ਫਗਵਾੜਾ, 21 ਫਰਵਰੀ 2018 :
ਮਾਂ ਬੋਲੀ ਪੰਜਾਬੀ ਪਿਆਰਿਆਂ ਵਲੋਂ ਅੱਜ ਫਗਵਾੜਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਮਾਰਚ ਦਾ ਆਰੰਭ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜੋਗਿੰਦਰ ਬਾਸੀ ਐਮ ਡੀ ਗਾਉਂਦਾ ਪੰਜਾਬ, ਅਵਤਾਰ ਸਿੰਘ ਭੁੱਲਰ ਏ ਡੀ ਸੀ ਕਪੂਰਥਲਾ, ਬਬੀਤਾ ਕਲੇਰ ਏ ਡੀ ਸੀ ਫਗਵਾੜਾ, ਐਸ ਪੀ ਫਗਵਾੜਾ ਪਰਮਿੰਦਰ ਸਿੰਘ ਭੰਡਾਲ, ਸਤੀਸ਼ ਜੈਨ ਐਮ ਡੀ ਹਵੇਲੀ ਵਲੋਂ ਹਰੀ ਝੰਡੀ ਦੇਕੇ ਪੰਜਾਬੀ ਬੋਲੀ ਦੇ ਹੱਕ ਵਿੱਚ ਨਾਰੇ ਲਗਾ ਕੇ ਕਰਵਾਇਆ ਗਿਆ। ਇਸ ਮਾਰਚ ਵਿੱਚ ਫਗਵਾੜਾ ਸ਼ਹਿਰੀਆਂ ਸਮੇਤ ਵੱਖੋ ਵੱਖਰੀਆਂ ਸੰਸਥਾਵਾਂ ਦੇ ਨੁਮਾਇੰਦੇ, ਲੇਖਕ, ਪੱਤਰਕਾਰ, ਬੁੱਧੀਜੀਵੀ, ਅਧਿਆਪਕ, ਸਕੂਲੀ ਬੱਚੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਹ ਮਾਰਚ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਬਲੱਡ ਬੈਂਕ ਫਗਵਾੜਾ ਤੋਂ ਆਰੰਭ ਹੋਕੇ ਸ਼ਹਿਰ ਦੇ ਬਜ਼ਾਰਾਂ, ਗੁੜ ਮੰਡੀ, ਗਾਂਧੀ ਚੌਂਕ, ਬਾਂਸਾਂ ਵਾਲਾਂ ਬਾਜ਼ਾਰ, ਝੱਟਕਈਆਂ ਚੌਂਕ ਆਦਿ ਤੋਂ ਹੁੰਦਾ ਹੋਇਆ ਸ਼੍ਰੀਨਾਥ ਪੈਲੇਸ 'ਚ ਸਮਾਪਤ ਹੋਇਆ।
ਇਸ ਮਾਰਚ ਦੀ ਆਰੰਭਤਾ ਤੇ ਪੰਜਾਬੀ ਵਿਰਸਾ ਟਰੱਸਟ, ਸੰਗੀਤ ਦਰਪਨ ਪੰਜਾਬੀ ਮਾਸਿਕ ਮੈਗਜ਼ੀਨ, ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ, ਜਰਨਲਿਸਟ ਪ੍ਰੈਸ ਕਲੱਬ ਦੇ ਪੱਤਰਕਾਰ ਸੰਸਥਾ ਵਲੋਂ ਕਰਵਾਏ ਇਸ ਮਾਰਚ 'ਚ ਬੋਲਦਿਆਂ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ, ਸਾਡੇ ਕਾਰੋਬਾਰ ਦੀ ਭਾਸ਼ਾ ਬਣਨੀ ਚਾਹੀਦੀ ਹੈ ਅਤੇ ਘਰਾਂ ਵਿੱਚ ਇਸ ਨੂੰ ਬੋਲਣੋਂ ਪਰਹੇਜ ਨਹੀਂ ਕਰਨਾ ਚਾਹੀਦਾ। ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦਾ ਗਹਿਣਾ ਹੈ ਅਤੇ ਸਾਨੂੰ ਇਸ ਦਾ ਮਾਨ ਤੇ ਸਤਿਕਾਰ ਕਰਨਾ ਚਾਹੀਦਾ ਹੈ। ਜੋਗਿੰਦਰ ਬਾਸੀ ਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਦਾ ਬੋਲਬਾਲਾ ਹੈ ਤੇ ਪੰਜਾਬ 'ਚ ਇਸਨੂੰ ਪਿੱਛੇ ਕਿਉਂ ਕੀਤਾ ਜਾ ਰਿਹਾ ਹੈ। ਐਸ ਪੀ ਫਗਵਾੜਾ ਨੇ ਕਿਹਾ ਕਿ ਹਰ ਪੰਜਾਬੀ ਨੂੰ ਪੰਜਾਬੀ ਪੜ੍ਹਨੀ, ਲਿਖਣੀ ਤੇ ਬੋਲਣੀ ਚਾਹੀਦੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਨੇ ਦਾਗਿਸਤਾਨ ਪੁਸਤਕ ਦੀ ਚਰਚਾ ਕਰਦਿਆਂ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਣ ਦੀ ਗੱਲ ਪੁਰਜ਼ੋਰ ਸ਼ਬਦਾਂ 'ਚ ਕਹੀ। ਤਰਨਜੀਤ ਕਿੰਨੜਾ ਨੇ ਦੱਸਿਆ ਕਿ ਮਾਂ ਬੋਲੀ ਵਿੱਚ ਰਚਿਆ ਸਾਹਿੱਤ ਸਾਨੂੰ ਸਭਿਅਕ ਬਣਾਉਂਦਾ ਹੈ।
ਗੁਰਮੀਤ ਪਲਾਹੀ ਨੇ ਕਿਹਾ ਕਿ ਵਿਰਸਾ ਅਤੇ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਮਾਂ ਬੋਲੀ ਪੰਜਾਬੀ ਸਭ ਤੋਂ ਸੌਖਾ ਅਤੇ ਸੁਹਿਰਦ ਸਾਧਨ ਹੈ। ਉਹਨਾ ਕਿਹਾ ਕਿ ਜੇਕਰ ਪੰਜਾਬੀ ਬੋਲੀ ਨੂੰ ਪੰਜਾਬੀ ਭੁੱਲ ਜਾਣਗੇ ਤਾਂ ਕੱਖਾਂ ਵਾਂਗੂ ਰੁਲ ਜਾਣਗੇ। ਸਤੀਸ਼ ਜੈਨ ਐਮ ਡੀ ਹਵੇਲਿ ਗਰੁੱਪ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਮਾਜ ਵਿੱਚ ਬਣਦਾ ਮਾਨ ਸਨਮਾਨ ਨਹੀਂ ਮਿਲ ਰਿਹਾ ਹੈ ਇਸ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ। ਡਾ. ਜਗੀਰ ਸਿੰਘ ਨੂਰ ਨੇ ਕਿਹਾ ਕਿ ਮਾਂ ਬੋਲੀ ਸਾਡੀ ਸਮਾਜਿਕ, ਨੈਤਿਕ, ਮਨੋਵਿਗਿਆਨ ਅਤੇ ਅਮੀਰੀ ਦਾ ਦਰਪਣ ਹੈ। ਡਾ: ਰਮਨ ਦਾ ਕਹਿਣਾ ਸੀ ਕਿ ਵਾਤਾਵਰਨ ਦੀ ਸ਼ੁੱਧੀ ਲਈ ਮਾਂ ਬੋਲੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਵੱਡੀ ਗਿਣਤੀ 'ਚ ਇਸ ਮਾਰਚ 'ਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਡਾ: ਐਸ.ਐਲ. ਵਿਰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਦਾ ਭਵਿੱਖ ਉਹਨਾ ਦੇ ਹੱਥਾਂ 'ਚ ਹੈ। ਅਤੇ ਉਹਨਾ ਨੂੰ ਪੰਜਾਬੀ ਬੋਲੀ ਨੂੰ ਆਪਣੀ ਮਾਂ ਵਾਂਗਰ ਪਿਆਰ ਕਰਨਾ ਚਾਹੀਦਾ ਹੈ।
ਇਸ ਮਾਰਚ ਵਿਚ ਐਸ.ਐਸ. ਪੀ ਕਪੂਰਥਲਾ ਵਲੋਂ ਜਸਕਰਨ ਸਿੰਘ ਤੇਜਾ ਐਸ.ਪੀ. ਕਪੂਰਥਲਾ, ਇੰਦਰਦੇਵ ਸਿੰਘ ਮਨਿਹਾਸ ਤਹਿਸੀਲਦਾਰ, ਐਸ ਐਚ ਓ. ਸਿਟੀ ਭਰਤ ਮਸੀਹ, ਇੰਸਪੈਕਟਰ ਗੁਰਮੀਤ ਸਿੰਘ ਸੀ ਆਈ ਏ, ਸੁੱਚਾ ਸਿੰਘ ਟ੍ਰੈਫਿਕ ਇੰਚਾਰਜ, ਸਤਬੀਰ ਸਿੰਘ ਵਾਲੀਆ, ਦਲਜੀਤ ਰਾਜੂ, ਅਵਤਾਰ ਪੰਡਵਾ, ਸੁਨੀਲ ਪ੍ਰਾਸ਼ਰ, ਰਾਮ ਕੁਮਾਰ ਚੱਢਾ ਹਦੀਆਬਾਦ, ਪਰਵਿੰਦਰਜੀਤ ਸਿੰਘ, ਅਸ਼ੋਕ ਚੱਢਾ, ਡਾ. ਜੀ.