ਨਰਿੰਦਰ ਮੋਦੀ ਦੀ ਨਫ਼ਰਤ ਦੀ ਰਾਜਨੀਤੀ ਦਾ ਵੋਟ ਨਾਲ ਜਵਾਬ ਦੇਣ ਦੀ ਜ਼ਰੂਰਤ : ਰਾਜਾ ਵੜਿੰਗ
- ਭਾਜਪਾ ਤੋਂ ਕਿਸਾਨ, ਮਜਦੂਰ, ਵਪਾਰੀ, ਮੁਲਾਜ਼ਮ, ਪੰਜਾਬ ਅਤੇ ਸੰਵਿਧਾਨ ਬਚਾਉਣਾ ਜਰੂਰੀ : ਸੰਧੂ
ਦੀਪਕ ਗਰਗ
ਕੋਟਕਪੂਰਾ, 24 ਅਪ੍ਰੈਲ 2024 :- ਔਰਤਾਂ ਨੂੰ ਇਕ ਇਕ ਹਜਾਰ ਰੁਪਿਆ ਪ੍ਰਤੀ ਮਹੀਨਾ ਦੇਣ ਸਮੇਤ ਵੱਖ ਵੱਖ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਇਕ ਵੀ ਔਰਤ ਨੂੰ ਟਿਕਟ ਦੇਣ ਦੀ ਜਰੂਰਤ ਨਹੀਂ ਸਮਝੀ। ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੈਪਾਲ ਸਿੰਘ ਸੰਧੂ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਵਰਕਰਾਂ ਨਾਲ ਜਾਣ-ਪਛਾਣ ਕਰਵਾਉਣ ਲਈ ਰੱਖੀ ਵਰਕਰ ਮੀਟਿੰਗ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ‘ਅਮਰਿੰਦਰ ਸਿੰਘ ਰਾਜਾ ਵੜਿੰਗ’ ਨੇ ਆਖਿਆ ਕਿ ਸੰਵਿਧਾਨ, ਪੰਜਾਬ, ਕਿਸਾਨ, ਮਜਦੂਰ, ਵਪਾਰੀ ਅਤੇ ਮੁਲਾਜ਼ਮ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਤੋਂ ਬਚਾਉਣ ਲਈ ਲੋਕ ਸਭਾ ਚੋਣਾ ਵਿੱਚ ਵੋਟਾਂ ਨਾਲ ਕਾਂਗਰਸ ਪਾਰਟੀ ਨੂੰ ਜਿਤਾਉਣਾ ਜਰੂਰੀ ਹੈ।
ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫੈਲਾਈ ਜਾ ਰਹੀ ਨਫਰਤ ਦੀ ਰਾਜਨੀਤੀ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਰਿੰਦਰ ਮੋਦੀ ਅਤੇ ਉਸਦੇ ਸਾਥੀਆਂ ਵਲੋਂ ਫੈਲਾਏ ਜਾ ਰਹੇ ਝੂਠ ਅਤੇ ਘੱਟ ਗਿਣਤੀਆਂ ਖਿਲਾਫ ਵਰਤੀ ਜਾ ਰਹੀ ਅਪਮਾਨਜਨਕ ਸ਼ਬਦਾਵਲੀ ਦੀ ਦੇਸ਼-ਵਿਦੇਸ਼ ਵਿੱਚ ਜਾਗਰੂਕ ਤਬਕੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਉਹਨਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਮ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨਾਲ ਤੁਲਨਾ ਕਰਦਿਆਂ ਆਖਿਆ ਕਿ ਡਾ. ਮਨਮੋਹਨ ਸਿੰਘ ਦੀਆਂ ਦਲੀਲਾਂ ਅਤੇ ਸਕੀਮਾ ਦੀ ਵਿਦੇਸ਼ ਵਿੱਚ ਵੀ ਪ੍ਰਸੰਸਾ ਹੁੰਦੀ ਸੀ।
ਉਹਨਾਂ ਮੁਸਲਮਾਨਾ ਸਮੇਤ ਘੱਟ ਗਿਣਤੀਆਂ ਅਤੇ ਮੰਗਲਸੂਤਰ ਨੂੰ ਖਤਰੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਆਨਬਾਜੀ ਦੀ ਅੰਕੜਿਆਂ ਸਹਿਤ ਦਲੀਲਾਂ ਨਾਲ ਨਿਖੇਧੀ ਕੀਤੀ। ਪਾਰਟੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਆਖਿਆ ਕਿ ਮੈਂ ਤੁਹਾਡੀ ਧੀ ਅਤੇ ਭੈਣ ਹਾਂ, ਮੈਂ ਤੁਹਾਡੇ ਦੁੱਖ-ਸੁੱਖ ਵਿੱਚ ਹਮੇਸ਼ਾਂ ਸ਼ਰੀਕ ਰਹਾਂਗੀ। ਉਹਨਾ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿਸ ਤਰਾਂ ਉਸਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਵਸਨੀਕਾਂ ਦੀ ਸੇਵਾ ਕਰਨ ਲਈ ਭੇਜਿਆ ਗਿਆ ਹੈ, ਮੈਂ ਜਿੱਥੇ ਹਲਕੇ ਦੇ ਵੋਟਰਾਂ ਦੀ ਸੇਵਾ ਲਈ ਤਤਪਰ ਰਹਾਂਗੀ, ਉੱਥੇ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵੀ ਪਾਵਾਂਗੀ। ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਸਿਰਫ ਵੋਟ ਦੀ ਖਾਤਰ ਭਾਜਪਾ ਵਲੋਂ ਭਰਾ ਨਾਲ ਭਰਾ ਨੂੰ ਲੜਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ।
ਆਪਣੇ ਕਾਰਪੋਰੇਟ ਸਾਥੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਦੇਸ਼ ਨੂੰ ਦਾਅ ’ਤੇ ਲਾਇਆ ਜਾ ਰਿਹਾ ਹੈ। ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਕਾਂਗਰਸ ਹਾਈਕਮਾਂਡ ਦੇ ਬੁਲਾਰਿਆਂ ਵਲੋਂ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਮੂਹਰਲੀ ਕਤਾਰ ਦੇ ਆਗੂਆਂ ਦੇ ਹਰ ਝੂਠ ਦਾ ਦਲੀਲ ਨਾਲ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਸਮੇਤ ਸਾਬਕਾ ਮੰਤਰੀ ਉਪੇਂਦਰ ਸ਼ਰਮਾ, ਨਵਦੀਪ ਸਿੰਘ ਬੱਬੂ, ਅਜੈਪਾਲ ਸਿੰਘ ਸੰਧੂ, ਗਿੰਦਰਜੀਤ ਸਿੰਘ ਸੇਖੋਂ, ਦਰਸ਼ਨ ਸਿੰਘ ਢਿੱਲਵਾਂ, ਬੋਹੜ ਸਿੰਘ ਘਾਰੂ, ਅਮਰਜੀਤ ਸਿੰਘ ਸੁੱਖਾ ਖਾਰਾ, ਕੁੱਕੀ ਚੋਪੜਾ, ਦਰਸ਼ਨ ਸਿੰਘ ਸਹੋਤਾ, ਅਜੈਬ ਸਿੰਘ ਚਹਿਲ, ਭੁਪਿੰਦਰ ਸਿੰਘ ਸਹੋਕੇ, ਜੈ ਪ੍ਰਕਾਸ਼ ਆਦਿ ਨੇ ਵੀ ਸੰਬੋਧਨ ਕੀਤਾ।