- ਡਾਇਰੈਕਟਰ, ਇਨਵਾਰਨਮੈਂਟ ਐਂਡ ਕਲਾਈਮੇਟ ਚੇਂਜ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
- ਸ੍ਰੀ ਪੰਨੂ ਨੇ ਪਰਾਲੀ ਨੂੰ ਅੱਗ ਲਾ ਰਹੇ ਪਿੰਡ ਬਦੀਨਪੁਰ ਦੇ ਕਿਸਾਨ ਨੂੰ ਰੋਕਿਆ
- ਕਿਸਾਨ ਨੂੰ ਹੋਇਆ ਜੁਰਮਾਨਾ ਤੇ ਦਰਜ ਹੋਈ ਐਫ.ਆਈ.ਆਰ.
- ਪਰਾਲੀ ਸਾੜਨ ਸਬੰਧੀ ਜ਼ਿਲ੍ਹੇ ਵਿੱਚ ਹੁਣ ਤੱਕ ਚਾਰ ਕਿਸਾਨਾਂ ਖਿਲਾਫ ਦਰਜ ਹੋਈਆਂ ਐਫ.ਆਈ.ਆਰਜ਼
- ਮੰਡੀ ਗੋਬਿੰਦਗੜ੍ਹ ਦੀਆਂ ਸਨਅਤੀ ਇਕਾਈਆਂ ਵਿੱਚ ਸਾਈਡ ਹੁੱਡ ਸਕਸ਼ਨ ਵਿਦ ਬੈਗ ਫਿਲਟਰ ਹਾਊਸ ਸਦਕਾ ਸਨਅਤੀ ਇਕਾਈਆਂ ਵਿੱਚੋਂ ਨਿਕਲਦੀ ਧੂੜ ਵਿੱਚ ਆਈ ਕਮੀ
- ਸਨਅਤੀ ਇਕਾਈਆਂ ਵਿੱਚ ਵਿਸੇ਼ਸ਼ ਯੋਜਨਾ ਤਹਿਤ ਲਾਏ ਜਾਣਗੇ ਬੂਟੇ
- ਮੰਡੀ ਗੋਬਿੰਦਗੜ੍ਹ ਦੀਆਂ ਸੜਕਾਂ ਦੀ ਹੋਵੇਗੀ ਕਾਇਆ ਕਲਪ
ਫ਼ਤਹਿਗੜ੍ਹ ਸਾਹਿਬ, 02 ਨਵੰਬਰ 2019 - ਪਰਾਲੀ ਨੂੰ ਅੱਗ ਲਾਏ ਜਾਣ ਤੋਂ ਰੋਕਣ ਲਈ ਜਿਹੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ। ਪਰਾਲੀ ਨੂੰ ਅੱਗ ਲਾਏ ਜਾਣ ’ਤੇ ਸਬੰਧਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਨਾਲ ਅਧਿਕਾਰੀ ਤੇ ਕਰਮਚਾਰੀ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਵੀ ਕਰਦੇ ਰਹਿਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ, ਇਨਵਾਰਨਮੈਂਟ ਐਂਡ ਕਲਾਈਮੇਟ ਚੇਂਜ ਸ੍ਰੀ ਕਾਹਨ ਸਿੰਘ ਪੰਨੂ ਨੇ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਸਬੰਧੀ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਉਪਰੰਤ ਸ. ਪੰਨੂ ਨੇ ਜਿ਼ਲ੍ਹੇ ਦੇ ਦੌਰੇ ਦੌਰਾਨ ਪਰਾਲੀ ਨੂੰ ਅੱਗ ਲਾ ਰਹੇ ਪਿੰਡ ਬਦੀਨਪੁਰ ਦੇ ਕਿਸਾਨ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ। ਇਸ ਕਿਸਾਨ ਨੂੰ ਜੁਰਮਾਨਾ ਕੀਤਾ ਗਿਆ ਤੇ ਉਸ ਖਿਲਾਫ ਐਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ। ਸ. ਪੰਨੂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਜਿਸ ਦੀ ਵਰਤੋਂ ਕਰਦਿਆਂ ਕਿਸਾਨ ਪਰਾਲੀ ਨਾ ਸਾੜ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ। ਜਿ਼ਕਰਯੋਗ ਹੈ ਕਿ ਹੁਣ ਤੱਕ ਜਿ਼ਲ੍ਹੇ ਵਿੱਚ ਚਾਰ ਕਿਸਾਨਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀਆਂ ਹਨ।
