ਪਾਰਟੀ ਵਰਕਰਾਂ ਨੇ ਲਗਾਤਾਰ ਤੀਜੇ ਦਿਨ ਰਾਜ ਭਵਨ ਤੱਕ ਕੀਤਾ ਮਾਰਚ, ਦਿੱਤੀਆਂ ਗ੍ਰਿਫਤਾਰੀਆਂ
ਚੰਡੀਗੜ, 09 ਅਗਸਤ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲਗਾਤਾਰ ਤੀਜੇ ਦਿਨ ਰਾਜ ਭਵਨ ਤੱਕ ਰੋਸ ਮਾਰਚ ਕੱਢਿਆ ਤੇ ਗ੍ਰਿਫਤਾਰੀਆਂ ਦਿੱਤੀਆਂ ਤੇ ਮੰਗ ਕੀਤੀ ਕਿ ਰਾਜ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਸ਼ਰਾਬ ਤੇ ਰੇਤ ਮਾਫੀਆ ਵੱਲੋਂ ਪੰਜਾਬ ਵਿਚ ਆਪਣਾ ਕੰਮ ਜਾਰੀ ਰੱਖਣ ਤੇ ਆਪਣੀਆਂ ਗਤੀਵਿਧੀਆਂ ਦੀ ਨਿਰਪੱਖ ਜਾਂਚ ਨਾ ਹੋਣ ਦੇਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਭੇਜੇ ਜਾਣ ਦੇ ਮਾਮਲੇ ਦੀ ਜਾਂਚ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਕੀਤੇ ਜਾਣ ਦੇ ਹੁਕਮ ਜਾਰੀ ਕਰਨ।
ਅੱਜ ਰੋਸ ਮਾਰਚ ਦੀ ਅਗਵਾਈ ਸਾਬਕਾ ਮੰਤਰੀ ਸ੍ਰੀ ਹੀਰਾ ਸਿੰਘ ਗਾਬੜੀਆ ਨੇ ਕੀਤੀ ਤੇ ਇਸ ਵਿਚ ਲੁਧਿਆਣਾ ਜ਼ਿਲ•ੇ ਤੋਂ ਪਾਰਟੀ ਵਰਕਰ ਸ਼ਾਮਲ ਹੋਏ। ਰਾਜ ਭਵਨ ਤੋਂ ਕੁਝ ਪਹਿਲਾਂ ਰੋਕੇ ਜਾਣ 'ਤੇ ਮੁਜ਼ਾਹਰਾਕਾਰੀਆਂ ਨੇ ਧਰਨਾ ਦਿੱਤਾ ਤੇ ਗ੍ਰਿਫਤਾਰੀਆਂ ਦਿੱਤੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸ਼ਰਾਬ ਤੇ ਰੇਤ ਮਾਫੀਆ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਪੈਸੇ ਭੇਜੇ ਜਾਣਾ ਹੀ ਕਾਰਨ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਨਜਾਇਜ਼ ਸ਼ਰਾਬ ਕਾਰਨ 130 ਜਣਿਆਂ ਦੇ ਮਾਰੇ ਜਾਣ ਦੇ ਮਾਮਲੇ ਵਿਚ ਨਾ ਤਾਂ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ ਤੇ ਨਾ ਹੀ ਘਟਨਾ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਇਸ ਨਜਾਇਜ਼ ਤੌਰ 'ਤੇ ਕਮਾਏ ਪੈਸੇ ਨੂੰ ਪੰਜਾਬ ਤੋਂ ਦਿੱਲੀ ਭੇਜੇ ਜਾਣ ਦੇ ਮਾਮਲੇ ਦੀ ਪੈੜ ਨੱਪੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਆਪਣੀ ਸਿਫਾਰਸ਼ ਭੇਜਣ।
