ਦੋਸ਼ੀਆਂ ਨੂੰ ਕਾਬੂ ਕਰਨ ਲਈ ਪੰਜਾਬ ਭਰ ਵਿੱਚ ਚੋਕਸੀ ਵਧਾਈ-ਡੀ.ਜੀ.ਪੀ.
ਨਾਭਾ (ਪਟਿਆਲਾ), 27 ਨਵੰਬਰ 2016 : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਵਿਚੋਂ 6 ਖਤਰਨਾਕ ਅਪਰਾਧੀਆਂ ਨੂੰ ਛੁਡਾਉਣ ਦੀ ਘਟਨਾ ਦਾ ਜਾਇਜਾ ਲੈਣ ਲਈ ਅਚਾਨਕ ਨਾਭਾ ਜੇਲ੍ਹ ਵਿੱਚ ਪੁੱਜੇ ਅਤੇ ਸਾਰੀ ਘਟਨਾ ਦਾ ਜਾਇਜਾ ਲਿਆ। ਇਸ ਮੌਕੇ ਉਪ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਸ਼ੁਰੇਸ਼ ਅਰੌੜਾ ਅਤੇ ਹੋਰ ਕਈ ਸੀਨੀਅਰ ਅਧਿਕਾਰੀ ਵੀ ਸਨ।
ਉਪ ਮੁੱਖ ਮੰਤਰੀ ਨੇ ਮੌਕੇ 'ਤੇ ਹਾਜਰ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਗੱਲ ਦਾ ਤੁਰੰਤ ਪਤਾ ਕੀਤਾ ਜਾਵੇ ਕਿ ਐਨੀ ਵੱਡੀ ਅਣਗਹਿਲੀ ਲਈ ਕੋਣ-ਕੋਣ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਮੂਹ ਜੇਲ੍ਹਾਂ ਦੀ ਸੁਰੱਖਿਆ ਦਾ ਪੁਨਰ ਮੁਲੰਕਣ ਕਰਕੇ ਸੁਰੱਖਿਆ ਪ੍ਰਬੰਧ ਹੋਰ ਮਜਬੂਤ ਕੀਤੇ ਜਾਣ ਅਤੇ ਨਾਲ ਹੀ ਪੰਜਾਬ ਦੀਆਂ ਗੁਆਢੀ ਰਾਜਾਂ ਨਾਲ ਲਗਦੀਆਂ ਹੱਦਾਂ ਨੂੰ ਸੀਲ ਕਰਕੇ ਸਾਰੇ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਛੇਤੀ ਹੀ ਉਹ ਜੇਲ੍ਹ ਦੀਆਂ ਸਲਾਖਾਂ ਪਿਛੇ ਹੋਣਗੇ। ਸ. ਬਾਦਲ ਨੇ ਕਿਹਾ ਕਿ ਇਸ ਗੱਲ ਦਾ ਵੀ ਪਤਾ ਲਾਇਆ ਜਾਵੇ ਕਿ ਨਾਭਾ ਜੇਲ੍ਹ ਦੀ ਘਟਨਾ ਲਈ ਜੇਲ੍ਹ ਦੇ ਅੰਦਰੂਨੀ ਸਟਾਫ ਦੀ ਕੋਈ ਸ਼ਮੂਲੀਅਤ ਤਾਂ ਨਹੀਂ ।
ਇਸ ਮੌਕੇ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਸ਼ੁਰੇਸ਼ ਅਰੋੜਾ ਨੇ ਨਾਭਾ ਜੇਲ੍ਹ ਦੀ ਘਟਨਾ ਵਾਰੇ ਪੱਤਰਕਾਰਾਂ ਨੂੰ ਵੇਰਵਾ ਦਿੰਦੇ ਦੱਸਿਆ ਕਿ ਸਵੇਰੇ 9 ਵਜੇ ਨਾਭਾ ਜੇਲ੍ਹ ਦੇ ਬਾਹਰਲੇ ਗੇਟ 'ਤੇ ਇੱਕ ਕਾਰ ਵਿੱਚ ਆਏ 5 ਪੁਲਿਸ ਵਰਦੀਧਾਰੀ ਵਿਅਕਤੀਆਂ ਨੇ ਸੰਤਰੀ ਨੂੰ ਇਹ ਕਿਹਾ ਕਿ ਉਹ ਕੈਦੀ ਨੂੰ ਛੱਡਣ ਆਏ ਹਨ। ਜਿਸ ਕਾਰਨ ਸੰਤਰੀ ਨੇ ਗੇਟ ਖੋਲ ਦਿੱਤਾ ਅਤੇ ਇਹਨਾਂ ਕਥਿਤ ਦੋਸ਼ੀਆਂ ਜਿਹਨਾਂ ਕੋਲ ਛੋਟੇ ਹਥਿਆਰ ਸਨ ਨੇ ਹਥਿਆਰਾਂ ਦੀ ਨੋਕ 'ਤੇ ਮੁੱਖ ਗੇਟ ਦੇ ਸੰਤਰੀ ਨੂੰ ਕਾਬੂ ਕਰ ਲਿਆ ਅਤੇ ਫਿਰ ਅੰਦਰਲੇ ਗੇਟ 'ਤੇ ਜਾ ਕੇ ਵੀ ਦੂਸਰੇ ਸੰਤਰੀ ਤੋਂ ਗੇਟ ਖੁਲਾ ਕੇ ਉਸ ਨੂੰ ਵੀ ਕਾਬੂ ਕਰ ਲਿਆ। ਡੀ.ਜੀ.