ਚੰਡੀਗੜ੍ਹ, 15 ਅਪ੍ਰੈਲ 2021 - ਇੰਨ੍ਹੀਂ ਦਿਨੀਂ ਕੋਟਕਪੂਰਾ ਫਾਇਰਿੰਗ ਕੇਸ ਦੀ ਕਾਫੀ ਚਰਚਾ ਹੋ ਰਹੀ ਐ, ਕਿਉਂਕਿ ਹਾਈਕੋਰਟ 'ਚ ਇਸ ਕੇਸ ਸਬੰਧੀ ਹੋਈ ਜਾਂਚ ਨੂੰ ਖਾਰਜ ਕਰ ਦਿੱਤਾ ਗਿਆ ਹੈ ਤੇ ਇਸ ਕੇਸ ਨਾਲ ਜੁੜੇ ਐਸ.ਆਈ.ਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ 'ਚੋਂ ਬਾਹਰ ਰੱਖਣ ਦੀ ਗੱਲ ਵੀ ਆਖੀ ਹੈ। ਜਿਸ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਕੈਪਟਨ ਸਰਕਾਰ ਨੇ ਉਸਨੂੰ ਫਿਲਾਹਲ ਲਈ ਨਾ-ਮਨਜ਼ੂਰ ਕੀਤਾ ਹੈ।
ਇਸ ਸਾਰੀ ਘਟਨਾ ਤੋਂ ਬਾਅਦ ਮੁੜ ਚਰਚਾ 'ਚ ਆਉਂਦੇ ਨੇ ਕੁੰਵਰ ਵਿਜੈ ਪ੍ਰਤਾਪ। ਤਾਂ ਆਉ ਅੱਜ ਜਾਣਦੇ ਹਾਂ ਕਿ ਆਖਰ ਇਹ ਕੌਣ ਨੇ? ਜਿੰਨ੍ਹਾਂ ਨੂੰ ਕਈ ਲੋਕ ਇੱਕ ਸਿਰੜੀ ਤੇ ਇਮਾਨਦਾਰ ਅਫਸਰ ਦੀ ਨਿਗ੍ਹਾ ਨਾਲ ਦੇਖ ਰਹੇ ਨੇ ਤੇ ਕੁੰਵਰ ਵਿਜੈ ਪ੍ਰਤਾਪ ਦੀ ਤਾਰੀਫ ਵੀ ਕਰ ਰਹੇ ਨੇ।
ਕੁੰਵਰ ਵਿਜੈ ਪ੍ਰਤਾਪ ਦਾ ਜਨਮ ਪਟਨਾ, ਬਿਹਾਰ ਦਾ ਹੈ ਤੇ ਪਟਨਾ ਦੇ ਆਸ ਪਾਸ ਉਨ੍ਹਾਂ ਦਾ ਪਿੰਡ ਹੈ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਪਿੰਡ 'ਚ ਹੀ ਹੋਈ ਤੇ ਇਸਤੋਂ ਬਾਅਦ ਉਹ ਪਟਨਾ ਸਾਹਿਬ ਯੂਨੀਵਰਸਿਟੀ ' ਐਮ,ਏ ਕਰਦੇ ਨੇ। ਕੁੰਵਰ ਵਿਜੈ ਪ੍ਰਤਾਪ ਦੇ ਪਰਿਵਾਰ ਬਾਰੇ ਕਦੇ ਬਹੁਤਾ ਜ਼ਿਕਰ ਮੀਡੀਆ 'ਚ ਨਹੀਂ ਹੋਇਆ। ਪਰ ਸਾਲ 2017 'ਚ ਹਰਦੀਪ ਸਿੰਘੁ ਨਿਮਾਣਾ ਵੱਲੋਂ ਉਨ੍ਹਾਂ ਬਾਰੇ ਲਿਖੇ ਲੇਖ ਰਾਹੀਂ ਪਤਾ ਚੱਲਦਾ ਹੈ ਕਿ ਉੇਨ੍ਹਾਂ ਦੀ ਇੱਕ 13 ਕੁ ਸਾਲ ਦੀ ਬੇਟੀ ਵੀ ਹੈ। ਕੁੰਵਰ ਪ੍ਰਤਾਪ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਪੀ.ਐਚ.ਡੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਫਰੈਂਚ ਭਾਸ਼ਾ 'ਚ ਡਿਪਲੋਮਾ ਵੀ ਹੈ। ਉਨ੍ਹਾਂ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੁਨੀਵਰਸਿਟੀ ਤੋਂ ਐਮ.ਬੀ.