ਚੰਡੀਗੜ੍ਹ, 27 ਅਪ੍ਰੈਲ 2021 - ਜਿਉਂ ਜਿਉਂ ਪੰਜਾਬ ਵਿਧਾਨ ਸਭ ਚੋਣਾਂ ਨਜ਼ਦੀਕ ਆ ਰਹੀਆਂ ਨੇ, ਉਵੇਂ ਹੀ ਕੈਪਟਨ ਸਰਕਾਰ ਆਪਣੇ ਹੀ ਮੰਤਰੀਆਂ ਦੇ ਸਵਾਲਾਂ 'ਚ ਕਸੂਤੀ ਘਿਰਦੀ ਜਾ ਰਹੀ ਹੈ. ਪਹਿਲਾਂ ਕੋਟਕਪੂਰਾ ਫਾਇਰਿੰਗ ਅਤੇ ਬੇਅਦਬੀ ਮਾਮਲਿਆਂ 'ਤੇ ਹਾਈ ਕੋਰਟ ਦਾ ਫੈਸਲਾ, ਕੁੰਵਰ ਵਿਜੇ ਦੇ ਅਸਤੀਫਾ ਤੇ ਫਿਰ ਉਸਦੇ ਵਿਰੋਧੀਆਂ ਨਾਲ ਗੰਢ ਤੁੱਪ ਹੋਣ ਦੇ ਇਲਜ਼ਾਮ ਅਤੇ ਕੈਪਟਨ ਸਰਕਾਰ ਲਈ ਦੁਚਿੱਤੀ ਬਣਿਆ ਸੁਪਰੀਮ ਕੋਰਟ ਦਾ ਰੁਖ ਕਰਨ ਜਾਂ ਨਾ ਕਰਨ ਦੇ ਬੇਹੱਦ ਔਖੇ ਤੇ ਸਖਤ ਮਾਹੌਲ 'ਚੋਂ ਗੁਜ਼ਰ ਰਹੀ ਕੈਪਟਨ ਸਰਕਾਰ ਕੋਲੋਂ ਹਾਲੇ ਆਪਣੇ ਹੀ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੂੰ ਹੀ ਨੀ ਸੀ ਸਾਂਭਿਆ ਜਾ ਰਿਹਾ ਕਿ ਹੁਣ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਕੈਪਟਨ ਸਰਕਾਰ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ.
ਲੰਘੇ ਦਿਨੀਂ ਚੰਡੀਗੜ੍ਹ ਚ ਹੋਈ ਪੰਜਾਬ ਕੈਬਿਨੇਟ ਦੀ ਮੀਟਿੰਗ 'ਚ ਕੋਟਕਪੂਰਾ ਫਾਇਰਿੰਗ ਜਾਂਚ ਬਾਰੇ ਹਾਈਕੋਰਟ ਦੇ ਫੈਸਲੇ ਸਬੰਧੀ ਹੋਈ ਚਰਚਾ ਦੌਰਾਨ ਕਾਫ਼ੀ ਤਿੱਖੀ ਬਹਿਸ ਹੋਈ, ਜਿਸ ਵਿਚ ਕੈਪਟਨ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ, 'ਮੇਰੇ ਹੀ ਕੁਝ ਮੰਤਰੀ ਸਰਕਾਰ 'ਤੇ ਦੇਰੀ ਅਤੇ ਕੇਸ ਫੇਲ੍ਹ ਹੋਣ ਦੇ ਦੋਸ਼ ਲਗਾ ਰਹੇ ਹਨ, ਜੋ ਕਿ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਹੈ."
