ਮਨਿੰਦਰਜੀਤ ਸਿੱਧੂ
ਜੈਤੋ, 21 ਅਪਰੈਲ, 2021 - ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਕਾਂਗਰਸੀ ਅਤੇ ਅਕਾਲੀ ਰਲੇ ਹੋਏ ਹਨ ਅਤੇ ਇਹ ਰਾਜਨੀਤੀ ਫਿਕਸ ਕੀਤੇ ਹੋਏ ਮੈਚ ਦੀ ਤਰ੍ਹਾਂ ਕਰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬਹਿਬਲ ਕਲਾਂ ਦੇ ਵਸਨੀਕ ਅਤੇ ਦਿੱਲੀ ਮੋਰਚੇ ਵਿੱਚ ਲੰਬੀਆਂ ਡਿਊਟੀਆਂ ਦੇਣ ਵਾਲੇ ਕਿਸਾਨ ਗੁਰਮੁੱਖ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਸੰਬੰਧ ਵਿੱਚ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਿੱਟ ਦੇ ਖਾਰਜ ਕਰਨ ਦੇ ਸੰਬੰਧ ਵਿੱਚ ਕੀਤਾ।
ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨਿਹਾਇਤੀ ਇਮਾਨਦਾਰ ਅਤੇ ਧਾਕੜ ਪੁਲਿਸ ਅਫ਼ਸਰ ਹੈ ਜੋ ਬੜੀ ਇਮਾਨਦਾਰੀ ਨਾਲ ਇਸ ਕਾਂਡ ਦੀ ਜਾਂਚ ਕਰ ਰਹੇ ਸਨ। ਉਹਨਾਂ ਦੁਆਰਾ ਜਾਂਚ ਪੂਰੀ ਕਰਕੇ ਅਦਾਲਤ ਵਿੱਚ ਸੌਂਪ ਦਿੱਤੀ ਗਈ ਸੀ। ਪਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਥਾਂ ਬਾਦਲਾਂ ਨਾਲ ਲਿਹਾਜ ਪੁਗਾਉਂਦਿਆਂ ਹਾਈਕੋਰਟ ਵਿੱਚ ਸਰਕਾਰ ਦਾ ਪੱਖ ਚੰਗੀ ਤਰ੍ਹਾਂ ਨਹੀਂ ਰੱਖਿਆ ਗਿਆ, ਜਿਸ ਕਾਰਨ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐੱਸ ਦੁਆਰਾ ਜਮ੍ਹਾਂ ਕਰਵਾਈ ਗਈ ਜਾਂਚ ਰਿਪੋਰਟ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਕੇ ਮੁੱਢੋਂ ਸੁੱਢੋਂ ਰੱਦ ਕਰ ਦਿੱਤਾ ਗਿਆ ਅਤੇ ਨਵੀਂ ‘ਸਿੱਟ’ ਬਣਾਉਣ ਦੇ ਹੁਕਮ ਦੇ ਦਿੱਤੇ ਗਏ।
ਗੁਰਮੁਖ ਸਿੰਘ ਨੇ ਕਿਹਾ ਕਿ ਚਾਰ ਸਾਲ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਜਾਂਚ ਦੇ ਬਹਾਨੇ ਉਲਝਾਈ ਰੱਖਿਆ ਅਤੇ ਹੁਣ ਆਪਣੇ ਸ਼ਾਸਨ ਦੇ ਅਖੀਰਲੇ ਵਰ੍ਹੇ ਵਿੱਚ ਬਾਦਲਾਂ ਦੇ ਹੱਕ ਵਿੱਚ ਭੁਗਤ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰ ਦਿੱਤਾ।