ਜੀ ਐਸ ਪੰਨੂ
ਪਟਿਆਲਾ, 10 ਅਕਤੂਬਰ 2017 : ਪੰਜਾਬੀ ਭਾਸ਼ਾ ਤੇ ਕੇਂਦਰੀ ਹਮਲੇ ਵਿਰੁੱਧ ਤਿੰਨ ਬੁੱਧੀਜੀਵੀਆਂ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ, ਡਾ. ਜੋਗਾ ਸਿੰਘ ਵਿਰਕ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਭਾਸ਼ਾ ਮਾਹਰ ਅਤੇ ਮਾਤ ਭਾਸ਼ਾ ਅਤੇ ਪੰਜਾਬੀ ਦੇ ਅਲੰਬਦਾਰ ਡਾ. ਪੰਡਿਤ ਰਾਓ ਧਰੇਨਵਰ ਜੋ ਕਿ ਮੂਲ ਰੂਪ ਵਿੱਚ ਕੰਨੜ ਹਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਕੇਂਦਰੀ ਪ੍ਰੋਜੈਕਟਾਂ ਨੈਸ਼ਨਲ ਹਾਈਵੇ, ਰੇਲਵੇ ਸਟੇਸ਼ਨਾਂ ਆਦਿ ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ ਤੇ ਸੁੱਟ ਕੇ ਬੋਰਡਾਂ ਤੇ ਪਹਿਲੇ ਸਥਾਨ ਤੇ ਹਿੰਦੀ ਲਿਖਣ ਦੀ ਨਵੀਂ ਪਿਰਤ ਨੂੰ ਦੇਸ਼ ਦੇ ਸੰਘੀ ਢਾਂਚੇ ਤੇ ਇਕ ਨਵਾਂ ਹਮਲਾ ਕਰਾਰ ਦਿੱਤਾ ਹੈ। ਤਿੰਨਾਂ ਵਿਦਵਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਖੇਤਰੀ ਭਾਸ਼ਾਵਾਂ ਨੂੰ ਦਬਾਕੇ ਹਿੰਦੀ ਭਾਸ਼ਾ ਠੋਸ ਕੇ ਵੱਖ-ਵੱਖ ਖਿੱਤਿਆਂ ਦੇ ਵਿਲੱਖਣ ਸਭਿਆਚਾਰਾਂ ਨੂੰ ਖਤਮ ਕਰਕੇ ਇਕਾਆਤਮਕ ਭਾਰਤ ਦੇ ਨਾਂ ਹੇਠ ਹਿੰਦੂ ਰਾਸ਼ਟਰਵਾਦ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨਾਂ ਚਾਹੁੰਦੀ ਹੈ।ਇਹ ਦੇਸ਼ ਦੇ ਬਹੁ-ਭਾਸ਼ਾਈ, ਬਹੁ ਸਭਿਆਚਾਰੀ, ਬਹੁ-ਕੌਮੀ ਖਾਸੇ ਲਈ ਹੀ ਇਕ ਖਤਰੇ ਦੀ ਘੰਟੀ ਨਹੀਂ ਸਗੋਂ ਹੋ ਰਹੀ ਬਦਜਨੀ ਪੈਦਾ ਕਰਕੇ ਇਸ ਦੇਸ਼ ਦੀ ਏਕਤਾ ਵਿੱਚ ਅਨੇਕਤਾ ਨੂੰ ਵੀ ਖੜਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਪੰਜਾਬੀ ਭਾਸ਼ਾ ਤੇ ਇਸ ਹਮਲੇ ਦੇ ਵਿਰੋਧ ਵਿੱਚ ਤਿੰਨਾਂ ਵਿਦਵਾਨਾਂ ਨੇ ਭਾਸ਼ਾ ਭਵਨ ਪਟਿਆਲਾ ਵਿਖੇ ਪੰਜਾਬੀ ਹਿਤੈਸ਼ੀਆਂ ਦੀ ਜਲਦ ਇਕ ਕਾਨਫਰੰਸ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।ਉਹਨਾਂ ਨੂੰ ਸਮੂਹ ਪੰਜਾਬੀ ਹਿਤੈਸ਼ੀਆਂ, ਬੁੱਧੀਜੀਵੀਆਂ ਲੇਖਕਾਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਮਸਲੇ ਤੇ ਇੱਕ ਜੁੱਟ ਹੋਣ ਸੱਦਾ ਦਿੱਤਾ ਹੈ।