ਇੰਨਾ ਹੀ ਨਹੀਂ ਕੈਪਟਨ ਨੇ ਸਰਕਾਰ ਦੀ ਕਾਰਜਸ਼ੈਲੀ ਦਾ ਵਿਰੋਧ ਕਰਨ ਵਾਲਿਆਂ ਲਈ ਸਖ਼ਤ ਸ਼ਬਦਾਵਲੀ ਵੀ ਵਰਤੀ, ਜਿਸ 'ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ, 'ਅਜਿਹੇ ਦੋਸ਼ ਉਨ੍ਹਾਂ ਦੇ ਮੰਤਰੀ ਨਹੀਂ ਲਗਾ ਰਹੇ ਕੇਵਲ ਮੈਂ ਲਗਾਇਆ ਹੈ|' ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਇਸ ਕੇਸ ਨੂੰ ਫ਼ੇਲ੍ਹ ਕਰਨ ਲਈ ਕੌਣ ਜ਼ਿੰਮੇਵਾਰ ਹੈ ਅਤੇ ਬੇਅਦਬੀਆਂ ਦੇ ਕੇਸ ਨੂੰ ਲਟਕਾਏ ਜਾਣ ਸਬੰਧੀ ਅਸੀਂ ਲੋਕਾਂ ਨੂੰ ਕੀ ਸਪਸ਼ਟੀਕਰਨ ਦੇਈਏ? ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਹੀ ਜੇ ਇਕੱਠੇ ਕੰਮ ਨਹੀਂ ਕਰ ਰਹੇ ਸਨ ਅਤੇ ਨਾ ਹੀ ਉਨ੍ਹਾਂ ਸਾਰਿਆਂ ਵਲੋਂ ਜਾਂਚ ਦੀਆਂ ਜ਼ਿਮਨੀਆਂ 'ਤੇ ਦਸਤਖ਼ਤ ਕੀਤੇ ਗਏ ਅਤੇ ਚਲਾਨ ਵੀ ਇਕੋ ਦਸਤਖ਼ਤ ਨਾਲ ਪੇਸ਼ ਕੀਤਾ ਗਿਆ, ਜਿਸ ਦਾ ਅਦਾਲਤ ਨੇ ਵੀ ਨੋਟਿਸ ਲਿਆ ਉਸ ਦਾ ਕੌਣ ਜ਼ਿੰਮੇਵਾਰ ਹੈ, ਇਹ ਕਿਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਨ੍ਹਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਆਦੇਸ਼ ਦਿੱਤੇ ਜਾਣ |
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਮੰਤਰੀ ਨੂੰ ਕਿਹਾ ਕਿ ਰਾਜ ਸਰਕਾਰ ਦੀ ਅਦਾਲਤ ਵਿਚ ਨਾਕਾਮਯਾਬੀ ਲਈ ਕਿਸੇ ਦੀ ਜ਼ਿੰਮੇਵਾਰੀ ਤਾਂ ਆਇਦ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਜਾਂਚ ਟੀਮ ਦੇ ਇਕਜੁੱਟ ਹੋ ਕੇ ਕੰਮ ਨਾ ਕਰਨ ਅਤੇ ਜੋ ਦੂਜੀਆਂ ਤਰੁੱਟੀਆਂ ਅਦਾਲਤ ਵਲੋਂ ਸਾਹਮਣੇ ਲਿਆਂਦੀਆਂ ਗਈਆਂ ਹਨ | ਉਨ੍ਹਾਂ ਦੀ ਜਾਂਚ ਕਰਕੇ ਜ਼ਿੰਮੇਵਾਰੀ ਨਿਸਚਿਤ ਕੀਤੇ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਮੌਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਜੋ ਐਲਾਨ ਕਰਕੇ ਆਏ ਸਨ ਉਸ ਲਈ ਹੁਣ ਅਸੀਂ ਲੋਕਾਂ ਸਾਹਮਣੇ ਕਿਵੇਂ ਜਵਾਬਦੇਹ ਬਣਾਂਗੇ |
ਜਾਖੜ ਨੇ ਬਿਜਲੀ ਸਮਝੌਤਿਆਂ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਚੋਣਾਂ ਮੌਕੇ ਅਸੀਂ ਲੋਕਾਂ ਨੂੰ ਇਹ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਅਦੇ ਕਰਕੇ ਅਤੇ ਸਸਤੀ ਬਿਜਲੀ ਦੇਣ ਦੀਆਂ ਗੱਲਾਂ ਕਰਕੇ ਵੋਟਾਂ ਲਈਆਂ ਸਨ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਸ ਪਾਸੇ ਅਸੀਂ ਕੁਝ ਵੀ ਨਹੀਂ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਾਡੇ 'ਤੇ ਬਾਦਲਾਂ ਨਾਲ ਰਲੇ ਹੋਣ ਦੇ ਦੋਸ਼ ਲਗਾ ਰਹੇ ਹਨ |
ਜਾਖੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੀ ਗੱਲ ਜ਼ਰੂਰ ਰੱਖਣਗੇ ਅਤੇ ਇਹ ਉਨ੍ਹਾਂ ਦਾ ਅਧਿਕਾਰ ਹੈ | ਮੁੱਖ ਮੰਤਰੀ ਵਲੋਂ ਜਾਖੜ ਦੀ ਬੀਤੇ ਦਿਨੀਂ ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਇੰਟਰਵਿਊ 'ਤੇ ਮੁੱਖ ਤੌਰ 'ਤੇ ਇਤਰਾਜ਼ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਸਰਕਾਰ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕੀਤੀ ਸੀ | ਸੂਹ ਮਿਲੀ ਸੀ ਕਿ ਜਾਖੜ ਵਲੋਂ ਇਸ ਮੌਕੇ ਆਪਣੀ ਜੇਬ 'ਚੋਂ ਕੱਢ ਕੇ ਆਪਣਾ ਅਸਤੀਫ਼ਾ ਵੀ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਜੇ ਮੁੱਖ ਮੰਤਰੀ ਉਨ੍ਹਾਂ ਤੋਂ ਬੋਲਣ ਦਾ ਅਧਿਕਾਰ ਵੀ ਖੋਹਣਾ ਚਾਹੁੰਦੇ ਹਨ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇਣਗੇ | ਪਰ ਕੈਪਟਨ ਵਲੋਂ ਉਨ੍ਹਾਂ ਦਾ ਅਸਤੀਫ਼ਾ ਉੱਥੇ ਹੀ ਪਾੜ ਕੇ ਸੁੱਟ ਦਿੱਤਾ ਗਿਆ| ਜਾਖੜ ਤੋਂ ਬਾਅਦ ਸੁਖਜਿੰਦਰ ਰੰਧਾਵਾ ਵਲੋਂ ਵੀ ਮੁੱਖ ਮੰਤਰੀ ਨੂੰ ਆਪਣਾ ਅਸਤੀਫ਼ਾ ਪੇਸ਼ ਕੀਤਾ ਗਿਆ ਪਰ ਕੈਪਟਨ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਵੀ ਪਾੜ ਕੇ ਸੁੱਟ ਦਿੱਤਾ |
ਜਾਖੜ ਤੇ ਰੰਧਾਵਾ ਨੂੰ ਦੇਖ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਸਟੈਂਡ ਲੈਂਦਿਆਂ ਕੈਪਟਨ ਨੂੰ ਸਵਾਲ ਕੀਤੇ | ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਵੀ ਮੀਟਿੰਗ ਵਿਚ ਜਦੋਂ ਕੁਝ ਲੋਕਾਂ ਵਲੋਂ ਚਲਾਨ ਵਿਚਲੀਆਂ ਤਰੁੱਟੀਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਚਲਾਨ ਨਾ ਤਾਂ ਕਦੇ ਉਨ੍ਹਾਂ ਨੂੰ ਦਿਖਾਇਆ ਗਿਆ ਅਤੇ ਨਾ ਹੀ ਦਾਇਰ ਕਰਨ ਤੋਂ ਪਹਿਲਾਂ ਮੇਰੇ ਦਫ਼ਤਰ ਨੂੰ ਕਦੀ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੀ ਕਹਿ ਸਕਦਾ ਹਾਂ | ਸੂਬੇ ਦੇ ਡੀ.ਜੀ.ਪੀ. ਜੋ ਕਿ ਕੈਬਨਿਟ ਵਿਚ ਹਾਜ਼ਰ ਸਨ ਉਨ੍ਹਾਂ ਵੀ ਇਸ ਮੁੱਦੇ 'ਤੇ ਨਾ ਕੋਈ ਗੱਲ ਕੀਤੀ ਅਤੇ ਨਾ ਹੀ ਦਖ਼ਲ ਦਿੱਤਾ|
ਇੰਨਾ ਹੀ ਨਹੀਂ ਇਸ ਵਕਤ ਇਹ ਵੀ ਸ਼ਸ਼ੋਪੰਜ ਹੈ ਕਿ ਕੁੰਵਰ ਵਿਜੇ ਪ੍ਰਤਾਪ ਤੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਕੀ ਸੁਪਰੀਮ ਕੋਰਟ ਦਾ ਰੁੱਖ ਕਰੇਗੀ ਕੈਪਟਨ ਸਰਕਾਰ? ਫਿਲਹਾਲ ਕੈਪਟਨ ਸਰਕਾਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਿਵੇਂ ਕਰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ. ਪਰ ਫਿਲਹਾਲ ਕੈਪਟਨ ਸਰਕਾਰ ਲਈ ਇਹ ਬਹੁਤ ਹੀ ਔਖਾ ਸਮਾਂ ਹੈ ਜਿਸ 'ਚ ਲਿਆ ਇਕ ਸਹੀ ਫੈਸਲਾ ਉਨ੍ਹਾਂ ਦਾ ਪੰਜਾਬ ਦੀ ਸਿਆਸਤ ਅੰਦਰ ਚੰਗਾ ਜਾਂ ਮਾੜਾ ਭਵਿੱਖ ਤੈਅ ਕਰ ਸਕਦਾ ਹੈ.