ਜੀ ਐਸ ਪੰਨੂ
ਪਟਿਆਲਾ, 14 ਅਕਤੂਬਰ 2017 : ਭਾਜਪਾ ਸਰਕਾਰ ਵਲੋਂ ਸੂਬਿਆਂ ਵਿੱਚ ਇੱਕ ਵਾਰ ਫਿਰ ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਤੇ ਹਮਲਾ ਬੋਲਕੇ ਹਿੰਦੀ ਥੋਪਣ ਦੇ ਯਤਨ ਤੇਜ ਕਰਦੇ ਹੋਏ ਮੁੱਖ ਰਾਸ਼ਟਰੀ ਮਾਰਗਾਂ ਅਤੇ ਰੇਲਵੇ ਸਟੇਸ਼ਨਾਂ ਦੇ ਬੋਰਡਾਂ ਤੇ ਪੰਜਾਬੀ ਦੀ ਥਾਂ ਤੇ ਹਿੰਦੀ ਨੂੰ ਪਹਿਲਾ ਸਥਾਨ ਦੇਕੇ ਪੰਜਾਬੀ ਨੂੰ ਤੀਜੇ ਦਰਜੇ ਤੇ ਧੱਕਿਆ ਜਾ ਰਿਹਾ ਹੈ। ਭਾਸ਼ਾ ਕਿਸੇ ਸੱਭਿਆਚਾਰ ਅਤੇ ਸਮਾਜ ਦੇ ਜਿਉਂਦੇ ਰਹਿਣ ਲਈ ਮੁਢਲੀ ਸ਼ਰਤ ਹੈ। ਆਰ. ਐਸ. ਐਸ. ਦੇ ਫਾਸ਼ੀਵਾਦੀ ਅਜੰਡੇ ਨੂੰ ਲਾਗੂ ਕਰਨ ਲਈ ਰਾਸ਼ਟਰਵਾਦ ਦੇ ਨਾਂ ਹਿੰਦੂਤਵਵਾਦੀ ਤਾਕਤਾਂ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਖਤਮ ਕਰਕੇ ਸਾਰੇ ਦੇਸ਼ ਤੇ ਹਿੰਦੀ ਦਾ ਗਲਬਾ ਸਥਾਪਤ ਕਰਨਾ ਚਾਹੁੰਦੀਆਂ ਹਨ, ਜਿਸ ਲਈ 1975 ਵਿੱਚ ਐਂਮਰਜੈਂਸੀ ਦੌਰਾਨ ਸਿੱਖਿਆ ਨੂੰ ਸੂਬਾਈ ਸੂਚੀ ਵਿੱਚੋਂ ਕੱਢਕੇ ਸੰਵਿਧਾਨ ਦੀ ਸਮਵਰਤੀ ਸੂਚੀ ਵਿੱਚ ਸ਼ਾਮਲ ਕਰਕੇ ਧੜਾ ਧੜ ਕੇਂਦਰੀ ਸਿੱਖਿਆ ਬੋਰਡ ਨਾਲ ਸਬੰਧਤ ਹਿੰਦੀ ਤੇ ਅੰਗਰੇਜੀ ਮਾਧਿਅਮ ਵਾਲੇ ਸਕੂਲ ਖੋਲਕੇ ਖੇਤਰੀ ਭਾਸ਼ਾਵਾਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਦੇ ਗਰੀਬਾਂ ਦੀਆਂ ਭਾਸ਼ਾਂਵਾਂ ਦਾ ਦਰਜਾ ਦੇ ਦਿੱਤਾ ਜਦ ਕਿ ਅੰਗਰੇਜੀ ਨੂੰ ਸਮਾਜ ਦੇ ਉੱਚ ਵਰਗਾਂ ਦੀ ਭਾਸ਼ਾ ਬਣਾ ਦਿੱਤਾ ਗਿਆ ।
ਪੰਜਾਬੀ ਭਾਸ਼ਾ ਪ੍ਰੇਮੀਆਂ ਵਲੋਂ ਮੀਟਿੰਗ ਕਰਕੇ 29 ਅਕਤੂਬਰ 2017 ਨੂੰ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਟਰ ਭਾਸ਼ਾ ਭਵਨ, ਪਟਿਆਲਾ ਵਿਖੇ ਸਵੇਰੇ 11 ਵਜੇ ਤੋਂ ਬਆਦ ਦੁਪਿਹਰ 2 ਵਜੇ ਤੱਕ ਇੱਕ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਬਾਅਦ ਵਿੱਚ ਸ਼ਾਮ 4 ਵਜੇ ਤੱਕ ਸ਼ਹਿਰ ਵਿੱਚ ਚੇਤਨਾ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਇਸ ਮੀਟਿੰਗ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਉੱਘੇ ਭਾਸ਼ਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਸਾਬਕਾ ਮੁਖੀ ਡਾਕਟਰ ਜੋਗਾ ਸਿੰਘ ਵਿਰਕ, ਪੰਜਾਬੀ ਭਾਸ਼ਾ, ਸਹਿਤ ਅਤੇ ਸਭਿਆਚਾਰ ਦੇ ਉਘੇ ਚਿੰਤਕ ਅਤੇ ਅਲੋਚਕ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਡਾਕਟਰ ਸੁਰਜੀਤ ਸਿੰਘ ਭੱਟੀ, ਔਰਤਾਂ ਦੇ ਹੱਕਾਂ ਲਈ ਲੜਣ ਵਾਲੀ ਉੱਘੀ ਸਮਾਜਕ ਕਾਰਕੁੰਨ ਬੀਬੀ ਹਰਮੀਤ ਬਰਾੜ, ਸੇਵਾ ਮੁਕਤ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਸ਼੍ਰੀ ਯੰਸ਼ਵੰਤ ਰਾਏ ਸ਼ਰਮਾ, ਸੇਵਾ ਮੁਕਤ ਉਪ-ਪੁਲਸ ਕਪਤਾਨ ਸ਼੍ਰੀ ਦਰਸ਼ਨ ਸਿੰਘ, ਸੇਵਾ ਮੁਕਤ ਕਰ ਅਤੇ ਆਬਕਾਰੀ ਅਫਸਰ ਸ਼੍ਰੀ ਚਿਰੰਜੀ ਲਾਲ ਸ਼ਰਮਾ ਸਮੇਤ ਕਈ ਹੋਰ ਭਾਸ਼ਾ ਪ੍ਰੇਮੀ ਵੀ ਸ਼ਾਮਲ ਹੋਏ।
ਡਾ: ਧਰਮਵੀਰ ਗਾਂਧੀ ਦੇ ਘਰ ਹੋਈ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਕਾਨਫਰੰਸ ਵਿੱਚ ਸਾਰੀਆਂ ਧਿਰਾਂ, ਵਿਚਾਰਧਾਰਾਵਾਂ ਦੇ ਵਿਦਿਆਰਥੀ ਸੰਗਠਨਾਂ ਜਿਹਨਾਂ ਵਿੱਚ ਸਿੱਖ ਵਿਦਿਆਰਥੀ ਫੈਡਰੇਸ਼ਨ ਦੇ ਵੱਖ ਵੱਖ ਧੜਿਆਂ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਪੰਜਾਬ ਸਟੂਡੈਂਟ ਯੂਨੀਅਨ ਦੇ ਵੱਖ ਵੱਖ ਧੜਿਆਂ, ਏ. ਆਈ. ਐਸ. ਐਫ., ਐਸ. ਐਫ. ਆਈ. , ਨੌਜਵਾਨ ਸੰਗਠਨਾਂ, ਸਾਰੀਆਂ ਸਹਿਤ ਸੰਭਾਵਾਂ, ਸਹਿਤਕ ਅਤੇ ਸਭਿਆਚਾਰਕ ਸੰਸਥਾਵਾਂ, ਸਭਿਆਚਾਰਕ ਮੰਡਲੀਆਂ, ਨਾਮਧਾਰੀ ਸੰਪਰਦਾ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਰੂਪ ਵਿੱਚ ਸੱਦਾ ਦਿੱਤਾ ਜਾਵੇਗਾ। ਕਾਨਫਰੰਸ ਵਿੱਚ ਕੰਨੜ ਭਾਸ਼ਾ ਨਾਲ ਸਬੰਧਤ ਸਰਕਾਰੀ ਕਾਲਜ ਚੰਡੀਗੜ੍ਹ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਵਲੋਂ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਲਗਾਤਾਰ ਉਠਾਈ ਜਾ ਰਹੀ ਬੇਖੌਫ ਆਵਾਜ ਲਈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਡਾ: ਗਾਂਧੀ ਨੇ ਸਾਰਾ ਪੰਜਾਬੀ ਪ੍ਰੇਮੀਆਂ ਨੂੰ ਇਸ ਕਾਨਫਰੰਸ ਵਿੱਚ ਵਧ ਚੜਕੇ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋਏ ਇਸ ਨੂੰ ਕਾਮਯਾਬ ਬਨਾਉਣ ਲਈ ਤਨ ਮਨ ਧਨ ਨਾਲ ਸਾਰੀਆਂ ਕੋਸ਼ਿਸ਼ਾਂ ਵਿੱਢਣ ਦੀ ਆਪੀਲ ਕੀਤੀ ਹੈ
ਪ੍ਰੋਫੈਸਰ ਜੋਗਾ ਸਿੰਘ ਵਿਰਕ ਨੇ ਕਿਹਾ ਮਸਲਾ ਸਿਰਫ ਸੜਕ ਮਾਰਗਾਂ ਤੇ ਲਗਾਏ ਜਾ ਰਹੇ ਬੋਰਡਾਂ ਦਾ ਨਹੀਂ ਸਗੋਂ ਸੂਬੇ ਵਿੱਚ ਕੰਮ ਕਰਦੇ ਕੇਂਦਰ ਸਰਕਾਰ ਦੇ ਸਾਰੇ ਅਦਾਰਿਆਂ ਚਾਹੇ ਉਹ ਆਮਦਨ ਕਰ ਵਿਭਾਗ ਹੋਵੇ ਤੇ ਚਾਹੇ ਰੇਲਵੇ ਹੋਵੇ ਵਿੱਚ ਪੰਜਾਬੀ ਨੂੰ ਬਣਦਾ ਮਾਣ-ਤਾਣ ਦਿਵਾਉਣ ਦਾ ਹੈ।