ਸ੍ਰੀ ਗਾਬੜੀਆ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਰਖ਼ਾਸਤ ਕੀਤੀ ਜਾਵੇ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਜਾਂਚ ਲਈ ਹਾਈ ਕੋਰਟ ਜਾਂ ਸੀ ਬੀਆਈ ਵੱਲੋਂ ਕੀਤੇ ਜਾਣ ਦੇ ਹੁਕਮ ਦੇਣ, ਪੀੜਤ ਪਰਿਵਾਰਾਂ ਨੇ ਜਿਹੜੇ ਕਾਂਗਰਸੀ ਵਿਧਾਇਕਾਂ ਦੇ ਨਾਂ ਮੁਜਰਮਾਂ ਵਜੋਂ ਲਏ ਹਨ ਉਹਨਾਂ ਖਿਲਾਫ ਕਤਲ ਦੇ ਕੇਸ ਦਰਜ ਕੀਤੇ ਜਾਣ, ਤ੍ਰਾਸਦੀ ਵਿਚ ਸ਼ਾਮਲ ਦੋ ਡਿਸਟੀਲਰੀਆਂ ਜਿਹਨਾਂ ਵਿਚੋਂ ਇਕ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਤੇ ਦੂਜੀ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਦੀ ਫੈਕਟਰੀ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ ਅਤੇ ਜ਼ਹਿਰੀਲੀ ਸ਼ਰਾਬ ਕਾਰਨ ਵਾਸਤੇ ਦੁਖਾਂਤ ਤੇ ਨਜਾਇਜ਼ ਕਾਰੋਬਾਰ ਵਿਚ ਸ਼ਾਮਲ ਸਾਰੇ ਮੁਰਜਿਮਾਂ ਦਾ ਪੈਸਾ ਜ਼ਬਤ ਕੀਤਾ ਜਾਵੇ। ਸ੍ਰੀ ਗਾਬੜੀਆ ਨੇ ਇਹ ਵੀ ਕਿਹਾ ਕਿ ਰਾਜਪਾਲ ਨੂੰ ਰਾਜਪੁਰਾ ਨਜਾਇਜ਼ ਡਿਸਟੀਲਰੀ ਤੇ ਅਜਿਹੇ ਹੋਰ ਕੇਸਾਂ ਦੀਆਂ ਦੀਆਂ ਫਾਈਲਾਂ ਈ ਡੀ ਕੋਲ ਭੇਜੇ ਜਾਣ ਦੀ ਨਿਗਰਾਨੀ ਆਪ ਕਰਨੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸੂਬੇ ਨੇ ਪਹਿਲਾਂ ਆਬਕਾਰੀ ਵਿਭਾਗ ਦਾ 5600 ਕਰੋੜ ਰੁਪਏ ਦਾ ਮਾਲੀਆ ਗੁਆ ਲਿਆ ਤੇ ਹੁਣ 150 ਕੀਮਤੀ ਜਾਨਾਂ ਗੁਆ ਲਈਆਂ ਤੇ ਅਨੇਕਾਂ ਹੋਰਨਾਂ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਲਈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇਸੀ ਸ਼ਰਾਬ ਕੱਢਣ ਵਾਲਿਆਂ ਖਿਲਫਾ ਕਾਰਵਾਈ ਕਰ ਕੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਚਾਹੁੰਦੀ ਹੈ ਜਦਕਿ ਅਸਲੀਅਤ ਇਹ ਹੈ ਕਿ ਡਿਸਟੀਲਰੀਆਂ ਤੋਂ ਆ ਰਹੀ ਡਿਨੇਚਰਡ ਸਪੀਰਿਟ ਹੀ ਇਹਨਾਂ ਤ੍ਰਾਸਦੀਆਂ ਦਾ ਕਾਰਨ ਹੈ।
ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਤੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਪਾਰਟੀ ਇਸੇ ਤਰੀਕੇ ਗ੍ਰਿਫਤਾਰੀਆਂ ਦੇਣੀਆਂ ਜਾਰੀ ਰੱਖੇਗੀ।