ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਮਰੇ ਦੇ ਬਾਹਰ ਮਿ੍ਰਤਕਾਂ ਦੀ ਲਾਸ਼ਾਂ ਲੈਣ ਖੜੇ ਉਨਾਂ ਦੇ ਪਰਿਵਾਰਕ ਮੈਂਬਰ
ਜ਼ਿਲੇ ਵਿਚ ਦੁਪਿਹਰ ਤੱਕ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 78 ਦੇ ਕਰੀਬ
ਗਰੀਬ ਤਬਕਾ ਪਰਿਵਾਰਾਂ ਕੋਲ ਆਪਣੇ ਵਹੀਕਲ ਨਾ ਹੋਣ ਕਾਰਨ ਕਿਰਾਏ ਦੇ ਆਟੋ ’ਤੇ ਲਿਜਾ ਰਹੇ ਲਾਸ਼ਾਂ
ਅਪਾਹਜ ਅਤੇ ਮੰਦਬੁੱਧੀ ਔਰਤ ਕੋਲ ਪੈਸੇ ਨਾ ਹੋਣ ਕਾਰਨ ਪਤੀ ਦਾ ਪਿੰਡ ਵਾਲਿਆਂ ਕੀਤਾ ਅੰਤਿਮ ਸੰਸਕਾਰ
ਪੁਲਸ ਨੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ, ਛਾਪੇਮਾਰੀ ਜਾਰੀ
ਗੁਰ ਰੰਧਾਵਾ
ਤਰਨਤਾਰਨ, 3 ਅਗਸਤ 2020 -ਜ਼ਿਲੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ਦੇ ਚੱਲਦਿਆਂ ਸੋਮਵਾਰ ਦੁਪਿਹਰ ਤੱਕ ਮਰਨ ਵਾਲਿਆਂ ਦੀ ਗਿਣਤੀ 78 ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਕਈ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਉਨਾਂ ਦੇ ਘਰ ਵਾਲਿਆਂ ਨੇ ਬਿਨਾਂ ਪ੍ਰਸ਼ਾਸਨ ਨੂੰ ਇਤਲਾਹ ਦਿੱਤਿਆਂ ਅੰਤਿਮ ਸੰਸਕਾਰ ਵੀ ਕਰ ਦਿੱਤੇ ਸਨ, ਜਿੰਨਾਂ ਦਾ ਅੰਕੜਾ ਰਿਕਾਰਡ ਤੋਂ ਬਾਹਰ ਹੈ। ਅੱਜ ਤੱਕ ਤਕਰੀਬਨ ਪਹਿਲਾਂ ਮਰਨ ਵਾਲਿਆਂ ਦੇ ਅੰਤਿਮ ਸੰਸਕਾਰ ਹੋ ਚੁੱਕੇ ਹਨ, ਪਰ ਬੀਤੀ ਰਾਤ ਮਰਨ ਵਾਲੇ 14 ਦੇ ਕਰੀਬ ਵਿਅਕਤੀ ਅਜੇ ਵੀ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਬਣੇ ਪੋਸਟਮਾਰਟਮ ਵਿਭਾਗ ਵਿਚ ਪਏ ਹਨ, ਜਿੰਨਾਂ ਦੇ ਪੋਸਟਮਾਰਟਮ ਕਰਨ ਵਿਚ ਦੇਰੀ ਕਰਨ ਨਾਲ ਮਿ੍ਰਤਕਾਂ ਦੇ ਪਰਿਵਾਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਮਿ੍ਰਤਕਾਂ ਦੇ ਪਰਿਵਾਰਾਂ ਵਲੋਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਇਨਾਂ ਮੌਤਾਂ ਦਾ ਜਿੰਮੇਵਾਰ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਠਹਿਰਾਇਆ ਜਾ ਰਿਹਾ ਹੈ।
