← ਪਿਛੇ ਪਰਤੋ
ਨਾਜਾਇਜ ਸ਼ਰਾਬ ਦੇ ਕਾਰੋਬਾਰੀ ਬਖਸ਼ੇ ਨਹੀਂ ਜਾਣਗੇ, ਛਾਪੇਮਾਰੀ ਹੋਵੇਗੀ ਤੇਜ: ਨਵਜੋਤ ਸਿੰਘ ਮਾਹਲ ਚੰਡੀਗੜ/ਹੁਸ਼ਿਆਰਪੁਰ, 06 ਅਗਸਤ 2020: ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਚਲਾਈ ਮੁਹਿੰਮ ਵਿਚ ਅੱਜ ਜ਼ਿਲਾ ਹੁਸ਼ਿਆਰਪੁਰ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਦਸੂਹਾ ਪੁਲਿਸ ਵੱਲੋਂ 400 ਕਿਲੋ ਲਾਹਣ ਬਰਾਮਦ ਕਰਕੇ ਇਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਜਬਰਦਸਤ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਦਸੂਹਾ ਪੁਲਿਸ ਵਲੋਂ ਮੰਡ ਖੇਤਰ ਵਿੱਚ 6 ਘੰਟੇ ਤੋਂ ਵੱਧ ਸਮਾਂ ਚੱਲੇ ਸਰਚ ਆਪਰੇਸ਼ਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਖੇਤਰ ਦੇ ਪਿੰਡਾਂ ਬੇਗਪੁਰ ਅਤੇ ਟੇਰਕਿਆਣਾ ਤੋਂ ਪੁਲਿਸ ਨੇ 400 ਕਿਲੋ ਲਾਹਣ ਬਰਾਮਦ ਕੀਤੀ ਜਿਸ ਨੂੰ ਕਿ ਨਸ਼ਟ ਕਰ ਦਿੱਤਾ ਗਿਆ। ਇਹ ਸਰਚ ਆਪਰੇਸ਼ਨ ਦੁਪਹਿਰ 2 ਵਜੇ ਤੱਕ ਜਾਰੀ ਰਿਹਾ। ਐਸ ਐਸ ਪੀ ਮਾਹਲ ਨੇ ਦੱਸਿਆ ਕਿ ਜਲਦ ਹੀ ਦੋਸ਼ੀ ਹਿਰਾਸਤ ਵਿਚ ਹੋਣਗੇ। ਪੁਲਿਸ ਨੇ ਪੰਜ ਕਿਸ਼ਤੀਆਂ ਅਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਹੈ ਜੋ ਕਿ ਸ਼ਰਾਬ ਤਸਕਰੀ ਲਈ ਵਰਤਿਆ ਜਾਂਦਾ ਸੀ। ਕਾਬਿਲੇਗੌਰ ਹੈ ਕਿ ਜ਼ਿਲਾ ਪੁਲਿਸ ਵੱਲੋਂ ਦਰਿਆ ਦੇ ਨਾਲ-ਨਾਲ ਨਾਕੇ ਲਗਾ ਦਿੱਤੇ ਗਏ ਹਨ ਤਾਂ ਜੋ ਸ਼ਰਾਬ ਤਸਕਰ ਅੱਗੋਂ ਕੋਈ ਕਾਰਵਾਈ ਨਾ ਕਰ ਸਕਣ। ਇਸ ਸੰਬੰਧੀ ਥਾਣਾ ਦਸੂਹਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Total Responses : 265