ਚੰਡੀਗੜ੍ਹ, 3 ਅਗਸਤ 2020 - ਹੂਚ ਦੁਖਾਂਤ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਚੁੱਕੀ ਹੈ। ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਤਰਨਤਾਰਨ ਵਿਚ 80 ਅਤੇ ਗੁਰਦਾਸਪੁਰ ਦੇ ਬਟਾਲਾ ਅਤੇ ਅੰਮ੍ਰਿਤਸਰ ਵਿਚ 12-12 ਮੌਤਾਂ ਹੋਈਆਂ। ਮਰਨ ਵਾਲਿਆਂ ਦੀ ਕੁੱਲ ਗਿਣਤੀ 104 ਹੋ ਚੁੱਕੀ ਹੈ।
ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਦੇ ਨਾਲ ਨਾਲ ਉੱਚ ਪੱਧਰੀ ਜਾਂਚ ਜਾਰੀ ਹੈ। ਪਰ ਉੇਥੇ ਹੀ ਇਸ ਮਸਲੇ 'ਚ ਸੂਬੇ ਅੰਦਰ ਸਿਆਸਤ ਵੀ ਖੂਬ ਭਖ ਗਈ ਹੈ। ਪੰਜਾਬ ਤੋਂ ਬਾਹਰ ਦਿੱਲੀ ਤੋਂ ਵੀ ਇਸ ਮਸਲੇ ਬਾਰੇ ਸੀਬੀਆਈ ਜਾਂਚ ਦੀ ਮੰਗ ਦੀ ਗੱਲ ਸਾਹਮਣੇ ਆ ਚੁੱਕੀ ਹੈ। ਦਿੱਲੀ ਸੀ.ਐਮ ਕੇਜਰੀਵਾਲ ਦੁਆਰਾ ਇਹ ਮੰਗ ਕੀਤੀ ਗਈ ਸੀ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਇਸ ਮਸਲੇ ਸਬੰਧੀ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਹੈ। ਸ਼੍ਰੋ.ਅ.ਦ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਲਿਖਿਆ ਕਿ, 'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਦੁਖਦਾਇਕ ਮੌਤਾਂ ਦੇ ਮਾਮਲੇ ਵਿੱਚ ਕੋਰ ਕਮੇਟੀ ਦੀ ਮੀਟਿੰਗ 4 ਅਗਸਤ ਨੂੰ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਜਿਸ ਵਿੱਚ ਪੀੜਤ ਪਰਿਵਾਰਾਂ ਨੂੰ ਇਨਸਾਫ਼, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੰਜਾਬ ਵਿੱਚ ਬਣੇ ਕਾਂਗਰਸ ਤੇ ਮਾਫੀਆਂ ਦੇ ਗਠਜੋੜ ਦਾ ਪਰਦਾਫਾਸ਼ ਕਰਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।'