਮਰਦ ਤੇ ਬਾਕੀ ਔਰਤਾਂ ਹਨ।ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਮਹੱਲਾ ਜੱਸੇਵਾਲਾ, ਅੰਮ੍ਰਿਤਸਰ ਦੇ ਪਿੰਡ ਮੁੱਛਲ ਅਤੇ ਟਾਗਰਾ ਪਿੰਡ ਸਮੇਤ ਕੁਲ 34 ਵਿਅਕਤੀਆਂ, ਬਟਾਲਾ ਦੇ ਹਾਥੀ ਗੇਟ 7 ਵਿਅਕਤੀਆਂ ਦੀ ਮੌਤ ਹੋਈ ਹੈ।ਉਨ੍ਹਾਂ ਰੋਸ ਵਿਚ ਕਿਹਾ ਕਿ ਕਾਹਦੀਆਂ ਪੜਤਾਲਾਂ ਹੋ ਰਹੀਆਂ। ਆਏ ਦਿਨ ਵੱਡੀ ਪੱਧਰ ਤੇ ਨਜਾਇਜ ਸ਼ਰਾਬ ਬਨਾਉਣ ਵਾਲੀਆਂ ਫੈਕਟਰੀਆਂ ਤੇ ਪੇਂਡੂ ਕੱਢੀ ਜਾ ਰਹੀ ਕੱਚੀ ਸ਼ਰਾਬ ਦੀਆਂ ਭੱਠੀਆਂ ਤੇ ਖਾਲੀ ਬਰਤਨ ਫੜੇ ਜਾ ਰਹੇ ਹਨ।ਰੋਕ ਕਿਉਂ ਨਹੀ ਲੱਗ ਰਹੀ। ਉਜੜ ਗਏ ਘਰਾਂ ਵਿੱਚ ਮੁੜ ਦੀਵੇ ਕਿਸ ਜਗਾਉਣੇ ਹਨ।ਸਰਕਾਰਾਂ ਨੂੰ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਤੇ ਪੜਤਾਲਾਂ ਨੂੰ ਛੱਡ ਕੇ ਸਖਤੀ ਨਾਲ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ।
ਪਬਜੀ ਗੇਮ ਐਪ ਤੇ ਤੁਰੰਤ ਪਾਬੰਦੀ ਲੱਗੇ
ਬਾਬਾ ਬਲਬੀਰ ਸਿੰਘ ਨੇ ਪਬਜੀ ਗੇਮ ਐਪ ਤੇ ਤੁਰੰਤ ਪਾਬੰਦੀ ਦੀ ਮੰਗ ਕਰਦਿਆਂ ਕਿਹਾ ਖਤਰਨਾਕ ਆਨਲਾਇਨ ਗੇਮ ਪਬਜੀ ਵੱਡੀ ਗਿਣਤੀ ਵਿੱਚ ਨੌਜਵਾਨ ਖੇਡ ਰਹੇ ਹਨ।ਇਹ ਗੇਮ ਨੌਜਵਾਨਾਂ ਦੇ ਸੁਭਾਅ ਵਿਚ ਵੱਡੀ ਤਬਦੀਲੀ ਲਿਆ ਰਹੀ ਹੈ ਤੇ ਉਹ ਚਿੜਚੜੇ ਤੇ ਗੁਸੇਖੋਰੇ ਇਕੱਲਪੁਣੇ ਦੇ ਆਦੀ ਹੋ ਰਹੇ ਹਨ।ਪਬਜੀ ਖੇਡਣ ਤੋਂ ਰੋਕੇ ਜਾਣ ਕਾਰਨ ਕਈ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਹੈ ਜੋ ਬਹੁਤ ਦੁਖਦਾਈ ਮੰਦਭਾਗੀ ਤੇ ਚਿੰਤਾ ਵਾਲੀ ਗੱਲ ਹੈ।ਇਸ ਗੇਮ ਐਪ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਈ ਬੱਚੇ ਪਬਜੀ ਖੇਡਦੇ ਸਮੇਂ ਆਪਣੇ ਮਾਪਿਆਂ ਦੇ ਅਕਾਊਟ ਵਿੱਚੋ ਲੱਖਾਂ ਰੁਪਏ ਖਰਚ ਕਰੀ ਜਾ ਰਹੇ ਹਨ।ਪਿਛਲੇ ਸਾਲ ਦੌਰਾਨ ਦੇਸ਼ ਵਿਚ 40 ਤੋਂ ਵੱਧ ਨੌਜਵਾਨ ਮੌਤ ਦੇ ਮੂੰਹ ਜਾ ਪਏ ਹਨ।ਇਹ ਐਪ ਵੀ ਬਲਿਉ ਵੇਲ ਗੇਮ ਵਾਂਗ ਅਤਿ ਖਤਰਨਾਕ ਹੈ।ਆਨਲਾਈਨ ਇਹ ਗੇਮ ਐਪਸ ਨੌਜਵਾਨਾਂ ਨੂੰ ਮੌਤ ਦੇ ਘਾਟ ਵੱਲ ਧਕੇਲ ਰਹੀਆਂ ਹਨ।ਕਰੋਨਾ ਦੀ ਮਹਾਂਮਾਰੀ ਲਾਕਡਾਊਨ ਸਮੇਂ ਦੌਰਾਨ ਇਸ ਗੇਮ ਦਾ ਵੱਡੀ ਪੱਧਰ ਤੇ ਇਜਾਫਾ ਹੋਇਆ ਹੈ।ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ ਇਸ ਤੇ ਤੁਰੰਤ ਪਾਬੰਦੀ ਲਗਣੀ ਚਾਹੀਦੀ ਹੈ।