ਗੁਰਨਾਮ ਸਿੱਧੂ
ਫਿਰੋਜ਼ਪੁਰ 09 ਨਵੰਬਰ 2019 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੇ ਸਾਇੰਸਦਾਨਾਂ ਵੱਲੋਂ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਗੁਰਜੰਟ ਸਿੰਘ ਔਲਖ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ, ਅੱਬੂ ਸ਼ਾਹ ਬੁੱਕਰ ਅਤੇ ਸਰਕਾਰੀ ਹਾਈ ਸਕੂਲ, ਮੱਲੋਕੇ ਦੇ ਨੌਵੀਂ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਨਾ ਸਾੜਣ ਸਬੰਧੀ ਸਕੂਲਾਂ ਵਿਚ ਜਾ ਕੇ ਪ੍ਰੇਰਿਤ ਕੀਤਾ। ਵਾਤਾਵਰਣ ਦੀ ਸੰਭਾਲ ਸਬੰਧੀ ਬੱਚਿਆਂ ਦੇ ਲੇਖ ਅਤੇ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਸਕੂਲਾਂ ਦੇ ਸਟਾਫ ਅਤੇ ਬੱਚਿਆਂ ਨੂੰ ਪਰਾਲੀ ਸਾੜਣ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਝੋਨੇ ਦੇ ਪਰਾਲੀ ਨੂੰ ਖੇਤਾਂ ਵਿਚ ਵਾਹਣ ਵਾਲੀ ਮਸ਼ੀਨਰੀ ਅਤੇ ਪਰਾਲੀ ਨੂੰ ਬਿਨਾ ਅੱਗ ਲਾਏ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨਰੀ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਇਸ ਕੈਂਪ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹ ਘਰ ਜਾ ਕੇ ਆਪਣੇ ਮਾਤਾ ਪਿਤਾ, ਚਾਚੇ ਤਾਇਆਂ ਅਤੇ ਭੈਣ ਭਰਾਵਾਂ ਨੂੰ ਵੀ ਪਰਾਲੀ ਨੇ ਸਾੜਣ ਬਾਰੇ ਪ੍ਰੇਰਿਤ ਕਰਨਗੇ ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਪਿੰਡ ਵਾਸੀਆਂ ਨੂੰ ਅਗਾਂਹ ਜਾਣਕਾਰੀ ਦੇਣਗੇ। ਇਨ੍ਹਾਂ ਕੈਂਪਾਂ ਵਿਚ ਹਰੇਕ ਸਕੂਲ਼ ਦੇ 100-100 ਵਿਦਿਆਰਥੀ ਅਤੇ ਪੂਰੇ ਸਟਾਫ ਨੇ ਸ਼ਿਰਕਤ ਕੀਤੀ ਅਤੇ ਕੇਂਦਰ ਦੇ ਸਾਇੰਸਦਾਨਾਂ ਦਾ ਪੂਰਾ ਸਾਥ ਦਿੱਤਾ। ਸਕੂਲਾਂ ਦੇ ਮੁੱਖੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੇ ਸਾਇੰਸਦਾਨਾਂ ਦਾ ਇਹ ਵਡ ਮੁੱਲੀ ਜਾਵਕਾਰੀ ਦੇਣ ਲਈ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਅਜਿਹੇ ਹੋਰ ਕੈਂਪ ਲਗਾਉਣ ਬਾਰੇ ਵੀ ਸਾਇੰਸਦਾਨਾਂ ਨੂੰ ਬੇਨਤੀ ਕੀਤੀ ਗਈ।