ਲਖੀਮਪੁਰ ਖੀਰੀ ਹੱਤਿਆਕਾਂਡ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ : ਅਕਾਲੀ ਦਲ
- ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਉਹਨਾਂ ਖਿਲਾਫ ਧਾਰਾ 120 ਬੀ ਦਾ ਕੇਸ ਦਰਜ ਕੀਤਾ ਜਾਵੇ : ਹਰਸਿਮਰਤ ਕੌਰ ਬਾਦਲ
- ਕਿਹਾ ਕਿ ਯੂ ਪੀ ਪੁਲਿਸ ਗ੍ਰਹਿ ਰਾਜ ਮੰਤਰੀ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੀ, ਕੇਸ ਗੈਰ ਭਾਜਪਾ ਸ਼ਾਸਤ ਰਾਜ ਵਿਚ ਤਬਦੀਲ ਕੀਤਾ ਜਾਵੇ
ਚੰਡੀਗੜ੍ਹ, 9 ਅਕਤੂਬਰ 2021 - ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਹੱਤਿਆ ਕਰਨ ਦੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਤੇ ਉਹਨਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਫਦ ਵੱਲੋਂ ਲਖੀਮਪੁਰ ਖੀਰੀ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਮੰਗ ਰੱਖੀ ਹੈ। ਉਹਨਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਇਯਾਲੀ ਤੇ ਹਰਮੀਤ ਸਿੰਘ ਕਾਲਕਾ ਵੀ ਲਖੀਮਪੁਰ ਖੀਰੀ ਗਏ ਗਏ ਸਨ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ, ਜਿਹਨਾਂ ਨੂੰ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਗੱਡੀ ਥੱਲੇ ਕੇ ਮਾਰ ਦਿੱਤਾ, ਦੇ ਪਰਿਵਾਰਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਤੋਂ ਨਿਆਂ ਦੀ ਕੋਈ ਆਸ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਸ ਕੇਸ ਵਿਚ ਉਦੋਂ ਤੱਕ ਨਿਆਂ ਨਹੀਂ ਮਿਲ ਸਕਦਾ ਜਦੋਂ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਨੁੰ ਬਰਖ਼ਾਸਤ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾÇ ਕ ਮੈਨੁੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਹਾਲੇ ਤੱਕ ਬਰਖ਼ਾਸਤ ਕਿਉਂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜੈ ਮਿਸ਼ਰਾ ਦੇ ਖਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ 25 ਸਤੰਬਰ ਨੁੰ ਲੋਕਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਹਿੰਸਾ ਲਈ ਭੜਕਾਇਆ। ਉਹਨਾਂ ਕਿਹਾ ਕਿ ਸੰਜੇ ਮਿਸ਼ਰਾ ਦੇ ਅਪਰਾਧ ਵਿਚ ਵਾਧਾ ਹੋ ਗਿਆ ਹੈ ਕਿਉਂਕਿ ਉਹਨਾਂ ਦੇ ਪੁੱਤਰ ਨੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਆਪਣੀ ਗੱਡੀ ਥੱਲੇ ਦੇ ਕੇ ਮਾਰ ਦਿੱਤਾ ਜਦਕਿ ਮਿਸ਼ਰਾ ਕਹਿ ਰਹੇ ਹਨ ਕਿ ਗੱਡੀ ’ਤੇ ਪਥਰਾਅ ਹੋਣ ਕਾਰਨ ਡਰਾਈਵਰ ਨੇ ਸੰਤੁਲਨ ਗੁਆਇਆ।
ਉਹਨਾਂ ਕਿਹਾ ਕਿ ਘਟਲਾ ਦੀਆਂ ਹੁਣ ਤੱਕ ਸਾਹਮਣੇ ਆਈਆਂ ਲਾਈਵ ਵੀਡੀਓ ਵਿਚ ਇਹ ਗੱਲ ਆਪਣੇ ਆਪ ਗਲਤ ਸਾਬਤ ਹੋ ਗਈ ਹੈ। ਉਹਨਾਂ ਕਿਹਾ ਕਿ ਅਜੈ ਮਿਸ਼ਰਾ ਦੇ ਖਿਲਾਫ ਧਾਰਾ 120 ਬੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਹਿੰਸਾ ਭੜਾਈ ਤੇ ਜਾਂਚ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੀੜਤ ਪਰਿਵਾਰ ਸਮੇਤ ਆਪਣੇ ਸਭ ਕਾ ਸਭ ਕਾ ਵਿਸ਼ਵਾਸ ਦੇ ਨਾਅਰੇ ਮੁਤਾਬਕ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਇਹ ਗੱਲ ਵੀ ਕਹੀ ਕਿ ਇਹ ਸਾਰਾ ਕੇਸ ਗੈਰ ਭਾਜਪਾ ਸ਼ਾਸਤ ਸੂਬੇ ਵਿਚ ਤਬਦੀਲ ਹੋਣਾ ਚਾਹੀਦਾ ਹੈ ਕਿਉਂਕਿ ਉੱਤਰ ਪ੍ਰਦੇਸ਼ ਪੁਲਿਸ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਦੀ ਸਥਿਤੀ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਮੰਤਰੀ ਦੇ ਪੁੱਤਰ ਖਿਲਾਫ ਕਾਰਵਾਈ ਵਾਸਤੇ ਪੰਜ ਦਿਨ ਖੁੰਝਾ ਦਿੱਤੇ ਗਏ, ਉਸ ਤੋਂ ਇਹ ਸਪਸ਼ਟ ਹਤੇ ਕਾਰਵਾਈ ਉਦੋਂ ਹੀ ਹੋ ਰਹੀ ਹੈ ਜਦੋਂ ਸੁਪਰੀਮ ਕੋਰਟ ਨੇ ਮਾਮਲੇ ਵਿਚ ਦਖਲ ਦਿੱਤਾ ਹੈ।
