ਕੋਟਕਪੂਰਾ 'ਤੇ ਬਹਿਬਲ ਕਲਾਂ ਕੇਸਾਂ ਵਿੱਚ ਇਨਸਾਫ਼ ਦੀ ਪ੍ਰਕਿਰਿਆ ਨੂੰ ਠੰਡੇ ਬਸਤੇ 'ਚ ਪਾਉਣਾ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ: ਬ੍ਰਹਮਪੁਰਾ
- ਗੋਲੀਬਾਰੀ ਅਤੇ ਬੇਅਦਬੀ ਮਾਮਲਿਆਂ 'ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਣ ਵਿਚ ਅਸਫ਼ਲ ਰਹੇ: ਬ੍ਰਹਮਪੁਰਾ
- 1984 ਸਿੱਖ ਕਤਲਿਆਮ, ਕਾਂਗਰਸ ਤੋਂ ਲੈਕੇ ਹੁਣ ਤੱਕ ਦੀਆਂ ਸਰਕਾਰਾਂ ਤੋਂ ਸਿਖਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ: ਬ੍ਰਹਮਪੁਰਾ
- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ (2015) ਬੇਅਦਬੀ ਮਾਮਲਿਆਂ ਦਾ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ: ਬ੍ਰਹਮਪੁਰਾ
- ਸਹੁੰ ਖਾਣ ਦੇ ਬਾਵਜੂਦ, 4 ਹਫ਼ਤਿਆਂ 'ਚ ਨਸ਼ਿਆਂ ਦਾ ਲੱਕ ਤੋੜਨ ਵਾਲਾ ਕੈਪਟਨ ਅਸਫ਼ਲ ਰਿਹਾ: ਬ੍ਰਹਮਪੁਰਾ
ਚੰਡੀਗੜ੍ਹ 30 ਅਪ੍ਰੈਲ 2021 - 'ਮਾਝੇ ਦੇ ਜਰਨੈਲ' ਵਜੋਂ ਜਾਣੇ ਜਾਂਦੇ ਦਿੱਗਜ਼ ਅਕਾਲੀ ਆਗੂ ਅਤੇ ਖਡੂਰ ਸਾਹਿਬ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਮਿਲੀਭੁਗਤ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਅਤੇ ਗੋਲੀਬਾਰੀ ਕਾਂਡ ਤੋਂ ਇਲਾਵਾ ਗੁਰੂ ਗ੍ਰੰਥ ਸਹਿਬ ਦੇ ਬੇਅਦਬੀ ਮਾਮਲਿਆਂ ਬਰਗਾੜੀ ਵਿੱਚ ਵੀ ਇਨਸਾਫ਼ ਦੇਣ ਲਈ ਅਸਫ਼ਲ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂਕਿ ਐਸ.ਆਈ.ਟੀ. ਨੇ ਚਲਾਨ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਵੀ ਕਰ ਲਿਆ ਸੀ ਪ੍ਰਤੂੰ ਇਸ ਤੋਂ ਬਾਅਦ ਹਾਈ ਕੋਰਟ ਨੇ ਐਸ.ਆਈ.ਟੀ ਨੂੰ ਰੱਦ ਕਰ ਦਿੱਤਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ਼ਲਤ ਇਰਾਦਿਆਂ ਕਾਰਨ ਕਨੂੰਨ ਮਾਹਿਰਾਂ ਦੀ ਟੀਮ ਨੇ ਕੇਸ ਹਾਈ ਕੋਰਟ ਵਿਖੇ ਕੇਸ ਪੈਰਵਾਈ ਠੀਕ ਢੰਗ ਨਾਲ ਨਹੀਂ ਕੀਤੀ।
ਬ੍ਰਹਮਪੁਰਾ ਨੇ ਗੰਭੀਰ ਲਗਾਉਂਦਿਆਂ ਕਿਹਾ ਕਿ ਐਸ.ਆਈ.ਟੀ ਨੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਲਾਵਾ ਕੁੱਝ ਸੀਨੀਅਰ ਪੁਲਿਸ ਅਫਸਰਾਂ ਦੀ ਭੂਮਿਕਾ 'ਤੇ ਸਵਾਲ ਚੁੱਕੇ ਸਨ ਕਿਉਂਕਿ ਇਹਨਾਂ ਮਾਮਲਿਆਂ ਵਿਚ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਸ਼ਾਮਲ ਸਨ, ਇਸ ਲਈ ਇਸ ਨੂੰ ਰੱਦ ਕਰ ਦਿੱਤਾ ਗਿਆ ਜੋ ਕਿ ਇਹ ਪੰਜਾਬ ਅਤੇ ਦੁਨੀਆਂ ਭਰ ਵਿੱਚ ਵਸਦੇ ਲੱਖਾਂ ਲੋਕਾਂ ਨਾਲ ਧੋਖਾਧੜੀ ਹੈ ਜਿਵੇਂ ਕਿ ਇਸ ਮਾਮਲੇ ਨੇ ਆਮ ਤੌਰ ਤੇ ਅਤੇ ਹਰ ਇਕ ਦੀਆਂ ਅਤੇ ਖਾਸਤੌਰ 'ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇੱਥੋਂ ਤਕ ਕਿ ਭਾਰਤ ਦੇ ਸਾਬਕਾ ਫੋਜ਼ ਮੁੱਖੀ ਜਨਰਲ ਜੇ ਜੇ ਸਿੰਘ ਦੇ ਟਵੀਟਾਂ ਨੇ ਵੀ ਇਕੱਲੇ ਕੈਪਟਨ ਅਮਰਿੰਦਰ ਸਿੰਘ 'ਤੇ ਹੀ ਉਂਗਲ ਉਠਾਈ ਹੈ ਕਿ ਉਹ ਬਾਦਲਾਂ ਨਾਲ ਮਿਲੀਭੁਗਤ ਦੀ ਆੜ ਵਿੱਚ ਉਨ੍ਹਾਂ ਨੂੰ ਬਚਾਉਣਾ ਚਾਹੁੰਦੇ ਹਨ।