ਕਿਰਾਏ ਦੇ ਆਟੋ ’ਤੇ ਲਾਸ਼ ਲੈ ਕੇ ਜਾਂਦੇ ਹੋਏ ਪਰਿਵਾਰਕ ਮੈਂਬਰ
ਪੋਸਟਮਾਰਟਮ ਕਰਨ ’ਚ ਲੱਗੀਆਂ ਹੋਈਆਂ ਹਨ ਟੀਮਾਂ-ਸਿਵਲ ਸਰਜਨ
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਐਤਵਾਰ ਸ਼ਾਮ ਤੱਕ 14 ਦੇ ਕਰੀਬ ਲਾਸ਼ਾਂ ਪਹੁੰਚੀਆਂ ਸਨ, ਜਿੰਨਾਂ ਦਾ ਪੋਸਟਮਾਰਟਮ ਕਰਨ ਲਈ ਡਾਕਟਰਾਂ ਦੀਆਂ ਟੀਮਾਂ ਲਗਾਈਆਂ ਹੋਈਆਂ ਹਨ, ਸੋਮਵਾਰ ਦੇਰ ਸ਼ਾਮ ਤੱਕ ਪੋਸਟਮਾਰਟਮ ਕਰਕੇ ਲਾਸ਼ਾਂ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਸਿਵਲ ਹਸਪਤਾਲ ਵਿਭਾਗ ਵਲੋਂ ਬਰਫ ਦੇ ਪੈਸੇ ਲੈਣ ਸਬੰਧੀ ਜਾਣਕਾਰੀ ਦਿੰਦੇ ਮਿ੍ਰਤਕਾਂ ਦੇ ਪਰਿਵਾਰ ਵਾਲੇ
ਅਪਾਹਜ ਅਤੇ ਮੰਦਬੁੱਧੀ ਪਰਿਵਾਰ ’ਤੇ ਡਿੱਗਾ ਦੁੱਖਾਂ ਦਾ ਪਹਾੜ-
ਪਿੰਡ ਸੰਘੇ ਦੇ ਨਿਵਾਸੀ ਮਨਜੀਤ ਸਿੰਘ(45) ਪੁੱਤਰ ਮਲਾਗਰ ਸਿੰਘ ਜੋ ਖੱੁਦ ਅਪਾਹਜ ਸੀ ਅਤੇ ਰਿਕਸ਼ਾ ਚਲਾ ਕੇ ਆਪਣੀ ਅਪਾਹਜ ਅਤੇ ਮੰਦਬੁੱਧੀ ਪਤਨੀ ਅਤੇ ਅਪਾਹਜ ਮੰਦਬੁੱਧੀ 16 ਸਾਲਾਂ ਬੇਟੇ ਸੋਨਾ ਦਾ ਪਾਲਣ ਪੋਸ਼ਣ ਬੜੀ ਮੁਸ਼ਕਲ ਨਾਲ ਕਰ ਰਿਹਾ ਸੀ। ਅਪਾਹਜ ਵਿਧਵਾ ਔਰਤ ਨੇ ਦੱਸਿਆ ਕਿ ਉਸਦਾ ਪਤੀ ਮਨਜੀਤ ਸਿੰਘ ਸ਼ੁੱਕਰਵਾਰ ਰਾਤ ਜ਼ਹਿਰੀਲੀ ਸ਼ਰਾਬ ਪੀ ਕੇ ਘਰ ਆਇਆ ਤਾਂ ਉਸਦੀ ਸਿਹਤ ਅਚਾਨਕ ਖਰਾਬ ਹੋ ਗਈ। ਜਿਸ ਨੇ ਸ਼ਨੀਵਾਰ ਸਵੇਰੇ ਸਰਕਾਰੀ ਹਸਪਤਾਲ ਵਿਖੇ ਦਮ ਤੋੜ ਦਿੱਤਾ। ਇਸ ਪਰਿਵਾਰ ਕੋਲ ਮਨਜੀਤ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਪੈਸੇ ਤੱਕ ਨਹੀਂ ਸਨ, ਬਾਅਦ ਵਿਚ ਪਿੰਡ ਵਾਲਿਆਂ ਦੇ ਅੰਤਿਮ ਸੰਸਕਾਰ ਦੀ ਰਸਮਾਂ ਪੂਰੀਆਂ ਕੀਤੀਆਂ। ਪਿੰਡ ਵਾਲਿਆਂ ਨੇ ਦੱਸਿਆ ਕਿ ਪਤਨੀ ਅਤੇ ਬੇਟਾ ਦੋਵੇ ਅਪਾਹਜ ਅਤੇ ਮੰਦਬੁੱਧੀ ਹੋਣ ਕਾਰਨ ਕੋਈ ਕਾਰੋਬਾਰ ਨਹੀਂ ਕਰ ਸਕਦੇ ਹਨ। ਜਿਸ ਕਾਰਨ ਉਹ ਪ੍ਰਸ਼ਾਸਨ ਤੋਂ ਇਸ ਗਰੀਬ ਅਤੇ ਬੇਸਹਾਰਾ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕਰਦੇ ਹਨ।