ਇਸ ਦੌਰਾਨ ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਸਮੇਤ ਪੀੜਤਾਂ ਦੇ ਘਰ ਦੇ ਦੌਰੇ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਉਹ ਹੈਰਾਨ ਸਨ ਕਿ ਕਿਸ ਤਰੀਕੇ ਬੇਸਹਾਰਾ ਪੀੜਤਾਂ ਨਾਲ ਅਨਿਆਂ ਕੀਤਾ ਗਿਆ। ਉਹਨਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਉਹਨਾਂ ਨੂੰ ਦੱਸਿਆ ਕਿ ਉਹ ਪੈਸੇ ਜਾਂ ਨੌਕਰੀ ਨਹੀਂ ਚਾਹੁੰਦੇ ਬਲਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇ ਕੇ ਮਾਮਲਾ ਨਿਪਟਾਇਆ ਜਾਣਾ ਚਾਹੁੰਦੇ ਹਨ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ ਪਰਿਵਾਰਾਂ ਤੇ ਪੱਤਰਕਾਰ ਦੇ ਪਰਿਵਾਰ ਨਾਲ ਵਾਪਰੇ ਇਸ ਦੁਖਾਂਤ ਨੂੰ ਦੇ ਕੇ ਮਨ ਭਰ ਆਇਆ ਹੈ। 18 ਸਾਲਾਂ ਦਾ ਲਵਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੇ ਮਾਪਿਆਂ ਕੋਲ ਸਿਰਫ 3 ਕਿੱਲੇ ਜ਼ਮੀਨ ਹੈ ਤੇ ਮਾਪਿਆਂ ਨੇ ਉਸਨੁੰ ਲੰਗਰ ਸੇਵਾ ਵਿਚ ਸੇਵਾ ਕਰਨ ਵਾਸਤੇ ਭੇਜਿਆ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਨਛੱਤਰ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ ਤੇ ਉਸਦਾ ਪੁੱਤਰ ਬਾਰਡਰ ਸਕਿਓਰਿਟੀ ਫੋਰਸ ਵਿਚ ਸੇਵਾਵਾਂ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਰਮਨ ਕਸ਼ਯਪ ਦੇ ਬੱਚਿਆਂ ਨੂੰ ਤਾਂ ਇਹ ਵੀ ਸਮਝ ਨਹੀਂ ਕਿ ਉਹਨਾਂ ਦਾ ਪਿਓ ਕੀ ਕੰਮ ਕਰਦਾ ਸੀ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਸਰਕਾਰ ਕਿਸਾਨਾਂ ਪ੍ਰਤੀ ਇੰਨੀ ਬੇਦਿਲ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੀ ਜਿਵੇਂ ਕਿ ਹੁਣ ਪੀੜਤ ਪਰਿਵਾਰਾਂ ਨੂੰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਗੁਨਾਹ ਸਿਰਫ ਇਹ ਹੈ ਕਿ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਉਹਨਾਂ ਕਿਹਾ ਕ ਇਸ ਵਾਸਤੇ ਉਹਨਾਂ ਨੁੰ ਹਰਿਆਣਾ ਦੇ ਮੁੱਖ ਮੰਤਰੀ ਐਮ ਐਲ ਖੱਟਰ ਵੱਲੋਂ ਹਾਲ ਹੀ ਵਿਚ ਦਿੱਤੇ ਬਿਆਨ ਮੁਤਾਬਕ ਡਾਂਗਾ ਨਾਲ ਮਾਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਅਜੈ ਮਿਸ਼ਰਾ ਵਰਗੇ ਕਿਸਾਨਾਂ ਖਿਲਾਫ ਲੋਕਾਂ ਨੂੰ ਸਿਰਫ ਇਸ ਕਰ ਕੇ ਭੜਕਾ ਰਹੇ ਸਨ ਕਿ ਕਿਸਾਨ ਆਪਣੇ ਹੱਕਾਂ ਵਾਸਤੇ ਕਿਉਂ ਸੰਘਰਸ਼ ਕਰ ਰਹੇ ਹਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਉੱਤਰ ਪ੍ਰਦੇਸ਼ ਪੁਲਿਸ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੀ ਹੈ ਤੇ ਉਸਨੇ ਕੇਂਦਰੀ ਮੰਤਰੀ ਦੇ ਤਿੰਨ ਵਾਹਨਾਂ ਨੂੰ ਤਿੰਨ ਕਾਲੇ ਕਾਨੁੰਨਾਂ ਖਿਲਾਫ ਸ਼ਾਂਤਮਈ ਰੋਸ ਵਿਖਾਵਾ ਕਰਨ ਮਗਰੋਂ ਵਾਪਸ ਪਰਤ ਰਹੇ ਕਿਸਾਨਾਂ ਨੁੰ ਦਰੜਨ ਦੀ ਆਗਿਆ ਦਿੱਤੀ ਹੈ। ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਅਪੀਲ ਕੀਤੀ ਕਿ ਅਜੈ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।