ਜੀ ਐਸ ਪੰਨੂ
- ਨਜਾਇਜ਼ ਸ਼ਰਾਬ ਕਰਨ ਦਾ ਧੰਦਾ ਕਰਨ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ-ਦੁੱਗਲ
ਪਟਿਆਲਾ, 2 ਅਗਸਤ 2020 - ਪਟਿਆਲਾ ਪੁਲਿਸ ਨੇ ਦੂਜੇ ਦਿਨ ਵੀ ਜ਼ਿਲ੍ਹੇ ਅੰਦਰ ਵੱਡੀ ਪੱਧਰ 'ਤੇ ਛਾਪਮਾਰੀ ਕਰਦਿਆਂ ਨਜ਼ਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਬੇਪਰਦ ਕੀਤਾ ਹੈ। ਇਸ ਛਾਪੇਮਾਰੀ ਉਪਰੇਸ਼ਨ ਦੀ ਨਿਗਰਾਨੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਦੋ ਦਿਨਾਂ 'ਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 31 ਮੁਕੱਦਮੇ ਦਰਜ ਕਰਕੇ 4 ਚਾਲੂ ਭੱਠੀਆਂ ਫੜੀਆਂ, 7420 ਲਿਟਰ ਤੋਂ ਵਧੇਰੇ ਲਾਹਣ, 1212 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਜਾਅਲੀ ਸ਼ਰਾਬ ਨਾ ਖਰੀਦਣ ਸਗੋਂ ਅਜਿਹਾ ਧੰਦਾ ਕਰਨ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਦੇਣ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ।
ਦੁੱਗਲ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਈਂ ਕੀਤੀ ਇਸ ਛਾਪੇਮਾਰੀ ਦੀ ਅਗਵਾਈ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਨੇ ਕੀਤੀ। ਇਸ ਦੌਰਾਨ ਥਾਣਾ ਜੁਲਕਾਂ ਦੇ ਪਿੰਡ ਹਾਜੀਪੁਰ ਤੋਂ ਚਾਲੂ ਭੱਠੀਆਂ ਫੜਕੇ 2600 ਲਿਟਰ ਲਾਹਣ ਸਮੇਤ ਬੋਤਲਾਂ 25 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਸ਼ੀਸ਼ਾ ਮਸੀਹ, ਰੰਗਾ ਮਸੀਹ ਅਤੇ ਭਿੰਦਰ ਨੂੰ ਗ੍ਰਿਫ਼ਤਾਰ ਕੀਤਾ। ਜਦੋਂਕਿ ਮਰੌੜੀ ਤੋਂ 3000 ਲਿਟਰ ਤੋਂ ਉਪਰ ਲਾਹਣ ਬਰਾਮਦ ਕੀਤੀ ਗਈ ਹੈ। ਰਾਜਪੁਰਾ ਨੇੜੇ ਮਨਜੀਤ ਢਾਬੇ ਦੇ ਪਿਛਲੇ ਪਾਸੇ 600 ਲਿਟਰ ਕਾਸਟਿਕ ਸੋਡਾ ਵੀ ਬਰਾਮਦ ਕਰਕੇ ਕਾਰਵਾਈ ਕੀਤੀ ਗਈ।
ਐਸ.ਐਸ.ਪੀ. ਨੇ ਦੱਸਿਆ ਕਿ 1 ਅਗਸਤ ਨੂੰ ਥਾਣਾ ਘੱਗਾ ਪੁਲਿਸ ਨੇ ਪਿੰਡ ਡਰੌਲੀ ਦੇ ਪਰਕਾਸ਼ ਰਾਮ ਤੋਂ 120 ਲਿਟਰ ਲਾਹਣ, ਇੱਥੋਂ ਦੀ ਹੀ ਕਵਿਤਾ ਦੇਵੀ ਪਤਨੀ ਸੁਰਜਨ ਰਾਮ ਤੋਂ 65 ਲਿਟਰ ਲਾਹਣ, ਥਾਣਾ ਸਮਾਣਾ ਪੁਲਿਸ ਨੇ ਅਚਰਾਲ ਖੁਰਦ ਦੇ ਵਾਸੀਆਂ ਜਸਵਿੰਦਰ ਕੌਰ ਪਤਨੀ ਚਰਨਾ ਸਿੰਘ ਤੋਂ 70 ਲਿਟਰ, ਸੋਹਨ ਸਿੰਘ ਤੋਂ 150 ਲਿਟਰ ਤੇ ਭੋਲਾ ਸਿੰਘ ਤੋਂ 70 ਲਿਟਰ ਲਾਹਣ, ਮੱਖਣ ਸਿੰਘ ਤੋਂ 120 ਲਿਟਰ ਲਾਹਣ, ਮੇਲੋ ਪਤਨੀ ਸੁੱਖਾ ਸਿੰਘ ਤੋਂ 100 ਲਿਟਰ ਲਾਹਣ ਤੇ 15 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਪਿੰਡ ਮਰੌੜੀ ਦੇ ਚੰਨਾ ਸਿੰਘ ਤੋਂ 35 ਬੋਤਲਾਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਹੋਈ ਸੀ। ਇਸ ਤੋਂ ਇਲਾਵਾ ਢਾਬਿਆਂ, ਹੋਟਲਾਂ, ਮੈਰਿਜ ਪੈਲੇਸਾਂ, ਪਿੰਡ ਬਘੌਰਾ ਆਦਿ ਸਮੇਤ ਹੋਰਨਾਂ ਥਾਵਾਂ ਤੋਂ ਵੀ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਸੀ।
ਇਸੇ ਤਰ੍ਹਾਂ ਥਾਣਾ ਸਮਾਣਾ ਪੁਲਿਸ ਨੇ ਇੱਕ ਅਣਪਛਾਤੇ ਦੀ ਕਾਰ ਨੰਬਰ ਪੀ.ਬੀ. 11 ਏਡੀ 4109 'ਚੋਂ 300 ਬੋਤਲਾਂ ਹਰਿਆਣਾ ਤੋਂ ਲਿਆਂਦੀ ਨਾਜਾਇਜ਼ ਸ਼ਰਾਬ, ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਮਨਜਿੰਦਰ ਸਿੰਘ ਵਾਸੀ ਭਾਂਖਰ ਤੇ ਮਿੱਠੂ ਵਾਸੀ ਭੱਠਲਾਂ ਤੋਂ 300 ਬੋਤਲਾਂ ਹਰਿਆਣਾ ਤੋਂ ਲਿਆਂਦੀ ਨਾਜਾਇਜ਼ ਸ਼ਰਾਬ, ਰਾਜੇਸ਼ ਕੁਮਾਰ ਸ਼ਰਮਾ ਵਾਸੀ ਮਹਿੰਦਰਾ ਕਲੋਨੀ ਪਟਿਆਲਾ ਤੋਂ 9 ਬੋਤਲਾਂ ਹਰਿਆਣਾਂ ਦੀ ਸ਼ਰਾਬ ਅਤੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਸਤਨਾਮ ਸਿੰਘ ਵਾਸੀ ਸ਼ਾਂਤੀ ਨਗਰ ਨੂੰ 80 ਬੋਤਲਾਂ ਹਰਿਆਣਾ ਦੀ ਸ਼ਰਾਬ ਸਮੇਤ ਕਾਬੂ ਕੀਤਾ ਸੀ।
ਇਸ ਛਾਪੇਮਾਰੀ ਮੌਕੇ ਡੀ.ਐਸ.ਪੀ. ਜਾਂਚ ਕੇ.ਕੇ. ਪਾਂਥੇ, ਡੀ.ਐਸ.ਪੀ. ਪਾਤੜਾਂ ਭਰਪੂਰ ਸਿੰਘ ਤੇ ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਸਮੇਤ ਸਬੰਧਤ ਥਾਣਿਆਂ ਅਤੇ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਸਨ ਅਤੇ ਇਹ ਛਾਪੇਮਾਰੀ ਦੇਰ ਸ਼ਾਮ ਤੱਕ ਜਾਰੀ ਰਹੀ।