ਬੀ ਸਿੰਘ, ਤਰਲੋਚਣ ਸਿੰਘ, ਸ਼ੀਤਲ ਰਾਮ ਬੰਗਾ, ਰਵਿੰਦਰ ਚੋਟ, ਲੇਖਕ ਬਲਦੇਵ ਰਾਜ ਕੋਮਲ, ਕਿਰਪਾਲ ਸਿੰਘ ਮਾਇਓ ਪੱਟੀ, ਅਸ਼ੋਕ ਸ਼ਰਮਾ, ਟੀ.ਡੀ. ਚਾਵਲਾ, ਹਰੀਪਾਲ ਸਿੰਘ ਪ੍ਰਧਾਨ ਜਰਨਲਿੱਸਟ ਕਲੱਬ, ਕੁਲਵੰਤ ਚਾਨਾ, ਭੁਪਿੰਦਰ ਪਾਲ ਸਿੰਘ, ਗਗਨ ਨਈਅਰ, ਕਰਨਜੋਤ ਸਿੰਘ ਝਿੱਕਾਂ ਐਡਵੋਕੇਟ, ਰਿੰਪਲ ਪੁਰੀ, ਗੋਪੀ ਬੇਦੀ, ਵਿੱਕੀ ਰਾਣੀਪੁਰ, ਤਜਿੰਦਰ ਸਿੰਘ ਮਾਡਰਨ ਸ਼ੂਅ, ਧਨਪਾਲ ਸਿੰਘ ਗਾਂਧੀ, ਆਸ਼ੂ ਸ਼ਰਮਾ, ਬੰਟੀ ਸਰਮਾ, ਕ੍ਰਿਸ਼ਨ ਕੁਮਾਰ, ਅਗਮ ਪ੍ਰਾਸ਼ਰ, ਯਤਿਨ ਸ਼ਰਮਾ, ਵਿਜੇ ਸੋਨੀ, ਅਮਨਦੀਪ, ਮਨਜੀਤ ਰਾਮ, ਮਨੋਜ ਫਗਵਾੜਵੀ ਆਦਿ ਨੇ ਹਿੱਸਾ ਲਿਆ। ਐਪਲ ਓਰਚਿੱਡ, ਆਰੀਆ ਮਾਡਲ ਸਰਕਾਰੀ ਸੀ.ਐ. ਸਕੂਲ,ਐਸ ਡੀ ਮਾਡਲ ਸਕੂਲ, ਸਰਕਾਰੀ ਸੀ. ਸ. ਸਕੂਲ ਲੜਕੇ ਅਤੇ ਲੜਕੀਆਂ, ਰਾਮਗੜ੍ਹੀਆ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਮਾਰਚ ਵਿਚ ਵੱਖੋ ਵੱਖਰੀਆ ਪੰਜਾਬੀ ਬੋਲੀ ਦੇ ਹੱਕ ਵਿੱਚ ਤੱਖਤੀਆਂ ਲੈ ਕੇ ਬਜ਼ਾਰਾਂ ਵਿੱਚ ਪੰਜਾਬੀ ਹਿਤੂ ਨਾਰੇ ਲਗਾਉਂਦੇ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਿਲ ਹੋਏ। ਮਾਰਚ ਵਿੱਚ ਸ਼ਾਮਿਲ ਹੋਏ ਸਭਨਾ ਨੂੰ ਸ਼੍ਰੀਨਾਥ ਪੈਲੇਸ ਵਲੋਂ ਚਾਹ ਪਾਣੀ ਦੀ ਸੇਵਾ ਕੀਤੀ ਗਈ। ਇਸ ਸਮਾਪਿਤੀ ਸਮੇਂ ਮਾਰਚ ਵਿੱਚ ਸ਼ਾਮਿਲ ਹੋਏ ਸਭਨਾਂ ਵਲੋਂ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ ਕਿ ਪੰਜਾਬ ਵਿੱਚ ਪ੍ਰਾਇਮਰੀ ਪੱਧਰ ਦੀ ਸਿਖਿਆ ਪੰਜਾਬੀ ਵਿੱਚ ਹੋਵੇ ਅਤੇ ਦੂਜੀਆਂ ਭਾਸ਼ਾ ਦਾ ਗਿਆਨ ਛੇਵੀਂ ਤੋਂ ਕੀਤਾ ਜਾਵੇ ਅਤੇ ਪੰਜਾਬ ਵਿੱਚ ਸਾਰੇ ਬੋਰਡ ਪੰਜਾਬੀ ਵਿੱਚ ਲਿਖੇ ਜਾਣ ਜਰੂਰੀ ਕੀਤੇ ਜਾਣ ਅਤੇ ਦਫਤਰਾਂ ਅਤੇ ਅਦਾਲਤਾਂ ਵਿੱਚ ਪੰਜਾਬੀ ਲਾਜ਼ਮੀ ਕੀਤੀ ਜਾਵੇ। ਪੰਜਾਬੀ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਥਾਂ ਮੁੱਖ ਸਕੱਤਰ ਪੰਜਾਬ ਜਾਂ ਮੁੱਖ ਮੰਤਰੀ ਪੰਜਾਬ ਕੋਲ ਹੋਵੇ। ਇੱਕਠ ਨੇ ਪਬਲਿਕ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਵਿਦਿਆਰਥੀਆਂ ਤੋਂ ਖੋਹੇ ਜਾਣ ਲਈ ਪੁਰਜੋਰ ਨਿੰਦਾ ਕੀਤੀ।