ਮੰਡੀ ਗੋਬਿੰਦੜ੍ਹ ਵਿਖੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕਰਦਿਆਂ ਸ਼਼੍ਰੀ ਪੰਨੂ ਨੇ ਬੱਚਤ ਭਵਨ ਵਿਖੇ ਮੀਟਿੰਗ ਦੌਰਾਨ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀਆਂ ਸਨਅਤੀ ਇਕਾਈਆਂ ਪ੍ਰਦਸ਼ੂਣ ਕੰਟਰੋਲ ਕਰਨ ਲਈ ਵਿਸ਼ੇਸ਼ ਯੰਤਰ (ਸਾਈਡ ਹੁੱਡ ਸਕਸ਼ਨ ਵਿਦ ਬੈਗ ਫਿਲਟਰ ਹਾਊਸ) ਲਾਏ ਗਏ ਹਨ, ਜਿਨ੍ਹਾਂ ਸਦਕਾ ਸਨਅਤੀ ਇਕਾਈਆਂ ਵਿੱਚੋਂ ਨਿਕਲਦੀ ਧੂੜ ਵਿੱਚ ਵੱਡੇ ਪੱਧਰ ਉਤੇ ਕਮੀ ਆਈ ਹੈ। ਇਸ ਦੇ ਨਾਲ-ਨਾਲ ਸਾਰੀਆਂ ਸਨਅਤੀ ਇਕਾਈਆਂ ਵੱਲੋਂ ਕੋਲੇ ਦੀ ਥਾਂ ਪਾਈਪਡ ਨੈਚੂਰਲ ਗੈਸ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਨਾਉਣ ਲਈ ਪੰਜਾਬ ਸਰਕਾਰ ਨੇ ਪਾਈਪਡ ਨੈਚੂਰਲ ਗੈਸ ’ਤੇ ਟੈਕਸ 14.3 ਫ਼ੀਸਦ ਤੋਂ ਘਟਾ ਕੇ 03 ਫੀਸਦ ਕੀਤਾ ਹੈ। ਇਸ ਤੋਂ ਇਲਾਵਾ ਇਸ ਗੈਸ ਦੀ ਵਰਤੋਂ ਸਬੰਧੀ ਜੇਕਰ ਸਨਅਤੀ ਇਕਾਈਆਂ ਨੂੰ ਕੋਈ ਮੁਸ਼ਕਲ ਦਰਪੇਸ਼ ਹੈ ਤਾਂ ਸਰਕਾਰ ਉਸ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰੇਗੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮੰਡੀ ਗੋਬਿੰਦਗੜ੍ਹ ਦੀ ਤਲਵਾੜਾ ਰੋਡ ਸਮੇਤ ਜਿੰਨੀਆਂ ਵੀ ਸੜਕਾਂ ਦਾ ਨਵਨਿਰਮਾਣ ਜਾਂ ਵਿਸੇ਼ਸ਼ ਮੁਰੰਮਤ ਹੋਣ ਵਾਲੀ ਹੈ, ਉਹ ਕਰਵਾਈ ਜਾਵੇ। ਇਸ ਨਾਲ ਸੜਕਾਂ ਤੋਂ ਉਡਦੀ ਧੂੜ ਕਾਰਨ ਹੁੰਦੇ ਪ੍ਰਦੂਸ਼ਣ ਵਿੱਚ ਕਮੀ ਆਏਗੀ ਅਤੇ ਲੋਕਾਂ ਨੂੰ ਵੀ ਆਵਾਜਾਈ ਸਬੰਧੀ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ। ਸ਼੍ਰੀ ਪੰਨੂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀਆਂ ਸਨਅਤੀ ਇਕਾਈਆਂ ਵਿਖੇ ਵਿਸ਼ੇਸ਼ ਯੋਜਨਾ ਤਹਿਤ ਬੂਟੇ ਲਾਏ ਜਾਣਗੇ। ਇਹ ਬੂਟੇ ਲਾਉਣ ਲਈ ਪਹਿਲਾਂ ਸਨਅਤੀ ਇਕਾਈਆਂ ਦਾ ਦੌਰਾ ਕਰ ਕੇ ਥਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਹਾਲਾਤ ਮੁਤਾਬਕ ਬੂਟਿਆਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਇਹ ਮੁਹਿੰਮ ਕੇਵਲ ਬੂਟੇ ਲਾਉਣ ਤੱਕ ਸੀਮਤ ਨਾ ਰਹੇ ਤੇ ਲਾਏ ਜਾਣ ਵਾਲੇ ਬੂਟੇ ਦਰਖ਼ਤ ਬਣਨ ਤੇ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਵੇ।
ਉਨ੍ਹਾਂ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਸਿਰੇ ਨਹੀਂ ਚੜ੍ਹ ਸਕਦੀ। ਇਸ ਲਈ ਲੋਕਾਂ, ਖਾਸਕਰ ਕੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਬਾਰੇ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਨਅਤਕਾਰਾਂ ਨੇ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ, ਜਿਨ੍ਹਾਂ ਸਬੰਧੀ ਸ੍ਰੀ ਪੰਨੂ ਨੇ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਚੀਫ ਕਨਜ਼ਰਵੇਟਰ ਆਫ਼ ਫੌਰੈਸਟ ਸ਼੍ਰੀ ਸੌਰਵ ਗੁਪਤਾ, ਪੰਜਾਬ ਪ੍ਰਦਸ਼ੂਣ ਕੰਟਰੋਲ ਬੋਰਡ ਦੇ ਚੀਫ ਇੰਜਨੀਅਰ ਸ਼੍ਰੀ ਪਰਦੀਪ ਗੁਪਤਾ, ਐਸ.ਈ. ਰਾਜੀਵ ਸ਼ਰਮਾ, ਐਕਸੀਅਨ ਵਿਜੈ ਕੁਮਾਰ, ਡੀ.ਐਫ.ਓ. ਹਰਭਜਨ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਸਨਅਤਕਾਰ ਹਾਜ਼ਰ ਸਨ।