ਜਮਹੂਰੀ ਅਧਿਕਾਰ ਸਭਾ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ
ਅਸ਼ੋਕ ਵਰਮਾ
ਬਠਿੰਡਾ, 2ਮਾਰਚ2024: ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਗੁਰਬਤ ਦੀ ਜ਼ਿੰਦਗੀ ਹੰਢਾ ਰਹੇ ਕਰਜੇ ਦੇ ਜਾਲ ਵਿੱਚ ਫਸੇ,ਗਰੀਬ ਕਿਸਾਨੀ ਪਰਿਵਾਰ ਦੇ ਜੰਮਪਲ ਪਿੰਡ ਬੱਲੋ ਦੇ ਸ਼ੁਭਕਰਨ ਸਿੰਘ ਦੀ ਕਿਸਾਨੀ ਮੰਗਾਂ ਲਈ ਚੱਲ ਰਹੇ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੇ ਹੋਈ ਮਾਨਮਤੀ ਸ਼ਹਾਦਤ ਤੇ ਸ਼ਰਧਾ ਦੇ ਫੁੱਲ ਭਂੇਟ ਕੀਤੇਹਨ। ਸਭਾ ਵੱਲੋਂ ਸ਼ੋਕ ਮਤਾ ਪਾਸ ਕਰਕੇ ਜਿਲ੍ਹਾ ਪ੍ਰਧਾਨ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਹੈ ਕਿ ਕੇਂਦਰ ਤੇ ਹਰਿਆਣਾ ਸਰਕਾਰ ਨੇ ਪਹਿਲਾਂ ਇੰਟਰਨੈਟ ਬੰਦ ਕੀਤਾ ਤੇ ਫਿਰ ਹਾਈਵੇ ਉੱਪਰ ਭਾਰੀ ਬੈਰੀਕੇਡ ਲਾ ਕੇ ਸ਼ਾਂਤਮਈ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੇ ਡਰੋਨਾਂ ਰਾਹੀਂ ਅਥਰੂ ਗੈਸ ਦੇ ਵੱਡੇ ਗੋਲੇ ਹੀ ਨਹੀਂ ਸੁੱਟੇ ਬਲਕਿ ਪੈਲਟ ਗੰਨਾਂ ਦੀ ਵਰਤੋਂ ਕਰਦਿਆਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ।
ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਹੀ ਇੱਕ ਗੋਲੀ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਵੱਜੀ ਅਤੇ ਹੋਰ ਅਨੇਕਾਂ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ ਕਈ ਕਿਸਾਨ ਅਜੇ ਵੀ ਹਸਪਤਾਲਾਂ ਵਿੱਚ ਜਖਮੀ ਹਾਲਤ ਵਿੱਚ ਪਏ ਹਨ । ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਇੱਕ ਹਫਤਾ ਲੇਟ ਕੀਤੇ ਜਾਣ ਦੀ ਵੀ ਸਭਾ ਨੇ ਨਿੰਦਾ ਕੀਤੀ ਹੈ । ਇਸ ਤੋਂ ਇਲਾਵਾ ਪ੍ਰਿਤਪਾਲ ਸਿੰਘ ਨਾਂ ਦੇ ਇੱਕ ਕਿਸਾਨ ਤੇ ਹਰਿਆਣਾ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਢਾਹਿਆ ਅਤੇ ਉਹ ਪੀਜੀਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ।
ਉਹਨਾਂ ਕਿਹਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹੇ ਜਾਣ ਵਾਲੇ ਦੇਸ਼ ਵਿੱਚ ਸਰਕਾਰਾਂ ਵੱਲੋਂ ਪੁਲਿਸ ਅਤੇ ਨੀਮ ਫੌਜੀ ਬਲਾਂ ਦੀ ਵਰਤੋਂ ਕਰਦਿਆਂ ਲੋਕਾਂ ਦੇ ਪ੍ਰਗਟਾਵੇ ਅਤੇ ਸਨਮਾਨਜਨਕ ਜਿੰਦਗੀ ਜਿਉਣ ਲਈ ਸੰਘਰਸ਼ ਕਰਨ ਦੇ ਹੱਕ ਨੂੰ ਖੋਹਣਾ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਉਹਨਾਂ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਵੱਲੋਂ ਜਬਰ ਦੇ ਇਸ ਸਮੁੱਚੇ ਵਰਤਾਰੇ ਬਾਰੇ ਭਰਵੀਂ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਸਭਾ ਇਹ ਵੀ ਮਹਿਸੂਸ ਕਰਦੀ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਰਾਜਕੀ ਕਤਲ ਹੈ ਜਿਸ ਦੀ ਨਿਰਪੱਖ ਜਾਂਚ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।