ਐਸ.ਏ.ਐਸ. ਨਗਰ, 14 ਨਵੰਬਰ 2019 - ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਾਬਾਰਡ ਤੇ ਮਹਿਲਾ ਕਲਿਆਣ ਸਮਿਤੀ ਵੱਲੋਂ ਚਲਾਈ ਮੁਹਿੰਮ ਤਹਿਤ ਕਿਸਾਨਾਂ ਜਾਗਰੂਕਤਾ ਕੈਂਪਾਂ ਦੀ ਲੜੀ ਦਾ ਸਮਾਪਤੀ ਕੈਂਪ ਅੱਜ ਇੱਥੇ ਹੋਟਲ ਸਨਸ਼ਾਈਨ ਸੈਕਟਰ 70 ਮੁਹਾਲੀ ਵਿੱਚ ਲਾਇਆ ਗਿਆ।
ਇਸ ਮੌਕੇ ਡੀ.ਡੀ.ਐਮ. ਨਾਬਾਰਡ ਸ੍ਰੀ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲੇ ਦੇ 140 ਪਿੰਡਾਂ ਵਿੱਚ ਨਾਬਾਰਡ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਗਏ ਸਨ, ਜਿਨਾਂ ਵਿੱਚ ਮਹਿਲਾ ਕਲਿਆਣ ਸਮਿਤੀ ਵੱਲੋਂ ਕਲਸਟਰ ਪੱਧਰੀ ਕੈਂਪ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਪਰਾਲੀ ਨਾ ਸਾੜ ਕੇ ਸਗੋਂ ਇਸ ਜ਼ਮੀਨ ਵਿੱਚ ਵਾਹੁਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ।
ਏ.ਡੀ.ਓ. ਖਰੜ ਕ੍ਰਿਸ਼ਨ ਆਨੰਦ ਨੇ ਦੱਸਿਆ ਕਿ ਜ਼ਿਲਾ ਐਸ.ਏ.ਐਸ. ਨਗਰ ਵਿੱਚ ਪਰਾਲੀ ਫੂਕਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਇਹ ਵਿਭਾਗ ਵੱਲੋਂ ਚਲਾਈ ਜਾਗਰੂਕਤਾ ਦਾ ਮੁਹਿੰਮ ਦਾ ਅਸਰ ਹੈ, ਜਿਸ ਤਹਿਤ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਮਸ਼ੀਨਰੀ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਵਾਹਿਆ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ।
ਪਿੰਡ ਮਦਨਹੇੜੀ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਫੂਕਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਉਤਸ਼ਾਹ ਵਧਾਊ ਰਕਮ ਦੇਣ ਲਈ ਪਿੰਡ ਮਦਨਹੇੜੀ ਦੇ 37 ਕਿਸਾਨਾਂ ਨੂੰ ਚੁਣਿਆ ਗਿਆ ਹੈ। ਉਨਾਂ ਦੱਸਿਆ ਕਿ ਪਿੰਡ ਮਦਨਹੇੜੀ ਪੰਜਾਬ ਦਾ ਅਜਿਹਾ ਪਹਿਲਾ ਪਿੰਡ ਬਣਿਆ ਹੈ, ਜੋ ਪਰਾਲੀ ਫੂਕਣ ਤੋਂ 100 ਫੀਸਦੀ ਮੁਕਤ ਰਿਹਾ।
ਇਸ ਮੌਕੇ ਮੱਛੀ ਪਾਲਣ ਵਿਭਾਗ ਤੋਂ ਫਿਸ਼ਰੀਜ਼ ਅਫਸਰ ਜਗਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਮੱਛੀ ਪਾਲਣ, ਸੂਰ ਪਾਲਣ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਡੇਅਰੀ ਵਿਕਾਸ ਬੋਰਡ ਦੇ ਇੰਸਪੈਕਟਰ ਸੇਵਾ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਕਾਸ਼ਤ ਛੱਡ ਕੇ ਚਾਰੇ ਵਾਲੀਆਂ ਫਸਲਾਂ ਬੀਜ ਕੇ ਆਪਣੀ ਆਮਦਨ ਵਧਾਉਣ। ਉਨਾਂ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਵੀ ਦੱਸਿਆ। ਮਹਿਲਾ ਕਲਿਆਣ ਸਮਿਤੀ ਦੀ ਪ੍ਰਧਾਨ ਦੀਪਿਕਾ ਸਿੰਧਵਾਨੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਵਿੱਤੀ ਸਾਖਰਤਾ ਕਾੳੂਂਸਲਰ ਆਰ.ਸੀ. ਸਰਾਓ, ਪੰਜਾਬ ਗ੍ਰਾਮੀਣ ਬੈਂਕ ਦੇ ਡੀ.ਸੀ.ਓ. ਰੇਨੂੰ ਬਾਲਾ, ਜੀ.ਓ.ਜੀ. ਕੁਲਵੰਤ ਸਿੰਘ ਗੀਗੇਮਾਜਰਾ ਅਤੇ ਆਤਮਾ ਸਕੀਮ ਤਹਿਤ ਮਾਜਰੀ ਤੋਂ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਨਾਬਾਰਡ ਨੇ ਪਰਾਲੀ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਦੇ ਚਾਰ ਹਜ਼ਾਰ ਪਿੰਡਾਂ ਵਿੱਚ ਕਲੱਸਟਰ ਪੱਧਰੀ ਪ੍ਰੋਗਰਾਮ ਕਰਵਾਏ ਹਨ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਪਰਾਲੀ ਫੂਕਣ ਦੇ ਮਾਮਲਿਆਂ ਵਿੱਚ ਵੱਡੇ ਪੱਧਰ ਉਤੇ ਕਮੀ ਦਰਜ ਕੀਤੀ ਗਈ ਹੈ।