ਬ੍ਰਹਮਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਐਸ.ਆਈ.ਟੀ ਨੂੰ ਏਕੀਕ੍ਰਿਤ ਰੱਖਦੇ ਅਤੇ ਅਦਾਲਤ ਵਿਚ ਕੇਸਾਂ ਦੀ ਪੈਰਵੀ ਕਰਨ ਤੋਂ ਇਲਾਵਾ ਉਨ੍ਹਾਂ ਵਿਚਾਲੇ ਇਕ ਟੀਮ ਦਾ ਕੰਮ ਸੁਨਿਸ਼ਚਿਤ ਕਰਦੇ ਪਰ ਇਸਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਅੰਦਰੂਨੀ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਸਾਬਤ ਹੋਏ ਹਨ।
ਬ੍ਰਹਮਪੁਰਾ ਨੇ ਇਹ ਵੀ ਸੁਆਲ ਉਠਾਉਂਦੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਕਿੰਨੀਆਂ ਜਾਂਚ ਟੀਮਾਂ ਬਣਾ ਸਕਦੇ ਹਨ ਪਰ ਇਸਦੇ ਬਾਵਜੂਦ ਇਨਸਾਫ਼ ਦੀ ਹਾਲੀਂ ਤੱਕ ਕੋਈ ਆਸ ਨਹੀਂ ਰਹੀ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਇਹ ਕੇਸ ਸੀਬੀਆਈ ਕੋਲ ਚਲਾ ਗਿਆ ਸੀ ਇਸ ਉੱਤੇ ਦੋ ਕਮਿਸ਼ਨ ਬਣਾਏ ਗਏ ਅਤੇ 2 ਐਸ.ਆਈ.ਟੀ ਦੀ ਟੀਮਾਂ ਨੇ ਪਿਛਲੇ 6 ਸਾਲਾਂ ਵਿੱਚ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਹੈ ਜਦੋਂਕਿ ਮੌਜੂਦਾ ਐਸ.ਆਈ.ਟੀ ਨੇ ਜਾਂਚ ਪੂਰੀ ਕੀਤੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਸਿੱਖਾਂ ਨੂੰ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦਾ ਕੋਈ ਇਨਸਾਫ਼ ਨਹੀਂ ਮਿਲੇਗਾ।
ਬ੍ਰਹਮਪੁਰਾ ਨੇ ਕਿਹਾ ਕਿ ਸਿੱਖਾਂ ਨੂੰ ਇਥੋਂ ਤਕ ਕਿ ਦਿੱਲੀ ਸਿੱਖ ਕਤਲਿਆਮ ਅਤੇ ਸਿੱਖ ਵਿਰੋਧੀ ਦੰਗਿਆਂ ਜਿਸ ਵਿਚ ਸਿੱਖਾਂ ਨੂੰ 36 ਸਾਲ ਪਹਿਲਾਂ ਬੇਰਿਹਮੀ ਨਾਲ ਕਤਲ ਕੀਤਾ ਗਿਆ, ਉਸਦਾ ਹਾਲੀਂ ਤੱਕ ਕੋਈ ਇਨਸਾਫ਼ ਨਹੀਂ ਮਿਲਿਆ, ਇਸ ਲਈ ਸਾਨੂੰ ਕੋਈ ਆਸ ਨਹੀਂ ਹੈ ਕਿ ਬਰਗਾੜੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਵਿਚ ਵੀ ਕੋਈ ਨਿਰਣਾਇਕ ਸਿੱਟੇ ਨਿਕਲਣਗੇ।
ਸਾਬਕਾ ਸੰਸਦ ਮੈਂਬਰ ਜਥੇਦਾਰ ਬ੍ਰਹਮਪੁਰਾ ਨੇ ਸੂਬੇ ਤੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਦਾਵਿਆਂ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ 15 ਦਸੰਬਰ 2016 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਹ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਦਾ ਖ਼ਾਤਮਾ ਕਰ ਦੇਣਗੇ ਪਰ ਹੁਣ ਨਸ਼ਾ ਤਸਕਰੀ ਉਨ੍ਹਾਂ ਦੇ ਮੁੱਖ ਮੰਤਰੀ ਰਾਜ ਵਿਚ ਪਹਿਲਾਂ ਨਾਲੋਂ ਵੀ ਕੲੀ ਗੁਣਾਂ ਜ਼ਿਆਦਾ ਵੱਧ ਚੁੱਕੀ ਹੈ।
ਜਥੇਦਾਰ ਬ੍ਰਹਮਪੁਰਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਅੱਜ ਸਿੱਖ ਕੌਮ ਅਜਿਹੇ ਫੈਸਲਿਆਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਕਿਸੇ ਵੀ ਸਿੱਖ ਲਈ ਸਿੱਖ ਧਰਮ ਦੇ ਸਿਧਾਂਤਾਂ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਹੈ।