ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਦਾ ਜਾਂਚ ਲਈ ਪੇਸ਼ ਹੋਣ ਸਿਰਫ਼ ਇਕ ਡਰਾਮਾ - ਤ੍ਰਿਪਤ ਬਾਜਵਾ
ਲੋਕੇਸ਼ ਰਿਸ਼ੀ
ਗੁਰਦਾਸਪੁਰ, 09 ਅਕਤੂਬਰ 2021- ਲਖੀਮਪੁ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਉਰਫ਼ ਸੋਨੂੰ ਦਾ ਸਰੰਡਰ ਉੱਤਰ ਪ੍ਰਦੇਸ਼ ਸਰਕਾਰ ਦਾ ਸਿਰਫ਼ ਇੱਕ ਡਰਾਮਾ ਹੈ ਅਤੇ ਇਸ ਨਾਲ ਕੋਈ ਇਨਸਾਫ਼ ਨਹੀਂ ਮਿਲਣ ਵਾਲਾ। ਕਿਉਂ ਕਿ ਉਸ ਨੂੰ ਜਾਂਚ ਦੇ ਨਾਮ ਤੇ ਅੱਧਾ ਘੰਟਾ ਬਿਠਾ ਕੇ ਛੱਡ ਦਿੱਤਾ ਜਾਵੇਗਾ ਅਤੇ ਗੱਲ ਆਈ ਗਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਵਿਚਾਰ ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਸ ਵੇਲੇ ਪੇਸ਼ ਕੀਤੇ ਗਏ ਜਦੋਂ ਉਹ ਬਟਾਲਾ ਵਿਖੇ ਕੁੱਝ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਲਖੀਮਪੁਰ ਮਾਮਲੇ ਨੂੰ ਲੈ ਕੇ ਮੰਤਰੀ ਬਾਜਵਾ ਨੇ ਜਿੱਥੇ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਜਮ ਕੇ ਤਿੱਖੇ ਸ਼ਬਦੀ ਰਗੜੇ ਲਾਏ। ਪਰ ਉੱਥੇ ਇਸ ਦੇ ਨਾਲ ਹੀ ਜਦੋਂ ਮੰਤਰੀ ਬਾਜਵਾ ਕੋਲੋਂ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵਰਤੀ ਗਈ ਭੱਦੀ ਸ਼ਬਦਾਵਲੀ ਬਾਰੇ ਸਵਾਲ ਕੀਤਾ ਗਿਆ ਤਾਂ ਮੰਤਰੀ ਸਾਹਿਬ ਬਚਦੇ ਨਜ਼ਰ ਆਏ।
ਇਸ ਮੌਕੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰੀਦੀਆਂ ਬਾਜਵਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਖੇ ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦਾ ਸਰੰਡਰ ਯੂ.ਪੀ ਸਰਕਾਰ ਵੱਲੋਂ ਸਿਰਫ਼ ਇੱਕ ਡਰਾਮਾ ਕੀਤਾ ਗਿਆ ਹੈ ਅਤੇ ਉਸ ਨੂੰ ਅੱਧਾ ਪੌਣਾ ਘੰਟਾ ਬਿਠਾ ਕੇ ਫਿਰ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਯੋਗੀ ਸਰਕਾਰ ਇਸ ਮਾਮਲੇ ਨੂੰ ਲੈ ਕੇ ਅਸਲੀਅਤ ਵਿੱਚ ਸੰਜੀਦਾ ਹੁੰਦੀ ਤਾਂ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਪਹਿਲੇ ਦਿਨ ਹੀ ਹੋ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਦੀ ਬੀ.ਜੇ.ਪੀ ਅਤੇ ਯੂਪੀ ਦੀ ਭਾਜਪਾ ਸਰਕਾਰ ਦਾ ਡਰਾਮਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਦੀ ਮੌਤ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਅਦਿੱਤਿਆ ਨਾਥ ਦਾ ਇੱਕੋ ਹੀ ਮਕਸਦ ਹੈ ਕਿ ਕਿਸੇ ਵੀ ਤਰਾਂ ਉੱਤਰ ਪ੍ਰਦੇਸ਼ ਵਿੱਚ ਮੁੜ ਤੋਂ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ।
ਇਸ ਦੌਰਾਨ ਮੰਤਰੀ ਬਾਜਵਾ ਨੇ ਬੀਤੇ ਦਿਨੀਂ ਡੀ.ਜੀ.ਪੀ ਪੰਜਾਬ ਲਗਾਉਣ ਨੂੰ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਵੱਲੋਂ ਮੁੱਖ ਮੰਤਰੀ ਪੰਜਾਬ ਉੱਪਰ ਸਰਕਾਰ ਨਾ ਸੰਭਾਲ ਪਾਉਣ ਦੇ ਦੋਸ਼ ਲਾਉਂਦਿਆਂ ਇਕ ਬਿਆਨ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਵਿੱਚ ਆਪਣੀ ਮਰਜ਼ੀ ਦਾ ਡੀ.ਜੀ.ਪੀ ਤੱਕ ਨਹੀਂ ਲਗਾ ਸਕਦੇ। ਇਸ ਤੇ ਬਾਜਵਾ ਨੇ ਯੋਗੀ ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਯੋਗੀ ਅਦਿੱਤਿਆ ਨਾਥ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਅਜਿਹੇ ਵੱਡੇ ਅਹੁਦਿਆਂ ਸਬੰਧੀ ਲਏ ਜਾਣ ਵਾਲੇ ਫ਼ੈਸਲੇ ਕਿਸੇ ਇੱਕ ਵਿਅਕਤੀ ਦੀ ਮਰਜ਼ੀ ਨਾਲ ਨਹੀਂ ਬਲ ਕੀ ਬਾਕਾਇਦਾ ਇੱਕ ਪੈਨਲ ਵੱਲੋਂ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਗੱਲ ਰਹੀ ਡੀ.ਜੀ.ਪੀ ਆਪਣੀ ਮਰਜ਼ੀ ਦਾ ਲਗਾਉਣ ਦੀ ਤਾਂ ਮੁੱਖ ਮੰਤਰੀ ਸਮਾਂ ਆਉਣ ਤੇ ਉਹ ਵੀ ਆਪਣੀ ਮਰਜ਼ੀ ਦਾ ਹੀ ਲਾਉਣਗੇ।
ਮੰਤਰੀ ਬਾਜਵਾ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਬਾਰੇ ਸੋਚਣ ਦੀ ਬਜਾਏ ਯੋਗੀ ਸਰਕਾਰ ਆਪਣੇ ਰਾਜ ਵਿੱਚ ਲਗਾਤਾਰ ਵਿਗੜਦੀ ਕਨੂੰਨ ਵਿਵਸਥਾ ਨੂੰ ਸੁਧਾਰਨ ਵੱਲ ਧਿਆਨ ਦੇਣ।
ਹਾਲਾਂ ਕਿ ਇਸ ਦੌਰਾਨ ਜਦੋਂ ਮੰਤਰੀ ਬਾਜਵਾ ਕੋਲੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵਰਤੀ ਗਈ ਭੱਦੀ ਸ਼ਬਦਾਵਲੀ ਵਾਲੀ ਵਾਇਰਲ ਵੀਡੀਓ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਅਜਿਹੀ ਕੋਈ ਵੀਡੀਓ ਨਹੀਂ ਵੇਖੀ।