ਭਾਜਪਾ ਆਗੂਆਂ ਅਤੇ ਟੋਲ ਪਲਾਜਿਆਂ ਤੇ ਕਿਸਾਨਾਂ ਨੇ ਧਰਨਿਆਂ ਦੀ ਮਿਆਦ ਵਧਾਈ
ਅਸ਼ੋਕ ਵਰਮਾ
ਬਠਿੰਡਾ,18 ਫਰਵਰੀ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 17 ਫਰਵਰੀ ਤੋਂ ਭਾਜਪਾ ਦੇ ਆਗੂਆਂ ਦੇ ਘਰਾਂ ਅੱਗੇ ਅਤੇ ਟੋਲ ਪਲਾਜ਼ਿਆਂ ਤੇ ਧਰਨੇ 22 ਫਰਵਰੀ ਤੱਕ ਜਾਰੀ ਰਹਿਣਗੇ । ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 20 ਫਰਵਰੀ ਤੋਂ 22 ਫਰਵਰੀ ਤੱਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬਾ ਆਗੂਆਂ ਦੇ ਘਰਾਂ ਅੱਗੇ ਧਰਨੇ ਅਤੇ ਟੋਲ ਪਲਾਜੇ ਵੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਦੂਜੇ ਦਿਨ ਵੀ ਬੱਲੂਆਣਾ, ਜੀਦਾ, ਲਹਿਰਾ ਬੇਗਾ ਅਤੇ ਸ਼ੇਖਪੁਰਾ ਟੋਲ ਪਲਾਜ਼ਾਿਆਂ ਤੇ ਧਰਨੇ ਦੇ ਕੇ ਉਥੋਂ ਲੰਘਣ ਵਾਲੇ ਵਾਹਨਾਂ ਨੂੰ ਟੋਲ ਮੁਕਤ ਕੀਤਾ ਗਿਆ।
ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਹੱਕਾਂ ਲਈ ਲੜਨ ਦਾ ਜਮਹੂਰੀ ਹੱਕ ਕੁਚਲਣ ਅਤੇ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਬਲਾਕ , ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਔਰਤ ਜਥੇਬੰਦੀ ਬਠਿੰਡਾ ਦੇ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇ ਹੁਕਮਾਂ ਤਹਿਤ ਹਰਿਆਣਾ ਦੀ ਖਟਰ ਹਕੂਮਤ ਵਾਲੀ ਭਾਜਪਾ ਸਰਕਾਰ ਵੱਲੋਂ 13 ਫਰਵਰੀ ਨੂੰ ਆਪਣੀਆਂ ਹੱਕੀ ਕਿਸਾਨੀ ਮੰਗਾਂ ( ਜਿੰਨ੍ਹਾਂ ਵਿੱਚ ਕੁਝ ਮੰਗਾਂ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਕੇਂਦਰ ਦੀ ਹਕੂਮਤ ਨੇ ਲਿਖਤੀ ਤੌਰ ਤੇ ਵੀ ਮੰਨੀਆਂ ਹੋਈਆਂ ਹਨ।)ਲਈ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਹੱਲੇ ਵਾਂਗ ਦੁਸ਼ਮਣ ਸਮਝਦਿਆਂ ਹੋਇਆਂ ਰਸਤੇ ਵਿੱਚ ਵੱਡੀਆਂ ਰੋਕਾਂ ਖੜੀਆਂ ਕਰਕੇ ਭਾਰੀ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਰਾਹੀਂ ਰੋਕਿਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਕਿਸਾਨ ਵਿਰੋਧੀ ਜਾਬਰ ਹੱਲੇ ਅਤੇ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਜੋ ਕਿ ਕੌਮੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਸਾਂਝੀਆਂ ਹਨ ਮਨਾਉਣ ਤੱਕ ਉਹਨਾਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨਾਲ ਤਾਲਮੇਲਮੇਂ ਸੰਘਰਸ਼ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਸੰਘਰਸ਼ ਨੂੰ ਫੁੱਟ ਪਾਊ ਤਾਕਤਾਂ, ਧਾਰਮਿਕ ਫਿਰਕਾਪ੍ਰਸਤ ਤਾਕਤਾਂ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢੋ , ਸਾਰੀਆਂ ਫਸਲਾਂ ਦੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ।