ਕਿਸਾਨਾਂ ਨੇ 2 ਕਿਸਾਨ ਪੁਲਿਸ ਹਿਰਾਸਤ ਚੋਂ ਛੁਡਾਏ
48 ਕਿਸਾਨਾਂ ਖਿਲਾਫ ਪੁਲਿਸ ਕੇਸ ਦਰਜ15 ਕੰਬਾਈਨਾਂ ਨੂੰ 30 ਲੱਖ ਜੁਰਮਾਨਾ
ਅਸ਼ੋਕ ਵਰਮਾ
ਬਠਿੰਡਾ, 05 ਨਵੰਬਰ 2019: ਬਠਿੰਡਾ ਪ੍ਰਸ਼ਾਸਨ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸ਼ਿਕੰਜਾ ਕਸ ਦਿੱਤਾ ਹੈ। ਪੁਲਿਸ ਨੇ 48 ਕਿਸਾਨਾਂ ਖਿਲਾਫ ਪੁਲਿਸ ਕੇਸ ਦਰਜ ਕੀਤੇ ਹਨ ਜਿੰਨਾਂ ਨੂੰ ਅਗਾਮੀ ਦਿਨਾਂ ਦੌਰਾਨ ਪ੍ਰਸ਼ਾਸ਼ਨ ਅਤੇ ਕਿਸਾਨਾਂ ਵਿਚਕਾਰ ਨਵੇਂ ਟਕਰਾਅ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਬਠਿੰਡਾ ਜਿਲੇ ’ਚ ਹੁਣ ਤੱਕ 298 ਚਲਾਨ ਕਰਕੇ 9 ਲੱਖ 58 ਹਜ਼ਾਰ ਪੰਜ ਸੋ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਪ੍ਰਸ਼ਾਸ਼ਨ ਨੇ ਪਹਿਲਾ ਵਾਰ ਬਿਨਾਂ ਐਸ.ਐਮ.ਐਸ. ਯੰਤਰ ਦੇ ਝੋਨੇ ਦੀ ਕਟਾਈ ਕਰਨ ਵਾਲੀਆਂ 15 ਕੰਬਾਇਨਾਂ ਦੇ ਮਾਲਕਾਂ ਨੂੰ 30 ਲੱਖ ਰੁਪਏ ਦਾ ਮੋਟਾ ਜੁਰਮਾਨਾ ਵੀ ਠੋਕਿਆ ਹੈ ਅਤੇ ਜਿਲਾ ਪੁਲਿਸ ਨੂੰ ਇਨਾਂ ਦੀਆਂ ਕੰਬਾਇਨਾਂ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਅੱਜ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਖ-ਵੱਖ ਵਿਭਾਗਾਂ ਦੀਆਂ ਬਣਾਈਆਂ ਗਈਆਂ ਸਾਂਝੀਆਂ ਟੀਮਾਂ ਨੂੰ ਸੰਬੋਧਨ ਕਰਦਿਆਂ ਸਥਿਤੀ ਦਾ ਜਾਇਜਾ ਲਿਆ ਅਤੇ ਇਸ ਮਾਮਲੇ ’ਚ ਪੂਰੀ ਸਖਤੀ ਵਰਤਣ ਦੀ ਤਾਕੀਦ ਕੀਤੀ। ਡਿਪਟੀ ਕਮਿਸ਼ਨਰ ਨੇ ਸਪਸ਼ਟ ਸ਼ਬਦਾਂ ’ਚ ਆਖਿਆ ਕਿ ਜਿਹੜੇ ਵੀ ਪਿੰਡਾਂ ਦੀਆਂ ਪੰਚਾਇਤਾਂ ਤੇ ਨੰਬਰਦਾਰਾਂ ਵਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਨਾਂ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਏ ਅਤੇ ਚਲਾਣ ਕੱਟੇ ਜਾਣ। ਉਨਾਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਕੇ ਸਰਕਾਰ ਦੇ ਨਿਯਮਾਂ ਦੀ ਉਲੰਘਣ ਕਾਰਨ ਵਾਲੇ ਸਰਕਾਰੀ ਅਧਿਕਾਰੀਆਂ ਜਾਂ ਕਰਮਚਾਰੀਆਂ ਖਿਲਾਫ਼ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਏ। ਇਸ ਤਹਿਤ ਪਿੰਡ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਵੱਖ-ਵੱਖ ਵਿਭਾਗਾਂ ਦੀਆਂ 25 ਸਾਂਝੀਆਂ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਇਨਾਂ ਟੀਮਾਂ ਵੱਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਨਜ਼ਰਸਾਨੀ ਕੀਤੀ ਜਾ ਰਹੀ ਹੈ। ਜੋ ਵੀ ਕਿਸਾਨ ਝੋਨੇ ਦੇ ਨਾੜ ਨੂੰ ਅੱਗ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਐਫ.ਆਈ.ਆਰ. ਦਰਜ਼ ਕਰਨ ਤੋਂ ਇਲਾਵਾ ਉਸ ਦਾ ਚਲਾਣ ਕਰਕੇ ਬਣਦਾ ਜ਼ੁਰਮਾਨਾ ਵੀ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਫੀਲਡ ਵਿੱਚ ਜਾ ਕੇ ਲਗਾਤਾਰ ਨਜ਼ਰਸਾਨੀ ਕਰਨ।
