ਚੰਡੀਗੜ੍ਹ, 24 ਅਪ੍ਰੈਲ 2021 - ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵੱਲੋਂ ਜਾਰੀ ਕੀਤੇ ਪ੍ਰੈਸਨੋਟ 'ਚ ਕਿਹਾ ਕੇ ਉਹਨਾਂ ਨੇ ਆਪਣੇ ਮੀਡੀਆ ਵਿੱਚ ਦਿੱਤੇ ਪਹਿਲੇ ਬਿਆਨ ਵਿਚ, ਸੁਝਾਅ ਦਿੱਤਾ ਸੀ ਕਿ ਮੌਜੂਦਾ ਸਰਕਾਰ ਨੂੰ ਇਕ ਨਵੀਂ ਐਸਆਈਟੀ ਦਾ ਗਠਨ ਕਰਨਾ ਚਾਹੀਦਾ ਹੈ ਜੋ ਇਕ ਮਹੀਨੇ ਦੇ ਅੰਦਰ-ਅੰਦਰ ਜਾਂਚ ਪੂਰੀ ਕਰੇ ਅਤੇ ਅਦਾਲਤ ਵਿਚ ਇਸ ਮੁਕੱਦਮੇ ਸਬੰਧੀ ਚਲਾਨ ਦਾਇਰ ਕਰੇ।
ਬਾਜਵਾ ਨੇ ਅੱਗੇ ਕਿਹਾ ਕੇ ਹਾਈ ਕੋਰਟ ਨੇ ਵੀ ਇਹੋ ਜਿਹਾ ਨਿਰੀਖਣ ਕਰਦਿਆਂ ਇਹ ਨਿਰਦੇਸ਼ ਦਿੱਤਾ ਹੈ ਕਿ ਇਨ੍ਹਾਂ ਕੇਸਾਂ ਦੀ ਜਾਂਚ ਜਿੰਨੀ ਜਲਦੀ ਹੋ ਸਕੇ ਪੂਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਤਰਜੀਹੀ ਤੌਰ ਤੇ ਐਸਆਈਟੀ ਦੇ ਗਠਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਇਹ ਮੁਕੰਮਲ ਹੋਣੀ ਚਾਹੀਦੀ ਹੈ। ਫੈਸਲੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਕੇਸਾਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਜ਼ਰੂਰਤ ਹੈ ਜੋ ਨਿਰੰਤਰ ਇਨਸਾਫ ਦੀ ਉਡੀਕ ਕਰ ਰਹੇ ਹਨ।
ਬਾਜਵਾ ਨੇ ਕਿਹਾ ਉਹਨਾਂ ਨੇ ਵੀ ਇਹੀ ਰਾਏ ਜ਼ਾਹਰ ਕੀਤੀ ਸੀ ਕਿ ਸਾਡੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਸਾਡੇ ਚੋਣ ਵਾਅਦੇ ਦੇ ਅਧਾਰ 'ਤੇ ਸੱਤਾ ਲਈ ਵੋਟ ਦਿੱਤੀ ਸੀ। ਇਸ ਲਈ, ਉਨ੍ਹਾਂ ਨੂੰ ਸਰਕਾਰ ਦੁਆਰਾ ਇਨਸਾਫ਼ ਲਈ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ ਅਤੇ ਤੇਜ਼ੀ ਨਾਲ ਜਾਂਚ ਕਰਨਾ ਸਮੇਂ ਦੀ ਲੋੜ ਸੀ l
ਹੁਣ ਤੱਕ ਕੀਤੀ ਗਈ ਜਾਂਚ 'ਤੇ ਟਿੱਪਣੀ ਕੀਤੇ ਬਿਨਾਂ ਅਤੇ ਸਾਡੀ ਪਾਰਟੀ ਕੋਲ ਇਸ ਸਬੰਧੀ ਇਨਸਾਫ਼ ਦੇਣ ਲਈ ਕੀਤੇ ਚੋਣ ਵਾਅਦੇ ਨਿਭਾਉਣ ਲਈ ਰਹਿੰਦੇ ਸਮੇਂ ਦੀ ਨਜ਼ਾਕਤ ਨੂੰ ਮੁੱਖ ਤੌਰ ਤੇ ਧਿਆਨ ਵਿੱਚ ਰੱਖਦਿਆਂ, ਮੈਂ ਮਹਿਸੂਸ ਕਰਦਾ ਹਾਂ ਕਿ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਬਜਾਏ, ਇੰਨ ਬਿੰਨ ਲਾਗੂ ਕਰਨਾ ਚਾਹੀਦਾ ਹੈ l ਇੱਕ ਨਵੀਂ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕਰਕੇ ਜਾਂਚ ਛੇਤੀ ਤੋਂ ਛੇਤੀ ਅਤੇ ਤਰਜੀਹੀ ਤੌਰ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਮੁੱਕਮਲ਼ ਕਰਕੇ, ਅਦਾਲਤ ਵਿੱਚ ਚਲਾਨ ਦਾਇਰ ਕਰਨ ਤੋਂ ਬਾਅਦ, ਸਬੰਧਤ ਅਦਾਲਤ ਵਿੱਚ ਮੁਕੱਦਮੇ ਦੀ ਸੁਣਵਾਈ ਦਿਨ ਪ੍ਰਤੀ ਦਿਨ ਕਰਨ ਲਈ ਬੇਨਤੀ ਕਰਨੀ ਚਾਹੀਦੀ ਹੈ l