ਪੀ. ਨੇ ਦੱਸਿਆ ਕਿ ਇਹ ਦੋਸ਼ੀ ਹਵਾਈ ਫਾਇਰਿੰਗ ਕਰਦੇ ਹੋਏ 6 ਖਤਰਨਾਕ ਅਪਰਾਧੀਆਂ ਨੂੰ ਜੇਲ੍ਹ ਵਿਚੋਂ ਭਜਾ ਕੇ ਲੈ ਜਾਣ ਵਿੱਚ ਕਾਮਯਾਬ ਹੋ ਗਏ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੂਰੇ ਪੰਜਾਬ ਵਿੱਚ ਚੋਕਸੀ ਵਧਾ ਦਿੱਤੀ ਗਈ ਹੈ। ਡੀ.ਜੀ.ਪੀ. ਸ਼੍ਰੀ ਅਰੋੜਾ ਨੇ ਦੱਸਿਆ ਕਿ ਨਾਭਾ ਜੇਲ੍ਹ ਵਿਚੋਂ ਜਿਹੜੇ 6 ਅਪਰਾਧੀ ਫਰਾਰ ਹੋਏ ਹਨ ਉਹਨਾਂ ਵਿੱਚ ਹਰਵਿੰਦਰ ਸਿੰਘ ਮਿੰਟੂ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਸੇਖੋਂ, ਹਰਜਿੰਦਰ ਸਿੰਘ ਵਿੱਕੀ ਗੋਂਡਰ, ਅਮਨਦੀਪ ਸਿੰਘ ਢੋਟੀਆਂ ਅਤੇ ਕੁਲਪ੍ਰੀਤ ਸਿੰਘ ਨੀਟੂ ਸ਼ਾਮਲ ਹਨ। ਉਹਨਾਂ ਦੱਸਿਆ ਕਿ ਹਰਵਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਮਿਲੀਟੈਂਟ ਹਨ ਅਤੇ ਬਾਕੀ ਚਾਰੇ ਖਤਰਨਾਕ ਗੈਂਗਸਟਰ ਹਨ। ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਫੜਨ ਲਈ ਸੂਚਨਾ ਦੇਣ ਵਾਲੇ ਨੂੰ ਪੰਜਾਬ ਸਰਕਾਰ ਵੱਲੋਂ 25 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉਪ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਨੂੰ ਤੋੜ ਕੇ ਭੱਜੇ 6 ਕੈਦੀਆਂ ਦੇ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕਰ ਦਿੱਤਾ ਹੈ ਜਿਸ ਦੇ ਮੁਖੀ ਇੰਟਰਨਲ ਵਿਜੀਲੈਂਸ ਸੈਲ ਦੇ ਏ.ਡੀ.ਜੀ.ਪੀ ਸ੍ਰੀ ਪ੍ਰਬੋਧ ਕੁਮਾਰ ਹੋਣਗੇ ਅਤੇ ਸ੍ਰੀ ਪਰਮਰਾਜ ਸਿੰਘ, ਆਈ.ਜੀ.ਪੀ./ਪਟਿਆਲਾ ਜੋਨ, ਸ੍ਰੀ ਇਸ਼ਵਰ ਸਿੰਘ, ਆਈ.ਜੀ.ਪੀ, ਸ੍ਰੀ ਨਿਲਾਭ ਕਿਸ਼ੋਰ, ਆਈ.ਜੀ./ਕਾਊਂਟਰ ਇੰਟੈਲੀਜੈਂਸ ਸ੍ਰੀ ਅਮਰ ਸਿੰਘ ਚਾਹਲ, ਡੀ.ਆਈ.ਜੀ./ਪਟਿਆਲਾ ਰੇਂਜ ਅਤੇ ਸ੍ਰੀ ਗੁਰਮੀਤ ਚੌਹਾਨ, ਐਸ.ਐਸ.ਪੀ ਪਟਿਆਲਾ ਇਸ ਦੇ ਮੈਂਬਰ ਹੋਣਗੇ।ઠ
ਉਪ ਮੁੱਖ ਮੰਤਰੀ ਦੇ ਦੌਰੇ ਮੌਕੇ ਆਈ.ਜੀ. ਪਟਿਆਲਾ ਜੋਨ. ਸ਼੍ਰੀ ਪਰਮਰਾਜ ਸਿਘ ਉਮਰਾਨੰਗਲ, ਐਸ.ਐਸ.ਪੀ. ਪਟਿਆਲਾ ਸ਼੍ਰੀ ਗੁਰਮੀਤ ਸਿੰਘ ਚੌਹਾਨ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਰਾਮਵੀਰ ਸਿੰਘ, ਡੀ.ਆਈ.ਜੀ. ਜੇਲ੍ਹਾ ਸ਼੍ਰੀ ਐਲ.ਕੇ. ਜਾਖੜ ਅਤੇ ਪੁਲਿਸ ਦੇ ਜੇਲ੍ਹ ਵਿਭਾਗ ਦੇ ਹੋਰ ਕਈ ਸੀਨੀਅਰ ਅਧਿਕਾਰੀ ਵੀ ਹਾਜਰ ਸਨ।