ਹਾਈ ਕੋਰਟ ਦੇ ਫੈਸਲੇ ਦਾ ਅਸਰ: ਸੁਖਪਾਲ ਨੇ ਐਕਸ਼ਨ ਪਲਾਨ ਤਿਆਰ ਕਰਨ ਲਈ ਸਿੱਖ ਜਥੇਬੰਦੀਆਂ ਤੇ ਨੇਤਾਵਾਂ ਦੀ ਬੁਲਾਈ ਮੀਟਿੰਗ
- ਸਿੱਖ ਜਥੇਬੰਦੀਆਂ ਅਤੇ ਆਗੂ ਕੋਟਕਪੂਰਾ ਐਸ.ਆਈ.ਟੀ ਨੂੰ ਰੱਦ ਕੀਤੇ ਜਾਣ ਦੇ ਹਾਈ ਕੋਰਟ ਦੇ ਫੈਸਲੇ ਖਿਲਾਫ ਐਕਸ਼ਨ ਪਲਾਨ ਦਾ ਐਲਾਨ
- 27 ਅਪ੍ਰੈਲ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਉਪਰੰਤ ਬੇਅਦਬੀ ਮਾਮiਲ਼ਆਂ ਵਿੱਚ ਇਨਸਾਫ ਤੋਂ ਇਨਕਾਰੀ ਹੋਣ ਉੱਪਰ ਚਿੰਤਤ ਸਿੱਖ ਜਥੇਬੰਦੀਆਂ ਅਤੇ ਉੱਘੀਆਂ ਸ਼ਖਸੀਅਤਾਂ ਨੇ ਅੱਜ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਕੋਟਕਪੂਰਾ ਗੋਲੀਕਾਂਡ ਦੀ ਐਸ.ਆਈ.ਟੀ ਰਿਪੋਰਟ ਨੂੰ ਰੱਦ ਕੀਤੇ ਜਾਣ ਦੇ ਹਾਈ ਕੋਰਟ ਦੇ ਫੈਸਲੇ ਦੀ ਨਿਖੇਧੀ ਕੀਤੀ
- ਹਾਈ ਕੋਰਟ ਦੇ ਫੈਸਲੇ ਨੂੰ ਸਿਆਸੀ ਕਰਾਰ ਦਿੰਦੇ ਹੋਏ ਉਹਨਾਂ ਨੇ ਕੋਰਟ ਵਿੱਚ ਰਿਪੋਰਟ ਦਾ ਬਚਾਅ ਕਰਨ ਵਿੱਚ ਅਸਫਲ ਰਹਿਣ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ
- ਉਹਨਾਂ ਨੇ ਫੈਸਲਾ ਲਿਆ ਕਿ ਮੰਗਲਵਾਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਹਾਈ ਕੋਰਟ ਦੇ ਫੈਸਲੇ ਖਿਲਾਫ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰਨਗੇ
ਚੰਡੀਗੜ੍ਹ, 25 ਅਪ੍ਰੈਲ 2021 - ਅੱਜ ਦੀ ਮੀਟਿੰਗ ਦਾ ਅਯੋਜਨ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਰਾਸਰ ਗਲਤ ਫੈਸਲੇ ਖਿਲਾਫ ਹਰ ਗੁਰੁ ਨਾਨਕ ਨਾਮ ਲੇਵਾ ਦੇ ਮਨ ਵਿੱਚ ਰੋਸ ਹੈ।ਉਹਨਾਂ ਕਿਹਾ ਕਿ ਇਸ ਫੈਸਲੇ ਨੇ ਇਨਸਾਫ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਪੀੜਤ ਪਰਿਵਾਰਾਂ ਅਤੇ ਕੋਮ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੇਣ ਵਿੱਚ ਅਸਫਲ ਰਹੀ ਹੈ ਚਾਹੇ ਇਹ ਬਰਗਾੜੀ ਹੋਵੇ ਜਾਂ ਬਹਿਬਲ ਹੋਵੇ ਜਾਂ ਮੋੜ ਬਲਾਸਟ ਕਾਂਡ ਹੋਵੇ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਬੇਅਦਬੀ ਸਬੰਧਿਤ ਮਾਮਲਿਆਂ ਵਿੱਚ ਸਰਕਾਰ ਅਤੇ ਨਿਆਂਪਾਲਿਕਾ ਪੱਖਪਾਤ ਕਰ ਰਹੀ ਹੈ।ਉਹਨਾਂ ਕਿਹਾ ਕਿ ਜੱਜ ਨੇ ਐਸ.ਆਈ.ਟੀ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਪਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੇ ਰਾਜਨੀਤਕ ਕੈਰੀਅਰ ਨੂੰ ਦੇਖਦੇ ਹੋਏ ਰਿਪੋਰਟ ਤਿਆਰ ਕਰਨ ਦਾ ਦੋਸ਼ ਲਗਾਇਆ ਹੈ।ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਅਜਿਹਾ ਮਹਿਸੂਸ ਹੁੰਦਾ ਹੈ ਕਿ ਜੱਜ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੇ ਰਾਜਨੀਤਕ ਸਮਝੋਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਉਕਤ ਫੈਸਲਾ ਤਿਆਰ ਕੀਤਾ ਹੈ।ਹਰਦੀਪ ਸਿੰਘ ਡਿਬਡਿਬਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਐਮ.ਐਲ.ਏ ਰਣਜੀਤ ਸਿੰਘ ਤਲਵੰਡੀ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਜਗਦੇਵ ਸਿੰਘ ਕਮਾਲੂ ਐਮ.ਐਲ.ਏ, ਪਿਰਮਲ ਸਿੰਘ ਖਾਲਸਾ ਐਮ.ਐਲ.ਏ, ਗੁਰਪ੍ਰੀਤ ਸਿੰਘ ਰੰਧਾਵਾ ਐਸ.ਜੀ.ਪੀ.ਸੀ ਮੈਂਬਰ ਫਤਿਹਗੜ ਸਾਹਿਬ, ਖੁਸ਼ਹਾਲ ਸਿੰਘ, ਅਜੇਪਾਲ ਸਿੰਘ ਬਰਾੜ, ਹਰਜਿੰਦਰ ਸਿੰਘ ਮਾਜੀ, ਸੁਖਰਾਜ ਸਿੰਘ ਬਹਿਬਲ ਕਲਾਂ ਅਤੇ ਪਰਮਜੀਤ ਸਿੰਘ ਟਾਂਡਾ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਸਨ।