ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ: ਦੋਵਾਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ, 6 ਸਤੰਬਰ 2024 - ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ 30 ਦਿਨ ਪਹਿਲਾਂ ਸ਼ੁੱਕਰਵਾਰ, 6 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਏ। ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਵਿਨੇਸ਼ ਜੁਲਾਨਾ ਸੀਟ ਤੋਂ ਚੋਣ ਲੜੇਗੀ। ਇਸ ਦੇ ਨਾਲ ਹੀ ਬਜਰੰਗ ਦੇ ਵੀ ਚੋਣ ਲੜਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਦੋਵੇਂ ਪਹਿਲਵਾਨਾਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਾਂਗਰਸ ਹੈੱਡਕੁਆਰਟਰ ਪਹੁੰਚੇ। ਸੂਬੇ 'ਚ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਆਉਣਗੇ।
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵਿਨੇਸ਼ ਅਤੇ ਬਜਰੰਗ ਨੇ ਰੇਲਵੇ ਦੀਆਂ ਨੌਕਰੀਆਂ ਛੱਡ ਦਿੱਤੀਆਂ ਸਨ। ਦੋਵੇਂ ਓਐਸਡੀ ਸਪੋਰਟਸ ਦੇ ਅਹੁਦੇ ’ਤੇ ਸਨ। ਵਿਨੇਸ਼ ਨੇ ਸੋਸ਼ਲ ਮੀਡੀਆ (ਐਕਸ) 'ਤੇ ਲਿਖਿਆ, 'ਭਾਰਤੀ ਰੇਲਵੇ ਦੀ ਸੇਵਾ ਮੇਰੇ ਜੀਵਨ ਦਾ ਯਾਦਗਾਰੀ ਅਤੇ ਮਾਣ ਵਾਲਾ ਸਮਾਂ ਰਿਹਾ ਹੈ। ਆਪਣੀ ਜ਼ਿੰਦਗੀ ਦੇ ਇਸ ਮੋੜ 'ਤੇ ਮੈਂ ਰੇਲਵੇ ਸੇਵਾ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਰੇਲਵੇ ਨੇ ਮੈਨੂੰ ਜੋ ਮੌਕਾ ਦਿੱਤਾ, ਉਸ ਲਈ ਮੈਂ ਭਾਰਤੀ ਰੇਲਵੇ ਪਰਿਵਾਰ ਦਾ ਹਮੇਸ਼ਾ ਧੰਨਵਾਦੀ ਰਹਾਂਗੀ।