ਸੱਚਖੰਡ ਵਿਖੇ ਵਾਪਰੀ ਘਟਨਾ ਬੇਹੱਦ ਮੰਦਭਾਗੀ, ਗੰਭੀਰ ਸਾਜ਼ਿਸ਼ ਦੀ ਲਖਾਇਕ - ਜੋਗਿੰਦਰ ਸਿੰਘ ਅਦਲੀਵਾਲ
ਅੰਮ੍ਰਿਤਸਰ :19 ਦਸੰਬਰ 2021 - ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਦੀ “ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ( ਰਜਿ ) ਨੇ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇਕ ਦੋਸ਼ੀ ਵੱਲੋਂ ਸਤਿਗੁਰਾਂ ਦੀ ਨਿਰਾਦਰੀ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਬੇਹੱਦ ਮੰਦਭਾਗਾ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਦੇ ਹਿਰਦੇ ਵਲੂੰਧਰਨ ਵਾਲੀ ਘਟਨਾ ਕਰਾਰ ਦੇਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ।
ਐਸੋਸੀਏਸ਼ਨ ਦੇ ਪ੍ਰਧਾਨ ਸ ਜੋਗਿੰਦਰ ਸਿੰਘ ਅਦਲੀਵਾਲ ਨੇ ਪ੍ਰੈੱਸ ਦੇ ਨਾਮ ਜਾਰੀ ਇੱਕ ਬਿਆਨ ਵਿੱਚ ਇਸ ਘਟਨਾ ਪਿੱਛੇ ਫ਼ਿਰਕੂ ਇਕਸੁਰਤਾ ਅਤੇ ਅਮਨ ਚੈਨ ਦੀਆਂ ਦੁਸ਼ਮਣ ਤਾਕਤਾਂ , ਅਤੇ ਏਜੰਸੀਆਂ ਦੀ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਇਸ ਘਟਨਾ ਨੂੰ ਹਿਰਦੇ ਵੇਧਕ ਦੱਸਿਆ ਹੈ ।
ਬਿਆਨ ਵਿੱਚ ਸ ਅਦਲੀਵਾਲ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਅਨੂਠਾ ਸਰਬ ਸਾਂਝਾ ਤੀਰਥ ਅਸਥਾਨ ਜਿੱਥੇ ਰਾਤ ਦਿਨ ਪਰਵਰਦਗਾਰ ਦੀ ਕੀਰਤੀ ਗਾਈ ਜਾਂਦੀ ਹੈ, ਵਿਖੇ ਅਜਿਹੀ ਕੋਸ਼ਿਸ਼ ਕੋਈ ਸਹਿਬਨ ਜਾਂ ਸੁੱਤੇ ਸਿੱਧ ਹੋਈ ਘਟਨਾ ਨਹੀਂ ਕਹੀ ਜਾ ਸਕਦੀ - ਇਸ ਪਿੱਛੇ ਗੰਭੀਰ ਸਾਜਸ਼ ਹੈ ਜੋ ਨੰਗੀ ਹੋਣੀ ਚਾਹੀਦੀ ਹੈ।
ਅਦਲੀਵਾਲ ਨੇ ਮੌਕੇ ਤੇ ਤਾਇਨਾਤ ਸੇਵਾਦਾਰਾਂ , ਕਰਮਚਾਰੀਆਂ ਦੀ ਸੁਚੇਤਤਾ ਦੀ ਸਰਾਹਨਾ ਕਰਦਿਆਂ ਕਿਹਾ ਹੈ ਜੇਕਰ ਦੋਸ਼ੀ ਨੂੰ ਛਿਨ ਭਰ ਵਿੱਚ ਦਬੋਚ ਨਾ ਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਮਹਾਂਰਾਜ ਦੀ ਹਜ਼ੂਰੀ ਵਿੱਚ ਰੱਖੇ ਕਿਸੇ ਸ਼ਸਤਰ ਨਾਲ ਉਹ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਦੇਂਦਾ ਪਰ ਜਦ ਉਸਨੂੰ ਦਬੋਚ ਲਿਆ ਗਿਆ ਸੀ ਤਾਂ ਉਸ ਪਾਸੋਂ ਇਸ ਸਾਜ਼ਿਸ਼ ਦੇ ਪਿੱਛੇ ਲੁਕੇ ਹੋਏ ਪੰਥ ਦੋਖੀਆਂ ਦੇ ਚਿਹਰੇ ਜਗ ਜ਼ਾਹਰ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਸੀ ਪਰ ਗੁਰੂ ਪ੍ਰਤੀ ਆਸਥਾ ਤੇ ਸਤਿਕਾਰ ਨੇ ਪ੍ਰੇਮੀਆਂ ਨੂੰ ਦੋਸ਼ੀ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਲਈ ਮਜਬੂਰ ਕਰ ਦਿੱਤਾ ।
ਜੋਗਿੰਦਰ ਸਿੰਘ ਅਦਲੀਵਾਲ ਨੇ ਹੋਰ ਕਿਹਾ ਕਿ ਜੇਕਰ ਕਨੂੰਨ ਵਿੱਚ ਉਮਰ ਕੈਦ ਜਾਂ ਫਾਂਸੀ ਵਰਗੀ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੁੰਦਾ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਅਜਿਹੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਯਕੀਨਨ ਇਹ ਘਟਨਾਵਾ ਰੋਕੀਆਂ ਜਾ ਸਕਦੀਆਂ ਸੀ।
ਐਸੋਸੀਏਸ਼ਨ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਪੁਰ-ਜ਼ੋਰ ਮੰਗ ਕੀਤੀ ਹੈ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਪਿੱਛੇ ਛੁਪੀ ਸਾਜਸ਼ ਬੇਨਕਾਬ ਕੀਤੀ ਜਾਵੇ ਅਤੇ ਸ਼ੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਇਸ ਸੰਬੰਧੀ ਕਨੂੰਨੀ ਚਾਰਾਜੋਈ ਕਰਨੀ ਚਾਹੀਦੀ ਹੈ ।