ਨਾਭਾ, 20 ਦਸੰਬਰ, 2016 : ਨਾਭਾ ਜੇਲ ਬ੍ਰੇਕ ਮਾਮਲੇ ਵਿਚ ਸ਼ਾਮਲ ਪੰਜ ਦੋਸ਼ੀਆਂ ਨੂੰ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੰਗਲਵਾਰ ਨੂੰ ਨਾਭਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 22 ਦਸੰਬਰ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਇਨ੍ਹਾਂ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਹਰਮਿੰਦਰ ਸਿੰਘ ਮਿੰਟੂ, ਜੇਲ ਬ੍ਰੇਕ ਦਾ ਮਾਸਟਰਮਾਈਂਡ ਬਲਵਿੰਦਰ ਸਿੰਘ ਪਿੰਦਾ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ, ਜਗਤਾਰ ਸਿੰਘ ਸ਼ਾਮਲ ਹੈ।
ਦੱਸਣਯੋਗ ਹੈ ਕਿ ਬੀਤੀ 27 ਨਵੰਬਰ ਨੂੰ ਨਾਭਾ ਦੀ ਮੈਕਸੀਮਮ ਸਕਿਓਇਰਟੀ ਜੇਲ 'ਤੇ ਹਮਲਾ ਕਰਕੇ 12 ਦੇ ਕਰੀਬ ਗੈਂਗਸਟਰ ਦੋ ਅੱਤਵਾਦੀਆਂ ਅਤੇ 4 ਗੈਂਗਸਟਰਾਂ ਨੂੰ ਭਜਾ ਕੇ ਲੈ ਗਏ ਸਨ। ਭਾਵੇਂ ਪੁਲਸ ਨੇ ਜੇਲ ਤੋੜ ਕੇ ਭੱਜੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹਰਿਮੰਦਰ ਮਿੰਟੂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਕ ਅੱਤਵਾਦੀ ਕਸ਼ਮੀਰ ਸਿੰਘ ਅਤੇ ਚਾਰ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਅਤੇ ਅਮਨ ਢੋਟੀਆ ਨੂੰ ਅਜੇ ਵੀ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ। ਪੁਲਸ ਫਰਾਰ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।