ਲੋਕੇਸ਼ ਰਿਸ਼ੀ
ਗੁਰਦਾਸਪੁਰ, 2 ਅਗਸਤ 2020 - ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਮਰਨ ਵਾਲਿਆਂ ਦੇ ਨਾਲ ਨਾਲ ਪੰਜਾਬ ਦੀ ਸੱਤਾ ਧਾਰੀ ਪਾਰਟੀ ਤੇ ਵੀ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਕਿਉਂ ਕਿ ਸ਼ਰਾਬ ਮੁੱਦੇ ਨੂੰ ਲੈ ਕੇ ਸੂਬੇ ਦੇ ਸਾਬਕਾ ਸੈਰ-ਸਪਾਟਾ ਮੰਤਰੀ ਅਤੇ ਪਾਰਟੀ ਦੇ ਹੋਰ ਵੀ ਕਈ ਅਹੁਦਿਆਂ ਤੇ ਸੇਵਾ ਨਿਭਾ ਰਹੇ ਅਸ਼ਵਨੀ ਸੇਖੋਂ ਨੇ ਆਪਣੀ ਹੀ ਸਰਕਾਰ ਵਿੱਚ ਮੌਜੂਦਾ ਕੈਬਿਨੇਟ ਮੰਤਰੀ ਉੱਪਰ ਹੀ ਗੰਭੀਰ ਸਵਾਲ ਚੁੱਕਦਿਆਂ। ਉਨ੍ਹਾਂ ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂ ਕਿ ਇਸ ਦੌਰਾਨ ਸੇਖੜੀ ਨੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਵੱਲੋਂ ਉਨ੍ਹਾਂ ਦੀ ਗੱਲ ਨਾ ਮੰਨੇ ਜਾਣ ਦਾ ਦੁਖੜਾ ਵੀ ਸੁਣਾਇਆ ਹੈ।
ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਈਆਂ 9 ਮੌਤਾਂ ਸੰਬੰਧੀ ਇੱਕ ਨਿੱਜੀ ਚੈਨਲ ਵੱਲੋਂ ਰੱਖੀ ਗਈ ਬਹਿਸ ਵਿੱਚ ਨਾ ਸਿਰਫ਼ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਮੌਜੂਦਾ ਕੈਬਿਨੇਟ ਮੰਤਰੀ ਤ੍ਰਿਪਤ ਰਕਿੰਦਰ ਸਿੰਘ ਬਾਜਵਾ ਨੂੰ ਇਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਦੱਸਿਆ। ਬਲਕਿ ਬਾਕੀ ਸਬੰਧਿਤ ਅਧਿਕਾਰੀਆਂ ਦੇ ਨਾਲ ਨਾਲ ਮੰਤਰੀ ਬਾਜਵਾ ਤੇ ਵੀ ਬਣਦੀ ਕਰਵਾਈ ਕਰਨ ਦੀ ਗੱਲ ਕਹਿ ਦਿੱਤੀ।
ਸੇਖੜੀ ਨੇ ਆਪਣਾ ਦੁਖੜਾ ਸੁਣਾਉਂਦਿਆਂ ਹੋਇਆਂ ਕਿਹਾ ਕਿ ਮੰਤਰੀ ਬਾਜਵਾ ਆਪਣਾ ਵਿਧਾਨਸਭਾ ਖੇਤਰ ਫ਼ਤਿਹਗੜ੍ਹ ਚੂੜੀਆਂ ਛੱਡ ਕੇ ਬਟਾਲਾ ਵਿਖੇ ਦਖ਼ਲ ਦੇ ਰਹੇ ਹਨ ਅਤੇ ਇਸੇ ਕਾਰਨ ਬਟਾਲਾ ਵਿਖੇ ਹਰੇਕ ਅਫ਼ਸਰ ਬਾਜਵਾ ਦੀ ਮਰਜ਼ੀ ਨਾਲ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਜਿ ਜੇਕਰ ਬਾਜਵਾ ਦੀ ਤਾਂ ਜੇਕਰ ਉਹ ਆਪ ਮੌਜੂਦਾ ਮੰਤਰੀ ਹੁੰਦੇ ਤਾਂ ਆਪਣੀ ਗ਼ਲਤੀ ਨੂੰ ਛਾਤੀ ਠੋਕ ਕੇ ਸਵੀਕਾਰ ਕਰਦੇ ਅਤੇ ਇਹਨਾਂ ਮੌਤਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਉੱਪਰ ਬਣਦੀ ਕਾਰਵਾਈ ਕਰਵਾਉਂਦੇ।
ਸੇਖੜੀ ਨੇ ਕਿਹਾ ਕਿ ਜਿਸ ਅਫ਼ਸਰ ਨੂੰ ਮੰਤਰੀ ਦਾ ਪੂਰਾ ਅਸ਼ੀਰਵਾਦ ਹੋਵੇ ਉਹ ਸੁਭਾਵਿਕ ਤੌਰ ਤੇ ਆਪਣੇ ਕੰਮ ਵਿੱਚ ਕੁਤਾਹੀ ਵਰਤਦਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੋਇਆ ਹੈ। ਕਿ ਜਿਹੜੇ ਇਲਾਕੇ ਵਿਖੇ ਨਸ਼ਾ ਜਾਂ ਨਾਜਾਇਜ਼ ਸ਼ਰਾਬ ਵਿਕਦੀ ਪਾਈ ਜਾਵੇਗੀ। ਉਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਇਲਾਕੇ ਦੇ ਮੰਤਰੀ ਵੀ ਹੋਣਗੇ। ਇਸ ਲਈ ਬਾਕੀ ਸਬੰਧਿਤ ਕਰਮੀਆਂ ਦੇ ਨਾਲ ਨਾਲ ਮੰਤਰੀ ਤ੍ਰਿਪਤ ਬਾਜਵਾ ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉੱਥੇ ਦੂਜੇ ਪਾਸੇ ਬਟਾਲਾ ਪਾਸ ਸ਼ਰਾਬ ਮਾਮਲੇ ਵਿੱਚ ਬਟਾਲਾ ਦੇ ਈ.ਟੀ.ਓ (ਐਕਸਾਈਜ਼ ਵਿਭਾਗ ਅਤੇ ਥਾਣਾ ਸਿਟੀ ਦੇ ਐੱਸ. ਐੱਚ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਕੁੱਲ 7 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 3 ਮੁਲਜ਼ਮ ਹੁਣ ਤਕ ਫ਼ਰਾਰ ਦੱਸੇ ਜਾ ਰਹੇ ਹਨ।