ਏ ਵੀ ਕੀਤੀ ਹੈ। ਇਸਦੇ ਨਾਲ ਹੀ ਪੰਜਾਬ ਯੂਨੀਵਰਸਿਰੀ ਚੰਡੀਗੜ੍ਹ ਤੋਂ ਐਲ.ਐਲ.ਬੀ ਦੀ ਡਿਗਰੀ ਵੀ ਕੀਤੀ। ਕੁੰਵਰ ਪ੍ਰਤਾਪ ਨੇ ਆਪਣਾ ਯੂਟਿਊਬ ਚੈਨਲ ਵੀ ਬਣਾ ਰੱਖਿਆ, ਜਿਸ 'ਤੇ ਉਨ੍ਹਾਂ ਦੀਆਂ ਮੈਥਸ ਦੀ ਟ੍ਰਿਗਨੋਮੈਟਰੀ ਦੇ ਸਵਾਲ ਹੱਲ ਕਰਦਿਆਂ ਦੀਆਂ ਕਾਫੀ ਵੀਡੀੳਜ਼ ਵੀ ਪਈਆਂ ਨੇ। ਇੰਨਾ ਹੀ ਨਹੀਂ, ਉਹਨ੍ਹਾਂ ਨੇ ਇੱਕ ਪੰਜਾਬੀ ਫ਼ਿਲਮ 'ਯਾਰਾਂ ਦੇ ਯਾਰ' ਵਿੱਚ ਪੁਲਿਸ ਅਫ਼ਸਰ ਦਾ ਕਿਰਦਾਰ ਵੀ ਨਿਭਾਇਆ।, ਜਿਸ 'ਚ ਉਹ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਆਪਣੀ ਇੱਕ ਵੈੱਬ ਸਾਈਟ kunwar.net ਵੀ ਬਣਾਈ ਹੈ। ਜੋ ਅੱਜ ਕੱਲ੍ਹ ਬੰਦ ਹੈ।
ਕੁੰਵਰ ਵਿਜੈ ਪ੍ਰਤਾਪ ਕਈ ਹਿੰਦੀ, ਪੰਜਾਬੀ, ਅੰਗ੍ਰੇਜ਼ੀ ਅਖਬਾਰਾਂ 'ਚ ਬਤੌਰ ਲੇਖਕ ਆਪਣੇ ਲੇਖ ਵੀ ਭੇਜਦੇ ਰਹੇ ਨੇ। ਉਨ੍ਹਾਂ ਦੀਆਂ ਕਈ ਕਿਤਾਬਾਂ ਵੀ ਛਪ ਚੁੱਕੀਆਂ ਨੇ, ਜਿੰਨ੍ਹਾਂ 'ਚ ਸੰਤ ਕਬੀਰ ਜੀ ਦੇ ਅਨਮੋਲ ਵਚਨਾਂ ਤੋਂ ਲੈ ਕੇ, ਆਰ.ਟੀ.ਆਈ, ਲਾਅ ਤੇ ਪ੍ਰੈਕਟਿਸ, ਐਂਟੀ ਡਿਫੈਕਸ਼ਨ ਲਾਅ ਅਤੇ ਇੰਡੀਅਨ ਪੁਲਿਸ ਵਰਗੀਆਂ ਕਿਤਾਬਾਂ ਵੀ ਸ਼ਾਮਲ ਨੇ।
ਕੁੰਵਰ ਵਿਜੈ ਪ੍ਰਤਾਪ 1998 ਬੈਚ ਦੇ ਪੰਜਾਬ ਕਾਡਰ ਦੇ ਆਈ.ਪੀ.ਐਸ ਅਧਿਕਾਰੀ ਨੇ। ਉਨ੍ਹਾਂ ਦੀ ਪੋਸਟਿੰਗ ਅੰਮ੍ਰਿਤਸਰ 'ਚ ਬਤੌਰ ਏ.ਐਸ.ਪੀ ਹੋਈ ਸੀ, ਜਿਸ ਤੋਂ ਬਾਅਦ ਉਹ ਫਿਰੋਜ਼ਪੁਰ, ਪਟਿਆਲਾ ਤੇ ਲੁਧਿਆਣਾ 'ਚ ਏ.ਐਸ.ਪੀ ਰਹੇ। ਸਾਲ 2002 'ਚ ਐਸ.ਪੀ ਸਿਟੀ ਦੇ ਰਪ 'ਚ ਮੁੜ ਅੰਮ੍ਰਿਤਸਰ ਤੈਨਾਤ ਹੋਏ ਅਤੇ 2007 'ਚ ਬਤੌਰ ਐਸ.ਐਸ.ਪੀ। ਕੁੰਵਰ ਵਿਜੈ ਪ੍ਰਤਾਪ ਨੂੰ ਜ਼ੁਰਮ 'ਤੇ ਨਕੇਲ ਕੱਸਣ ਵਾਲਾ ਦਬੰਗ ਪੁਲਿਸ ਅਫਸਰ ਵਜੋਂ ਜਾਣਿਆ ਜਾਣ ਲੱਗਾ॥ ਸਾਲ 2011 'ਚ ਪੰਜਾਬ ਪੁਲਿਸ ਮੋਹਾਲੀ 'ਚ ਆਏ। ਪੰਜਾਬ ਆਰਮਡ ਪੁਲਿਸ 'ਚ ਕੁੰਵਰ ਪ੍ਰਤਾਪ ਨੇ ਬਤੌਰ ਕਮਾਂਡੈਂਟ ਤੇ ਡੀ.ਆਈ.ਜੀ ਵੀ ਸੇਵਾ ਨਿਭਾਈ। ਸਾਲ 2014 'ਚ ਉਹ ਜਲੰਧਰ ਦੇ ਪੁਲਿਸ ਕਮਿਸ਼ਨਰ ਲੱਗ ਗਏ। ਹਾਲ ਹੀ 'ਚ ਉਹ ਬਤੌਰ ਆਈ.