Kotkapura Firing Case: ਨਵੀਂ ਵੀਡੀਓ ਨੇ ਖੋਲ੍ਹੇ ਕਈ ਰਾਜ਼ , ਪੈ ਸਕਦੈ ਪਾਸਾ ਉਲਟਾ
ਕੋਟਕਪੁਰਾ, 17 ਸਤੰਬਰ, 2023: ਕੋਟਕਪੁਰਾ ਫਾਇਰਿੰਗ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਫਾਇਰਿੰਗ ਮਾਮਲੇ ਦੀ ਇਕ ਹੋਰ ਸੀ ਸੀ ਟੀ ਵੀ ਫੁਟੇਜ ਸਾਹਮਣੇ ਆ ਗਈ। ਮਾਮਲੇ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਜੋ 15 ਸਤੰਬਰ ਨੂੰ ਚੌਥਾ ਚਲਾਨ ਪੇਸ਼ ਕੀਤਾ ਹੈ, ਉਸ ਵਿਚ ਇਹ ਦੱਸਿਆ ਗਿਆ ਹੈ ਕਿ ਗੋਲੀਕਾਂਡ ਦੇ ਸਮੇਂ ਪ੍ਰਦਰਸ਼ਨਕਾਰੀਆਂ ਵੱਲੋ ਹੈੱਡ ਕਾਂਸਟੇਬਲ ਰਛਪਾਲ ਸਿੰਘ ਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੇ ਦੋ ਐਸ.ਐਲ.ਆਰ ਖੋਹੀਆਂ ਗਈਆ ਸਨ ਜਿਨਾਂ ਨੂੰ ਲੈ ਕੇ 2 ਵਿਅਕਤੀ ਜਾਂਦੇ ਵੀ ਦਿਖਾਈ ਦਿੰਦੇ ਹਨ।
ਐਸ ਆਈ ਟੀ ਨੇ ਸੀ ਡੀ ਦੇ ਵਿਚ ਇਹ ਵੀਡੀਓ ਵੀ ਕੋਰਟ ਵਿਚ ਪੇਸ਼ ਕੀਤੀ ਹੈ। ਚਾਰਜਸ਼ੀਟ ਦੇ ਪੰਨਾ ਨੰਬਰ-257 ਤੇ ਐਸਆਈਟੀ ਨੇ ਸਪੱਸ਼ਟ ਕੀਤਾ ਹੈ ਕੇ ਫੁਟੇਜ ਦੇ ਅਨੁਸਾਰ ਇਹ ਐਸਐਲਆਰ ਪ੍ਰਦਰਸ਼ਨਕਾਰੀਆ ਵੱਲੋਂ ਬੀਟ ਬਾਕਸ ਵਿੱਚ ਖੜੇ ਦੋ ਮੁਲਾਜਿਮਾਂ ਤੋ ਖੋਹੀਆਂ ਗਈਆਂ ਸਨ ਇਨਾਂ ਵਿੱਚੋ ਇਕ ਵਿਅਕਤੀ ਸਵੇਰੇ 6 ਵੱਜ ਕੇ 49 ਮਿੰਟ 4 ਸੈਕੰਡ ਤੇ ਦੂਜਾ ਵਿਅਕਤੀ 6 ਵੱਜ ਕੇ 49 ਮਿੰਟ 8 ਸੈਕੰਡ ’ਤੇ ਐਸਐਲਐਰ ਸਮੇਤ ਕੈਪਚਰ ਹੋਏ ਹਨ, ਇਨਾਂ ਵਿੱਚੋ ਨੀਲੇ ਕੱਪੜੇ ਤੇ ਪੀਲੀ ਦਸਤਾਰ ਵਾਲਾ ਪ੍ਰਦਰਸ਼ਨਕਾਰੀ ਐਸਐਲਆਰ ਲੈ ਕੇ ਮੁਕਸਤਰ ਰੋਡ ਵੱਲ ਜਾ ਰਿਹਾ ਹੈ ਤੇ ਦੂਜਾ ਫਰੀਦਕੋਟ ਵੱਲ, ਦੂਜੇ ਪਾਸੇ ਪ੍ਰਦਰਸ਼ਨਕਾਰੀ ਮੁਕਤਸਰ ਰੋਡ ਵੱਲ ਭੱਜ ਰਹੇ ਹਨ, ਇਸ ਪਾਸੇ ਅਜੀਤ ਸਿੰਘ ਦਿਖਾਈ ਦੇ ਰਿਹਾ ਹੈ ਜਿਸ ਨੂੰ ਇੱਕਦਮ ਗੋਲੀ ਲੱਗੀ ’ਤੇ ਉਹ ਡਿੱਗ ਪਿਆ।
ਐਸਆਈਟੀ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਜਿਸ ਸਮੇਂ ਅਜੀਤ ਸਿੰਘ ਨੂੰ ਗੋਲੀ ਲੱਗੀ ਉਸ ਸਮੇਂ ਪੁਲਿਸ ਵੱਲ ਉਸ ਦੀ ਖੱਬੀ ਲੱਤ ਹੈ ਜਦੋ ਕਿ ਮੁਕਤਸਰ ਰੋਡ ਜਿਸ ਪਾਸੇ ਪ੍ਰਦਰਸ਼ਨਕਾਰੀ ਹਨ ਉਸ ਪਾਸੇ ਸੱਜੀ ਲੱਤ ਹੈ ਤੇ ਇਸੇ ਪਾਸੇ ਹੀ ਉਸਦੇ ਗੋਲੀ ਲੱਗੀ ਸੀ ਜੋ ਕਿ ਮੁਕਤਸਰ ਰੋਡ ਵੱਲੋਂ ਚੱਲੀ, ਜਿਸ ਤੋਂ ਇਹ ਜਾਪਦਾ ਹੈ ਕਿ ਜਿਹੜੀ ਐਸਐਲਆਰ ਪ੍ਰਦਰਸ਼ਨਕਾਰੀ ਲੈ ਕੇ ਭੱਜਿਆ ਸੀ ਉਸ ਵਿੱਚੋ ਹੀ ਗੋਲੀ ਚੱਲੀ ਤੇ ਅਜੀਤ ਸਿੰਘ ਦੇ ਲੱਗੀ।
ਇਸ ਦੌਰਾਨ ਤਤਕਾਲੀ ਐਸ ਐਚ ਓ ਗੁਰਦੀਪ ਸਿੰਘ ਪੰਧੇਰ ਦੇ ਵਕੀਲ ਅਮਿਤ ਗੁਪਤਾ ਨੇ ਕਿਹਾ ਕਿ ਅਸੀਂ ਤਾਂ ਸ਼ੁਰੂ ਤੋਂ ਮੰਗ ਕਰ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਤੋਂ ਸਹੀ ਤਰੀਕੇ ਪੁੱਛ-ਗਿੱਛ ਕੀਤੀ ਜਾਵੇ ਪਰ ਉਹ ਕੀਤੀ ਨਹੀਂ ਗਈ। ਉਹਨਾਂ ਕਿਹਾ ਕਿ ਹੁਣ ਜੋ ਚਾਰਜਸ਼ੀਟ ਪੇਸ਼ ਹੋਈ ਹੈ ਤੇ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਪੁਲਿਸ ਨੇ ਗੋਲੀ ਨਹੀਂ ਚਲਾਈ।