ਕੁਲਵਿੰਦਰ ਸਿੰਘ
- ਨਿਆਪਲਕਾ ਦੇ ਫ਼ੈਸਲੇ ਨੇ ਬਾਦਲਕਿਆਂ ਨੂੰ ਛੱਡ ਸਿੱਖਾਂ ਨੂੰ ਦਿੱਤਾ ਝਟਕਾ
ਅ੍ਰੰਮਿਤਸਰ, 11 ਅਪ੍ਰੈਲ 2021 - ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਕਿਹਾ ਆਈ ਜੀ ਕੁਵੰਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਰਿਪੋਰਟ ਗੰਦਲੀ ਸਿਆਸਤ ਦਾ ਸ਼ਿਕਾਰ ਹੋ ਗਈ। ਜਿਸ ਕਰਕੇ ਪੰਜਾਬ ਹਾਈ ਕੋਰਟ ਨੇ ਇਸਨੂੰ ਰੱਦ ਕਰ ਦਿੱਤਾ ਹੈ। ਕੋਰਟ ਦੇ ਫ਼ੈਸਲੇ ਨੇ ਬਾਦਲਕਿਆਂ ਨੂੰ ਛੱਡ ਕੇ ਹਰ ਇੰਸਾਫ ਪਸੰਦ ਸਿੱਖ ਨੂੰ ਨਿਰਾਸ ਕੀਤਾ ਹੈ।
ਇਹ ਸਪਸ਼ਟ ਹੋ ਗਿਆ ਹੈ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆ ਬੇਅਦਬੀਆਂ ਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦਾ ਇੰਸਾਫ ਅਕਾਲੀਆਂ ਤੇ ਕਾਂਗਰਸ ਕੋਲੋਂ ਨਹੀਂ ਮਿਲ ਸਕਦਾ। ਅਦਾਲਤਾਂ ਵੀ ਸਿਆਸਤਦਾਨਾਂ ਤੇ ਦੋਸ਼ੀਆਂ ਦਾ ਪ੍ਰਭਾਵ ਕਬੂਲਦੀਆਂ ਨਜ਼ਰ ਆਉਦੀਆ ਹਨ।
ਕਮੇਟੀ ਆਗੂਆਂ ਨੇ ਕਿਹਾ ਕਿ ਕਾਂਗਰਸ 2017 ਦੀ ਚੋਣਾਂ ਸਮੇਂ ਬੇਅਦਬੀਆਂ ਤੇ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਇਨਸਾਫ ਦੇਣ ਦਾ ਭਰੋਸਾ ਦੇਕੇ ਸੱਤਾ ਵਿੱਚ ਆਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਕਿਆ ਨਾਲ ਦੋਸਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਰਾਜਨੀਤੀਕਰਣ ਕਰ ਦਿੱਤਾ ਹੈ ਤੇ ਹੁਣ ਸਿੱਖਾਂ ਨੂੰ ਪੂਰਾ ਵਿਸ਼ਵਾਸ ਹੋ ਚੁੱਕਿਆਂ ਹੈ ਕਿ ਕੈਪਟਨ, ਬਾਦਲਕਿਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗਾ ਬਲਕਿ ਉਨ੍ਹਾਂ ਦਾ ਬਚਾਓ ਕਰੇਗਾ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਨਿਰਪੱਖ ਤੇ ਤੱਥਾਂ 'ਤੇ ਅਧਾਰਿਤ ਦੱਸਦੇ ਹੋਏ ਹਵਾਰਾ ਕਮੇਟੀ ਆਗੂਆਂ ਨੇ ਕਿਹਾ ਜਦ ਵੀ ਦੋਸ਼ੀ ਸਿਆਸਤਦਾਨ ਤੇ ਪੁਲਿਸ ਅਫਸਰਾਂ ਨੂੰ ਜੇਲ੍ਹ ਦੀ ਕੋਠੜੀ ਹਕੀਕਤ ਬਣਦੀ ਨਜ਼ਰ ਆਉਦੀ ਹੈ ਤਾਂ ਇਹ ਬੇਬੁਨਿਆਦ ਦੋਸ਼ ਲਗਾ ਕੇ ਸੱਚੀ ਰਿਪੋਰਟ ਨੂੰ ਪੱਖਪਾਤੀ ਬਣਾ ਦਿੰਦੇ ਹਨ। ਸ਼ੁਰੂ ਤੋਂ ਬਾਦਲਕਿਆ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਹਟਉਣ ਦੀ ਰੱਟ ਲਗਾਈ ਹੋਈ ਸੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਮਸਲੇ ਤੇ ਨਾ ਮਿਲ ਰਹੇ ਇੰਸਾਫ ਤੇ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਤੇ ਤਖਤਾ ਦੇ ਜਥੇਦਾਰ ਵੀ ਮੁਹ ਬੰਦ ਰੱਖਕੇ ਆਪਣੇ ਸਿਆਸੀ ਆਕਾ ਦਾ ਧਰਮ ਪਾਲਨ ਕਰ ਰਹੇ ਹਨ। ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਬਲਬੀਰ ਸਿੰਘ ਹਿਸਾਰ ਆਦਿ ਨੇ ਪੰਜਾਬ ਸਰਕਾਰ ਤੇ ਦੌਸ਼ ਲਗਾਇਆ ਕਿ ਉਸਨੇ ਹਾਈ ਕੋਰਟ ਵਿੱਚ ਦੋਸ਼ੀ ਪੁਲਿਸ ਅਫਸਰਾਂ ਵੱਲੋਂ ਲਗਾਈ ਪਟੀਸ਼ਨ ਦੀ ਪੈਰਵੀ ਕਰਨ ਵਿੱਚ ਦਿਆਨਤਦਾਰੀ ਨਹੀਂ ਦਿਖਾਈ।