ਲੁਧਿਆਣਾ, 16 ਮਈ, 2017 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰਕਾਰੀ ਮਾਡਲ ਸਕੂਲ ਵਿਚ ਪੰਜਾਬੀ ਭਾਸ਼ਾ ਨਾ ਪੜ੍ਹਾਏ ਜਾਣ 'ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਮਾਤ ਭਾਸ਼ਾ ਪੰਜਾਬੀ ਪੜ੍ਹਾਈ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਇਸ ਗਲ ਦਾ ਗੰਭੀਰ ਨੋਟਿਸ ਲਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲਦੇ ਮਾਡਲ ਸਕੂਲ ਵਿਚ ਮੁੱਢਲੀਆਂ ਜਮਾਤਾਂ ਤੋਂ ਸਾਰੀ ਪੜ੍ਹਾਈ ਸਿਰਫ਼ ਅੰਗਰੇਜ਼ੀ ਮਾਧਿਅਮ ਰਾਹੀਂ ਕਰਵਾਈ ਜਾਂਦੀ ਹੈ। ਜੇ ਕੋਈ ਵਿਦਿਆਰਥੀ ਪੰਜਾਬੀ ਮਾਧਿਅਮ ਵਿਚ ਪੜ੍ਹਨਾ ਚਾਹੇ ਤਾਂ ਇਸ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਕੋਈ ਪ੍ਰਬੰਧ ਹੈ। ਇਸ ਸਕੂਲ ਦੀ ਸਥਾਪਨਾ ਪੰਜਾਬੀ ਯੂਨੀਵਰਸਿਟੀ ਦੇ ਮੈਂਡੇਟ ਅਨੁਸਾਰ ਪੰਜਾਬੀ ਮਾਧਿਅਕ ਵਿਚ ਹਰ ਪੱਧਰ ਦੀ ਪੜਾਈ ਕਰਵਾਉਣ ਦੇ ਮਕਸਦ ਨਾਲ ਕੀਤੀ ਗਈ ਸੀ। ਬਦਕਿਸਮਤੀ ਹੈ ਕਿ ਹੁਣ ਇਹ ਸਕੂਲ ਇਸ ਮਕਸਦ ਅਤੇ ਜ਼ਿੰਮੇਂਵਾਰੀ ਨੂੰ ਪੂਰੀ ਤਰ੍ਹਾਂ ਤਿਆਗ ਚੁੱਕਿਆ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਮੰਗ ਕਰਦੀ ਹੈ ਕਿ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਚ ਵਿਦਿਆ ਪੰਜਾਬੀ ਮਾਧਿਅਮ ਵਿਚ ਪੜ੍ਹਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਸ ਸਕੂਲ ਨੂੰ ਪੰਜਾਬੀ ਮਾਧਿਅਮ ਵਿਚ ਪੜ੍ਹਾਈ ਕਰਵਾਉਣ ਦੇ ਆਦਰਸ਼ਕ ਮਾਡਲ ਦੇ ਰੂਪ ਵਿਚ ਵਿਕਸਤ ਕੀਤਾ ਜਾਵੇ। ਯਾਦ ਰਹੇ ਕਿ ਇਹ ਸਕੂਲ ਥੋੜ੍ਹੀ ਦੇਰ ਪਹਿਲਾਂ ਤੱਕ ਪੰਜਾਬੀ ਮਾਧਿਅਮ ਦੀ ਪੜ੍ਹਾਈ ਕਰਵਾਉਣ ਵਾਲਾ ਸਕੂਲ ਰਿਹਾ ਹੈ। ਇਸ ਦਾ ਉਹੀ ਸਰੂਪ ਬਹਾਲ ਕੀਤਾ ਜਾਵੇ। ਪੰਜਾਬੀ ਸਾਹਿਤ ਅਕਾਡਮੀ ਨੇ ਇਸ ਗਲ ਦਾ ਵੀ ਗੰਭੀਰ ਨੋਟਿਸ ਲਿਆ ਹੈ ਕਿ +1 ਅਤੇ +2 ਆਰਟ ਵਿਚ ਚੋਣਵਾਂ ਵਿਸ਼ਾ ਪੰਜਾਬੀ ਲੈਣ ਦੀ ਵੀ ਖੁੱਲ੍ਹ ਨਹੀਂ ਹੈ।
ਅਕਾਡਮੀ ਨੇ ਸਵਾਲ ਕੀਤਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ/ਪਾਸਾਰ ਲਈ ਬਣੀ ਯੂਨੀਵਰਸਿਟੀ ਵਿਚ ਹੀ ਪੰਜਾਬੀ ਚੋਣਵਾਂ ਵਿਸ਼ਾ ਨਹੀਂ ਪੜ੍ਹਾਇਆ ਜਾ ਰਿਹਾ ਤਾਂ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਕੀ ਆਸ ਕਰ ਸਕਦੇ ਹਾਂ। ਪੰਜਾਬੀ ਸਾਹਿਤ ਅਕਾਡਮੀ ਮੰਗ ਕਰਦੀ ਹੈ ਕਿ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਫੌਰੀ ਤੌਰ ’ਤੇ ਇਨ੍ਹਾਂ ਮੁੱਦਿਆਂ ’ਤੇ ਗੌਰ ਕਰਨ ਅਤੇ ਲੋੜੀਂਦਾ ਪ੍ਰਬੰਧ ਕਰਨ।
ਪੰਜਾਬੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਪੁਰਜ਼ੋਰ ਮੰਗ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ, ਖੁਸ਼ਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਸਿੰਘ, ਇੰਜ. ਜਸਵੰਤ ਜ਼ਫ਼ਰ, ਮਨਜਿੰਦਰ ਸਿੰਘ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਭਗਵੰਤ ਸਿੰਘ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਡਾ. ਸ਼ਰਨਜੀਤ ਕੌਰ, ਡਾ. ਦਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਦੇਵ ਸਿੰਘ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਸਨ।