← ਪਿਛੇ ਪਰਤੋ
ਚੰਡੀਗੜ੍ਹ, 22 ਅਕਤੂਬਰ, 2017 : ਪੰਜਾਬੀ ਪ੍ਰੇਮੀਆਂ ਵੱਲੋਂ ਪੰਜਾਬ ਵਿਚਲੇ ਨੈਸ਼ਨਲ ਹਾਈਵੇਜ਼ ਦੇ ਸਾਈਨ ਬੋਰਡਾਂ ਤੇ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਦੇ ਖ਼ਿਲਾਫ਼ ਪੰਜਾਬੀ ਪ੍ਰੇਮੀਆਂ ਵੱਲੋਂ ਪਿਛਲੇ ਦਿਨੀਂ ਉਠਾਈ ਆਵਾਜ਼ ਦਾ ਠੋਸ ਅਸਰ ਹੋਇਆ ਹੈ . ਕੌਮੀ ਸ਼ਾਹਰਾਹਾਂ ਤਿਆਰ ਕਰਨ ਵਾਲੀ ਕੇਂਦਰ ਸਰਕਾਰ ਵੱਲੋਂ ਇਹ ਨਿਰਨਾ ਕੀਤਾ ਗਿਆ ਹੈ ਕਿ ਬਠਿੰਡਾ -ਅੰਮ੍ਰਿਤਸਰ ਹਾਈਵੇ 'ਤੇ ਸਾਈਨ ਬੋਰਡਾਂ ਤੇ ਪੰਜਾਬੀ ਨੂੰ ਤੀਜਾ ਸਥਾਨ ਦੇਣ ਦੀ ਗ਼ਲਤੀ ਨੂੰ ਸੁਧਾਰਿਆ ਜਾਵੇਗਾ . ਹੁਣ ਪੰਜਾਬੀ ਨੂੰ ਸਭ ਤੋਂ ਉੱਪਰ ਅਤੇ ਅੰਗਰੇਜ਼ੀ ਅਤੇ ਹਿੰਦੀ ਨੂੰ ਹੇਠਾਂ ਲਿਖਿਆ ਜਾਵੇਗਾ . ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਪੀ ਡਬਲਿਊ ਡੀ ਦੇ ਚੀਫ਼ ਇੰਜੀਨੀਅਰ ( ਨੈਸ਼ਨਲ ਹਾਈਵੇਜ਼ ) ਏ ਕੇ ਸਿੰਗਲਾ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪੰਜਾਬੀ ਦਾ ਸਥਾਨ ਤਬਦੀਲ ਕਰਨ ਦੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਹੋਵੇਗੀ ਅਤੇ ਲਗਭਗ 15 ਦਿਨਾਂ ਵਿਚ ਇਹ ਕੰਮ ਪੂਰਾ ਕੀਤਾ ਜਾਵੇਗਾ . ਸਿੰਗਲਾ ਨੇ ਦੱਸਿਆ ਕਿ ਪੰਜਾਬ ਵੱਲੋਂ ਇਹ ਮੁੱਦਾ ਸਬੰਧਤ ਕੇਂਦਰੀ ਅਧਿਕਾਰੀਆਂ ਕੋਲ ਉਠਾਇਆ ਗਿਆ ਸੀ ਜਿਸ ਦੇ ਜਵਾਬ ਵਿਚ ਹਫ਼ਤਾ ਕੁ ਪਹਿਲਾਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬੀ ਬਾਰੇ ਇਹ ਗ਼ਲਤੀ ਸੁਧਾਰੀ ਜਾਵੇਗੀ . ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਦੀ ਉਸਾਰੀ ਅਤੇ ਸਾਈਨ ਬੋਰਡ ਲਾਉਣ ਅਤੇ ਇਸ ਦੇ ਖ਼ਰਚੇ ਦੀ ਸਾਰੀ ਜ਼ਿੰਮੇਵਾਰੀ ਕੇਂਦਰੀ ਅਥਾਰਟੀ ਦੀ ਹੁੰਦੀ ਹੈ . ਚੇਤੇ ਰਹੇ ਕਿ ਪੰਜਾਬੀ ਪ੍ਰੇਮੀਆਂ ਵੱਲੋਂ ਪੰਜਾਬੀ ਨਾਲ ਵਿਤਕਰੇ ਦਾ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਇਹ ਸਿਆਸੀ ਰੰਗਤ ਵੀ ਲੈ ਗਿਆ ਸੀ . ਸ਼ਨੀਵਾਰ ਨੂੰ ਕੁੱਝ ਸਿੱਖ ਜਥੇਬੰਦੀਆਂ ਦੇ ਕਰਿੰਦਿਆਂ ਨੇ ਬਠਿੰਡਾ -ਅੰਮ੍ਰਿਤਸਰ ਹਾਈਵੇ 'ਤੇ ਲੱਗੇ ਕੁੱਝ ਸਾਈਨ ਬੋਰਡਾਂ ਤੇ ਲਿਖੀ ਹਿੰਦੀ ਅਤੇ ਅੰਗਰੇਜ਼ੀ ਉੱਤੇ ਕਲਾ ਰੰਗ ਫੇਰ ਦਿੱਤਾ ਸੀ . ਇਹ ਵੀ ਖ਼ਬਰ ਹੈ ਕਿ ਪੁਲਿਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁਚਾਉਣ ਦੇ ਦੋਸ਼ ਵਿਚ ਉਨ੍ਹਾਂ ਦੇ ਖ਼ਿਲਾਫ਼ ਕੇਸ ਵੀ ਡਰ ਕਰ ਲਏ ਹਨ .
Total Responses : 267