ਅਸ਼ੋਕ ਵਰਮਾ
ਨਵੀਂ ਦਿੱਲੀ, 04 ਅਕਤੂਬਰ 2021: ਅੱਜ ਸੰਯੁਕਤ ਕਿਸਾਨ ਮੋਰਚੇ ਦਿੱਤੇ ਧਰਨੇ ਵਿੱਚ ਟਿਕਰੀ ਬਾਰਡਰ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਜੱਥੇ ਨੇ ਸ਼ਾਮਲ ਹੋ ਕੇ ਡਿਪਟੀ ਕਮਿਸ਼ਨਰ ਝੱਜਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਹਿੰਸਾ ਭੜਕਾਉਣ ਵਾਲੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸਦੇ ਵਿਰੁੱਧ ਹਿੰਸਾ ਭੜਕਾਉਣ ਤੇ ਫਿਰਕੂ ਨਫਰਤ ਫੈਲਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ , ਮੰਤਰੀ ਦੇ ਬੇਟੇ ਅਸ਼ੀਸ਼ ਮਿਸਰਾ ‘ਮੋਨੀ‘ਅਤੇ ਉਸਦੇ ਗੁੰਡਾ ਸਾਥੀਆਂ ਵਿਰੁੱਧ 302 (ਕਤਲ) ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ,ਯੂ ਪੀ ਦੀ ਯੋਗੀ ਸਰਕਾਰ ਨੂੰ ਚਲਦਾ ਕੀਤਾ ਜਾਵੇ , ਸੰਵਿਧਾਨਕ ਅਹੁਦੇ ‘ਤੇ ਹੁੰਦਿਆਂ ਹਿੰਸਾ ਲਈ ਉਕਸਾਉਣ ਦੇ ਦੋਸੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਮੋਗੇ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਅਤੇ ਬਠਿੰਡੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਤੇ ਕੀਤੇ ਕਾਤਾਲਾਨਾ ਹਮਲੇ ਤੇ ਬੋਲਦਿਆਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸਾਂਤਮਈ ਕਿਸਾਨ ਅੰਦੋਲਨ ਦੇ ਪੂਰੇ ਦੇਸ਼ ਵਿੱਚ ਵਧ ਰਹੇ ਪਸਾਰੇ ਤੋਂ ਭਾਜਪਾ ਆਗੂ ਬੁਖਲਾਹਟ ਚ ਆ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਪ੍ਰਭਾਵ ਕਾਰਨ ਭਾਜਪਾ ਦੇ ਹੋ ਰਹੇ ਸਿਆਸੀ ਨੁਕਸਾਨ ਦੇ ਡਰ ਕਾਰਨ ਭਾਜਪਾ ਹਕੂਮਤ ਬੌਖਲਾਹਟ ਵਿੱਚ ਆ ਕੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਢਾਹ ਰਹੀ ਹੈ ।
ਉਨ੍ਹਾਂ ਦੱਸਿਆ ਕਿ ਪਹਿਲਾਂ ਕਰਨਾਲ ਦੇ ਵਿੱਚ ਕਿਸਾਨਾਂ ਤੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ ਅਤੇ ਹੁਣ ਇਸੇ ਤਰ੍ਹਾਂ ਯੂ ਪੀ ਦੇ ਵਿੱਚ ਜਦੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਦਾ ਜਹਾਜ਼ ਲਖੀਮਪੁਰ ਖੀਰੀ ਵਿੱਚ ਉਤਰਨਾ ਸੀ ਤਾਂ ਕਿਸਾਨਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਜਹਾਜ਼ ਦਾ ਰਸਤਾ ਬਦਲ ਦਿੱਤਾ । ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਪ੍ਰਦਰਸ਼ਨ ਕਰਕੇ ਵਾਪਸ ਸ਼ਾਂਤਮਈ ਢੰਗ ਨਾਲ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਉਦੋਂ ਇਸ ਗੱਲ ਤੋਂ ਗੁੱਸੇ ਹੋ ਕੇ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਅਤੇ ਉਸ ਦੇ ਗੁੰਡਿਆਂ ਨੇ ਸੜਕ ਕਿਨਾਰੇ ਜਾਂਦੇ ਕਿਸਾਨਾਂ ਤੇ ਗੱਡੀ ਚਾੜ੍ਹ ਦਿੱਤੀ ਜਿਸ ਕਾਰਨ 8 ਕਿਸਾਨਾਂ ਦੀ ਜਾਨ ਚਲੀ ਗਈ।
ਨਛੱਤਰ ਸਿੰਘ ਢੱਡੇ ਅਤੇ ਅਮਰੀਕ ਸਿੰਘ ਸਿਵੀਆਂ ਨੇ ਕਿਹਾ ਕਿ ਗਿਆਰਾਂ ਵਾਰ ਮੀਟਿੰਗ ਕਰਨ ਤੇ ਵੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਿਸੇ ਸਿੱਟੇ ਤੇ ਨਹੀਂ ਪੁੱਜੀ ਤਾਂ ਅੱਜ ਲੋਕ ਤਾਕਤ ਦੇ ਦਬਾਅ ਕਾਰਨ ਕੇਂਦਰ ਦੇ ਮੰਤਰੀ ਕਹਿੰਦੇ ਨੇ ਅਸੀਂ ਗੱਲ ਕਰਨ ਲਈ ਤਿਆਰ ਹਾਂ । ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਲੋਕ ਤਾਕਤ ਦੇ ਏਕੇ ਦਾ ਸਿੱਟਾ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਇੱਕ ਵਾਰ ਜਿਹੜੀ ਗੱਲ ਮੈਂ ਮੂੰਹੋਂ ਕੱਢ ਦੇਵਾਂ ਉਹ ਕਦੇ ਵਾਪਸ ਨਹੀਂ ਹੁੰਦੀ ਅੱਜ ਸਾਡੇ ਏਕੇ ਨੇ ਭਾਜਪਾ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਹੈ ।
ਚਰਨਜੀਤ ਕੌਰ ਬਰਨਾਲਾ ਅਤੇ ਲਵਲੀ ਕੌਰ ਸੰਗਰੂਰ ਨੇ ਕਿਹਾ ਕਿ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕੰਮਾਂਕਾਰਾਂ ਕਾਰਨ ਮੋਰਚੇ ਵਿੱਚ ਮਰਦਾਂ ਦੀ ਗਿਣਤੀ ਘਟੇਗੀ ਇਸ ਦੌਰਾਨ ਔਰਤਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ । ਅੱਜ ਸਟੇਜ ਸਕੱਤਰ ਦੀ ਜਿੰਮੇਵਾਰੀ ਮੁਕਤਸਰ ਜ਼ਿਲ੍ਹੇ ਦੇ ਆਗੂ ਹਰਬੰਸ ਸਿੰਘ ਕੋਟਲੀ ਨੇ ਨਿਭਾਈ ਅਤੇ ਸਟੇਜ ਤੋਂ ਬਿੱਟੂ ਮੱਲਣ ਮੁਕਤਸਰ, ਹਨੀ ਸੰਗਰੂਰ , ਮਨਪ੍ਰੀਤ ਸਿੰਘ ਸੰਗਰੂਰ, ਸੁਖਵਿੰਦਰ ਸਿੰਘ ਸੰਗਰੂਰ ,ਬਲਕਾਰ ਸਿੰਘ ਪਟਿਆਲਾ, ਨੇ ਵੀ ਸੰਬੋਧਨ ਕੀਤਾ ।