ਕਿਰਾਏ ਦੇ ਵਹੀਕਲਾਂ ’ਤੇ ਲਿਜਾਈਆਂ ਗਈਆਂ ਲਾਸ਼ਾਂ-
ਜ਼ਿਲੇ ਵਿਚ ਜਿੰਨੇਂ ਵਿਅਕਤੀ ਵੀ ਜ਼ਹਿਰੀਲੀ ਸ਼ਰਾਬ ਨਾਲ ਮਰੇ ਹਨ, ਉਹ ਸਾਰੇ ਅੱਤ ਦੀ ਗਰੀਬੀ ਵਾਲੇ ਪਰਿਵਾਰ ਹਨ, ਜਿੰਨਾਂ ਵਿਚ ਜਿਆਦਾਤਰ ਲੋਕਾਂ ਕੋਲ ਆਪਣਾ ਕੋਈ ਵੀ ਸਾਧਨ (ਵਹੀਕਲ) ਤੱਕ ਨਹੀਂ ਹੈ। ਇਨਾਂ ਗਰੀਬ ਪਰਿਵਾਰਾਂ ਨੂੰ ਐਂਬੂਲੈਂਸ ਨਾ ਮਿਲਣ ਕਾਰਣ ਜਿਆਦਾਤਰ ਪਰਿਵਾਰ ਵਾਲਿਆਂ ਨੇ ਐਤਵਾਰ ਨੂੰ ਜਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ ਸੀ, ਨੂੰ ਕਿਰਾਏ ’ਤੇ ਵਹੀਕਲ (ਆਟੋ) ਕਰਕੇ ਲਾਸ਼ਾਂ ਨੂੰ ਲਿਜਾਇਆ ਗਿਆ। ਇਸ ਮੌਕੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੋਸਟ ਮਾਰਟਮ ਕਮਰੇ ਅੰਦਰ ਕੈਂਡੀਆਂ ਦੀ ਘਾਟ ਨੂੰ ਵੇਖ ਸਿਹਤ ਵਿਭਾਗ ਖਿਲਾਫ ਕਈ ਤਰਾਂ ਦੇ ਇਲਜ਼ਾਮ ਲਗਾਏ। ਉਨਾਂ ਦੱਸਿਆ ਕਿ ਵਿਭਾਗ ਵਲੋਂ ਉਨਾਂ ਪਾਸੋਂ 200 ਰੁਪਏ ਪ੍ਰਤੀ ਲਾਸ਼ ’ਤੇ ਬਰਫ ਲਗਾਉਣ ਲਈ ਵਸੂਲ ਕੀਤੇ ਹਨ।
ਆਪਣੇ ਪਤੀ ਦੀ ਮੌਤ ਸਬੰਧੀ ਜਾਣਕਾਰੀ ਦਿੰਦੀ ਅਪਾਹਜ ਅਤੇ ਮੰਦਬੁੱਧੀ ਔਰਤ ਅਤੇ ਉਸਦਾ ਅਪਾਹਜ ਬੇਟਾ
ਪੁਲਸ ਵਲੋਂ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਕੀਤਾ ਗਿਆ ਗਿ੍ਰਫਤਾਰ-ਐੱਸ.ਐੱਸ.ਪੀ ਇਸ ਸਬੰਧੀ ਐੱਸ.ਐੱਸ.ਪੀ ਧਰੁਮਨ ਨਿੰਬਾਲੇ ਨੇ ਦੱਸਿਆ ਕਿ ਪੁਲਸ ਵਲੋਂ ਜ਼ਿਲੇ ਵਿਚ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕਰਕੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਜ਼ਿਲੇ ਭਰ ਵਿਚ ਪੁਲਸ ਟੀਮਾਂ ਸਖਤੀ ਨਾਲ ਛਾਪਾਮਾਰੀ ਕਰ ਰਹੀਆਂ ਹਨ। ਜਲਦ ਹੀ ਬਾਕੀ ਰਹਿੰਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।