ਚੋਣ ਨਤੀਜੇ ਭਾਜਪਾ ਦੇ ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਖਿਲਾਫ਼ ਲੋਕ ਫਤਵਾ- ਪਾਸਲਾ
ਅਸ਼ੋਕ ਵਰਮਾ
ਚੰਡੀਗੜ੍ਹ ,2ਮਈ 2021: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਪੰਜ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਆਰ ਐਸ ਐਸ ਤੇ ਭਾਰਤੀ ਜਨਤਾ ਪਾਰਟੀ ਦੇ ਤਬਾਹਕੁੰਨ ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ, ਸਰਕਾਰੀ ਮਸ਼ੀਨਰੀ ਦੀ ਘੋਰ ਦੁਰਵਰਤੋਂ ਦੀ ਤਾਨਾਸ਼ਾਹੀ ਪਹੁੰਚ, ਲੋਕਾਈ ਦਾ ਜੀਵਨ ਦੁੱਭਰ ਕਰਨ ਵਾਲੀਆਂ ਨੀਤੀਆਂ, ਕੋਰੋਨਾ ਮਹਾਮਾਰੀ ਦੌਰਾਨ ਅਤਿ ਨੱਖਿਧ ਕਾਰਗੁਜ਼ਾਰੀ ਅਤੇ ਹੰਕਾਰੀ ਰਵੱਈਏ ਖਿਲਾਫ਼ ਲੋਕ ਫਤਵਾ ਕਰਾਰ ਦਿੱਤਾ ਹੈ।ਅੱਜ ਇਕ ਬਿਆਨ ਰਾਹੀਂ ਉਕਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਕਤ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਇਹ ਸਿੱਧ ਕੀਤਾ ਹੈ ਕਿ ਦੇਸ਼ ਦੇ ਬਹੁਗਿਣਤੀ ਵੋਟਰ ਸੰਘ-ਭਾਜਪਾ ਦੀ ਫਿਰਕੂ ਧਰੁਵੀਕਰਨ ਦੀ ਆੜ ਹੇਠ ਕਾਰਪੋਰੇਟ ਲੁੱਟ ਨੂੰ ਸੁਖਾਲਾ ਬਨਾਉਣ ਦੀ ਕੋਝੀ ਚਾਲ ਨੂੰ ਸਖਤ ਨਾ ਪਸੰਦ ਕਰਦੇ ਹਨ।
ਉਨ੍ਹਾਂ ਧਰਮ ਨਿਰਪੱਖਤਾ ਦਾ ਪਰਚਮ ਬੁਲੰਦ ਰੱਖਣ ਵਾਲੇ ਪੱਛਮੀ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਦੇ ਲੋਕਾਂ ਨੂੰ ਸੰਗਰਾਮੀ ਮੁਬਾਰਕਾਂ ਪੇਸ਼ ਕੀਤੀਆਂ ਅਤੇ ਕੇਰਲਾ ਦੇ ਵਟਕਰਾ ਵਿਧਾਨ ਸਭਾ ਹਲਕੇ ਤੋਂ ਆਰ ਐਮ ਪੀ ਆਈ ਉਮੀਦਵਾਰ ਕਾਮਰੇਡ ਕੇ ਕੇ ਰੇਮਾ( ਸੁਪਤਨੀ ਸ਼ਹੀਦ ਟੀ ਪੀ ਚੰਦਰ ਸ਼ੇਖਰਨ) ਦੀ ਜਿੱਤ ਤੇ ਖੁਸ਼ੀ ਪ੍ਰਗਟਾਈ। ਸਾਥੀ ਪਾਸਲਾ ਨੇ ਕੇਰਲਾ ਵਿੱਚ ਖੱਬੇ ਮੁਹਾਜ਼ ਦੀ ਇਤਿਹਾਸਕ ਜਿੱਤ 'ਤੇ ਡਾਢੀ ਖੁਸ਼ੀ ਜਾਹਿਰ ਕਰਦਿਆਂ ਅਪੀਲ ਕੀਤੀ ਕਿ ਪੱਛਮੀ ਬੰਗਾਲ ਦਾ ਖੱਬਾ ਮੋਰਚਾ ਪੂਰੀ ਸੰਜੀਦਗੀ ਨਾਲ ਸਵੈ ਪੜਚੋਲ ਕਰਦਿਆਂ ਭਵਿੱਖ ਦੀ ਰਣਨੀਤੀ ਘੜੇ।