ਜੀ ਪੰਜਾਬ ਪੁਲਿਸ ਤੇ ਐਸ.ਆਈ ਟੀ ਮੈਂਬਰ ਵਜੋਂ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਕੇਸ ਦੀ ਜਾਂਚ ਨੂੰ ਕੋਰਟ 'ਚ ਸਬਮਿਟ ਕਰ ਚੁੱਕੇ ਸੀ। ਜਿਸ 'ਚ ਉਨ੍ਹਾਂ ਨੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਸੀ। ਇੰਨਾ ਹੀ ਨਹੀਂ, ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਸੁਮੇਧ ਸੈਣੀ ਤੋਂ ਪੁੱਛਗਿੱਛ ਵੀ ਕਰ ਚੁੱਕੇ ਨੇ। ਆਪਣੇ 22 ਸਾਲ ਦੇ ਪੁਲਿਸ ਕਰੀਅਰ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਈ ਹਾਈ ਪ੍ਰੋਫਾਇਲ ਕੇਸਾਂ ਲਈ ਕੰਮ ਕੀਤਾ। ਜਿਸ 'ਚ ਅੰਮ੍ਰਿਤਸਰ 'ਚ ਸਾਲ 2002 ਦਾ ਕਿਡਨੀ ਘੁਟਾਲਾ, ਤੇ ਸੈਕਸ ਸਕੈਂਡਲ ਸ਼ਾਮਲ ਹੈ।
ਕੁੰਵਰ ਵਿਜੈ ਪ੍ਰਤਾਪ ਸਿੰਘ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਧਰਮ 'ਚ ਅਥਾਹ ਸ਼ਰਧਾ ਤੇ ਪਿਆਰ ਰੱਖਦੇ ਨੇ। ਜਿਸਦਾ ਸਬੂਤ ਉਨ੍ਹਾਂ ਦੀਆਂ ਰਚਨਾਵਾਂ ਅਤੇ ਗੱਲ ਗੱਲ 'ਤੇ ਪ੍ਰਮਾਤਮਾ 'ਤੇ ਭਰੋਸੇ ਜਿਹੀ ਸਟੇਟਮੈਂਟ ਤੋਂ ਮਿਲਦੇ ਨੇ। ਹਰਦੀਪ ਸਿੰਘ ਨਿਮਾਣਾ ਆਪਣੇ ਲੇਖ 'ਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸ਼ਾਇਦ ਪਟਾਨ ਸਾਹਿਬ 'ਚ ਜਨਮ ਹੋਣ ਕਾਰਨ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਪੰਜਾਬ ਤੇ ਸਿੱਖ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਤੇ ਪਿਆਰ, ਸਤਿਕਾਰ ਹੈ। ਇਹ ਵੀ ਜ਼ਿਕਰ ਕਰਦੇ ਨੇ ਕਿ ਉਨ੍ਹਾਂ ਦੀ 13 ਸਾਲ ਦੀ ਬੇਟੀ ਜੋ ਪੰਜਾਬੀ ' ਚ ਛਪੀ ਭਗਤ ਕਬੀਰ ਜੀ ਦੀ ਕਿਤਾਬ 'ਚੋਂ ਕਬੀਰ ਜੀ ਦੇ ਸਲੋਕ ਪੜ੍ਹਦੀ ਹੈ ਤੇ ਉਸਦੇ ਅਰਥ ਕਰਕੇ ਵੀ ਦੱਸਦੀ ਹੈ।
ਹਾਲ ਹੀ 'ਚ ਨੌਕਰੀ ਤੋਂ ਅਸਤੀਫਾ ਦੇਣ ਉਪਰੰਤ ਵੀ ਉਹ ਆਪਣੀ ਫੇਸਬੁੱਕ 'ਤੇ ਕੁਝ ਇਸ ਤਰ੍ਹਾਂ ਲਿਖਦੇ ਨੇ...
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।