ਪਰਾਲੀ ਸਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ
ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਦਾ ਕਹਿਣਾ ਸੀ ਕਿ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਬਣਾਈਆਂ ਗਈਆਂ ਸਾਂਝੀਆਂ ਟੀਮਾਂ ਵਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ 48 ਕਿਸਾਨਾਂ ਦੇ ਖਿਲਾਫ਼ ਐਫ਼.ਆਈ.ਆਰ. ਦਰਜ਼ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਜੁਰਮਾਨਾ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਮੁਲਾਜ਼ਮ ਖੇਤੀ ਕਰਦਾ ਹੈ ਅਤੇ ਉਹ ਵੀ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਵੀ ਸਖ਼ਤ ਕਾਰਵਾਈ ਕਰਦਿਆਂ ਉਸਨੂੰ ਵੀ ਚਾਰਜਸ਼ੀਟ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੇ ਨਾੜ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ।
ਕਿਸਾਨ ਧਿਰਾਂ ਨੇ ਪੁਲਿਸ ਹਿਰਾਸਤ ਚੋਂ ਛੁਡਾਏ ਕਿਸਾਨ
ਬਠਿੰਡਾ ਜਿਲੇ ਦੇ ਪਿੰਡ ਕਾਲਝਰਾਣੀ ਅਤੇ ਰਾਏਕੇ ਕਲਾਂ ’ਚ ਪਰਾਲੀ ਸਾੜਨ ਦੇ ਮਾਮਲੇ ਤੇ ਪੁਲਿਸ ਨੇ ਦੋ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਗੱਲ ਦਾ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੰਨਾਂ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਥਾਣਾ ਸੰਗਤ ਅੱਗੇ ਧਰਨਾ ਲਾਕੇ ਅਲਟੀਮੇਟ ਦਿੱਤਾ ਕਿ ਜੇਕਰ ਕਿਸਾਨ ਰਿਹਾ ਨਾਂ ਕੀਤੇ ਤਾਂ ਉਹ ਥਾਣੇ ਅੱਗੇ ਪੱਕਾ ਮੋਚਾ ਲਾ ਦੇਣਗੇ। ਯੂਨੀਅਨ ਦੇ ਆਗੂ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਧੱਕਾ ਕੀਤਾ ਤਾਂ ਉਹ ਭਵਿੱਖ ’ਚ ਅਧਿਕਾਰੀਆਂ ਨੂੰ ਬੰਦੀ ਬਨਾਉਣਗੇ। ਉਨਾਂ ਆਖਿਆ ਕਿ ਪਰਾਲੀ ਸਾੜਨਾ ਮਜਬੂਰੀ ਹੈ ਸ਼ੋਕ ਨਹੀਂ ਇਸ ਲਈ ਪ੍ਰਸ਼ਾਸ਼ਨ ਕਾਰਵਾਈ ਤੋਂ ਗੁਰੇਜ਼ ਕਰੇ। ਧਰਨੇ ਦੇ ਦਬਾਅ ਹੇਠ ਪੁਲਿਸ ਨੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਜਿੰਨਾਂ ਦਾ ਜੋਰਦਾਰ ਨਾਅਰਿਆਂ ਦੌਰਾਨ ਥਾਣੇ ਅੱਗੇ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਬਠਿੰਡਾ ਫੋਟੋੱ04। ਥਾਣਾ ਸੰਗਤ ਅੱਗੇ ਨਾਅਰਿਆਂ ਦੌਰਾਨ ਕਿਸਾਨਾਂ ਦਾਸੁਆਗਤ ਕਰਦੇ ਕਿਸਾਨ ਆਗੂ