ਚੰਡੀਗੜ੍ਹ, 4 ਅਕਤੂਬਰ, 2017 :
ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਕੰਮਕਾਜ ਦੀ ਭਾਸ਼ਾ ਬਣਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਵਿੱਢੀ ਮੁਹਿੰਮ ਨੇ ਹੁਣ ਲੋਕ ਲਹਿਰ ਦਾ ਰੂਪ ਧਾਰ ਲਿਆ ਹੈ। ਚੰਡੀਗੜ੍ਹ ਦੇ ਸੈਕਟਰਾਂ ਵਿਚ ਜਿੱਥੇ ਆਪ ਮੁਹਾਰੇ ਬੈਠਕਾਂ ਦਾ ਦੌਰ ਜਾਰੀ ਹੈ, ਉਥੇ ਚੰਡੀਗੜ੍ਹ ਖੇਤਰ ਵਿਚ ਪੈਂਦੇ ਪਿੰਡਾਂ ਦੇ ਲੋਕ 1 ਨਵੰਬਰ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਕਮਰਕੱਸੇ ਕਰ ਚੁੱਕੇ ਹਨ। ਹਾਲ ਹੀ ਦੌਰਾਨ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਸੰਗਠਨਾਂ ਦੇ ਨੁਮਾਇੰਦਿਆਂ ਨੇ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਖੇ ਬੈਠਕ ਕਰਕੇ 1 ਨਵੰਬਰ ਨੂੰ ਗਵਰਨਰ ਹਾਊਸ ਦੇ ਘਿਰਾਓ ਲਈ ਵਿਉਂਤਬੰਦੀ ਘੜੀ। ਦੂਜੇ ਪਾਸੇ ਪਿੰਡ ਖੁੱਡਾ ਅਲੀਸ਼ੇਰ, ਮੌਲੀ ਜੱਗਰਾਂ, ਮਨੀਮਾਜਰਾ, ਬੁੜੈਲ ਵਿਖੇ ਵੀ ਭਰਵਾਂ ਇਕੱਠ ਕਰਕੇ ਪਿੰਡਾਂ ਅਤੇ ਆਲੇ-ਦੁਆਲੇ ਦੇ ਸੈਕਟਰਾਂ ਦੇ ਲੋਕਾਂ ਨੇ ਐਲਾਨ ਕੀਤਾ ਕਿ ਉਹ ਜਿੱਥੇ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ 1 ਨਵੰਬਰ ਨੂੰ ਸੈਕਟਰ 17 ਵਿਚ ਹੋਣ ਵਾਲੇ ਰੋਸ ਮੁਜ਼ਾਹਰੇ 'ਚ ਸ਼ਾਮਲ ਹੋਣਗੇ, ਉਥੇ ਹੀ ਰੈਲੀ ਤੋਂ ਬਾਅਦ ਗਵਰਨਰ ਹਾਊਸ ਦਾ ਘਿਰਾਓ ਕਰਨ ਲਈ ਵੀ ਜਾਣਗੇ। ਇਨ੍ਹਾਂ ਬੈਠਕਾਂ ਦੌਰਾਨ ਪੰਜਾਬੀ ਹਿਤੈਸ਼ੀਆਂ ਨੇ ਪ੍ਰਣ ਲਿਆ ਕਿ ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਉਸਦਾ ਸਥਾਨ ਦਿਵਾਉਂਦਿਆਂ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਵਜੋਂ ਬਹਾਲ ਨਹੀਂ ਕਰਵਾ ਲੈਂਦੇ, ਤਦ ਤੱਕ ਚੈਨ ਨਾਲ ਨਹੀਂ ਬੈਠਾਂਗੇ।
1 ਨਵੰਬਰ ਦੇ ਘਿਰਾਓ ਨੂੰ ਲੈ ਕੇ ਚੱਲ ਰਹੀਆਂ ਬੈਠਕਾਂ ਦੇ ਦੌਰ ਦੌਰਾਨ ਹੀ ਪਿੰਡ ਬੁੜੈਲ ਵਿਖੇ ਵੀ ਮਾਸਟਰ ਧਰਮ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿਚ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾਇਆ ਕਿ ਦੇਸ਼ ਦੇ ਕਿਸੇ ਵੀ ਸੂਬੇ ਦੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਤੇ ਨਾ ਹੀ ਦੇਸ਼ ਦੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ 6 ਵਿਚ ਭਾਸ਼ਾ ਅੰਗਰੇਜ਼ੀ ਹੈ। ਬਸ ਕੇਵਲ ਚੰਡੀਗੜ੍ਹ ਵਿਚ ਹੀ ਪੰਜਾਬੀਆਂ ਨਾਲ ਧੱਕਾ ਕਰਦਿਆਂ ਇੱਥੇ ਅੰਗਰੇਜ਼ੀ ਥੋਪੀ ਗਈ ਹੈ। ਇਸ ਧੱਕੇ ਦੇ ਖਿਲਾਫ ਅਸੀਂ 1 ਨਵੰਬਰ ਨੂੰ ਰੈਲੀ ਕਰਕੇ ਗਵਰਨਰ ਹਾਊਸ ਦਾ ਘਿਰਾਓ ਕਰਾਂਗੇ। ਦੇਵੀ ਦਿਆਲ ਸ਼ਰਮਾ ਦੇ ਇਸ ਸੱਦੇ ਵਿਚ ਆਪਣਾ ਹਾਂ-ਪੱਖੀ ਹੁੰਗਾਰਾ ਸ਼ਾਮਲ ਕਰਦਿਆਂ ਮੰਚ ਦੇ ਚੇਅਰਮੈਨ ਸਿਰੀ ਰਾਮ ਅਰਸ਼, ਖਜ਼ਾਨਚੀ ਸੁਖਜੀਤ ਸਿੰਘ ਸੁੱਖਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜਨਰਲ ਸਕੱਤਰ ਜੋਗਿੰਦਰ ਸਿੰਘ ਅਤੇ ਮੰਚ ਦੇ ਸਕੱਤਰ ਦੀਪਕ ਚਨਾਰਥਲ ਨੇ ਆਪਣੇ ਵਿਚਾਰ ਰੱਖਦਿਆਂ ਆਖਿਆ ਕਿ ਹੁਣ ਤਾਂ ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕ ਦਿਵਾ ਕੇ ਹੀ ਪਰਤਾਂਗੇ। ਇਸ ਮੌਕੇ 'ਤੇ ਗੁਰਦਰਸ਼ਨ ਸਿੰਘ ਬੁੜੈਲ, ਜਵਾਲਾ ਸਿੰਘ ਬੁੜੈਲ, ਹਰਮੇਸ਼ ਸਿੰਘ ਕਜਹੇੜੀ, ਮਨਮੋਹਨ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਆਖਰ ਵਿਚ ਬੈਠਕ ਦੀ ਪ੍ਰਧਾਨਗੀ ਕਰ ਰਹੇ ਮਾਸਟਰ ਧਰਮ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਪਿੰਡ ਬੁੜੈਲ ਵਿਚੋਂ 3 ਬੱਸਾਂ 1 ਨਵੰਬਰ ਦੀ ਰੈਲੀ ਵਿਚ ਸ਼ਾਮਲ ਹੋਣ ਪਹੁੰਚਣਗੀਆਂ। ਮੰਚ ਸੰਚਾਲਨ ਗੁਰਪ੍ਰੀਤ ਸਿੰਘ ਸੋਮਲ ਨੇ ਸੰਭਾਲਦਿਆਂ ਨੌਜਵਾਨਾਂ ਨੂੰ ਇਸ ਸੰਘਰਸ਼ ਵਿਚ ਵੱਧ ਤੋਂ ਵੱਧ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ।