ਦੇਹਰਾਦੂਨ, 1 ਅਗਸਤ, 2017 : ਉਤਰਾਖੰਡ 'ਚ ਅਗਲੇ 72 ਘੰਟਿਆਂ ਦੌਰਾਨ ਚਮੋਲੀ, ਰੁਦਰ ਪ੍ਰਯਾਗ, ਬਾਗੇਸ਼ਵਰ, ਦੇਹਰਾਦੂਨ, ਹਰਿਦਵਾਰ, ਪੌੜੀ, ਨੈਨੀਤਾਲ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿਚ ਕਿਤੇ-ਕਿਤੇ 65 ਤੋਂ 204 ਮਿ. ਮੀ. ਤਕ ਮੀਂਹ ਪੈ ਸਕਦਾ ਹੈ ਅਤੇ ਭਾਰੀ ਮੀਂਹ ਦੇ ਖਦਸ਼ੇ ਨੂੰ ਦੇਖਦੇ ਹੋਏ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਨੇ ਪੌੜੀ ਜ਼ਿਲੇ ਵਿਚ ਸਕੂਲਾਂ 'ਚ ਛੁੱਟੀ ਐਲਾਨ ਦਿੱਤੀ ਹੈ। ਇਸ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਪੈ ਰਿਹਾ ਹੈ।
ਓਧਰ ਚਾਰ ਧਾਮ ਯਾਤਰਾ ਮਾਰਗਾਂ ਦੇ ਖੁਲ੍ਹਣ ਤੇ ਬੰਦ ਹੋਣ ਦਾ ਸਿਲਸਿਲਾ ਜਾਰੀ ਹੈ। ਚਮੋਲੀ ਵਿਚ ਐਤਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਬਦਰੀਨਾਥ ਰਾਜ ਮਾਰਗ ਲਾਮਬਗੜ ਵਿਚ ਬੰਦ ਪਿਆ ਹੈ। ਚੋਪਤਾ-ਕੇਦਾਰਨਾਥ ਰਾਜ ਮਾਰਗ ਵੀ ਗੋਪੇਸ਼ਵਰ ਡਵੀਜ਼ਨ ਵਿਚ ਢਿਗਾਂ ਡਿੱਗਣ ਕਾਰਨ ਦੋ ਥਾਵਾਂ ਤੋਂ ਬੰਦ ਹੈ। ਰੁਦਰ ਪ੍ਰਯਾਗ ਵਿਚ ਵੀ ਸਵੇਰ ਤੋਂ ਮੀਂਹ ਦਾ ਦੌਰ ਜਾਰੀ ਹੈ।
ਓਧਰ ਰੁਦਰ ਪ੍ਰਯਾਗ-ਕੇਦਾਰਨਾਥ ਮਾਰਗ ਸੁਚਾਰੂ ਹੈ ਪਰ ਸ਼੍ਰੀਨਗਰ ਤੋਂ ਪਹਿਲਾਂ ਕੋਡਿਆਲਾ ਵਿਚ ਮਲਬਾ ਆਉਣ ਨਾਲ ਬਦਰੀਨਾਥ ਰਾਜ ਮਾਰਗ ਬੰਦ ਪਿਆ ਹੈ।