ਲਵ ਯੂ ਪੰਜਾਬ, ਆਪਨੇ ਕਮਾਲ ਕਰ ਦਿੱਤਾ: ਅਰਵਿੰਦ ਕੇਜਰੀਵਾਲ
- ਪੂਰੀ ਦੁਨੀਆਂ 'ਚ ਅਜਿਹਾ ਇਨਕਲਾਬ ਸਿਰਫ਼ ਪੰਜਾਬੀ ਹੀ ਕਰ ਸਕਦੇ ਹਨ: ਅਰਵਿੰਦ ਕੇਜਰੀਵਾਲ
- ਦਸਕਾਂ ਬਾਅਦ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ: ਅਰਵਿੰਦ ਕੇਜਰੀਵਾਲ
- 16 ਮਾਰਚ ਨੂੰ ਭਗਵੰਤ ਮਾਨ ਨਹੀਂ, ਪੰਜਾਬ ਦੇ ਲੋਕ ਮੁੱਖ ਮੰਤਰੀ ਬਣਨਗੇ: ਅਰਵਿੰਦ ਕੇਜਰੀਵਾਲ
- ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚ ਦਿੱਤਾ: ਭਗਵੰਤ ਮਾਨ
- ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਵਾਂਗੇ, ਸਰਕਾਰ ਨੂੰ ਮਹੱਲਾਂ ਤੋਂ ਕੱਢ ਕੇ ਪਿੰਡਾਂ ਤੇ ਮੁਹੱਲਿਆਂ 'ਚ ਲੈ ਜਾਵਾਂਗੇ: ਭਗਵੰਤ ਮਾਨ
ਅੰਮ੍ਰਿਤਸਰ/ਚੰਡੀਗੜ, 13 ਮਾਰਚ 2022 - ਆਮ ਆਦਮੀ ਪਾਰਟੀ (ਆਪ) ਦੀ ਪੰਜਾਬ 'ਚ ਹੋਈ ਵੱਡੀ ਜਿੱਤ ਤੋਂ ਬਾਅਦ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ 'ਵਿਜੈ ਯਾਤਰਾ' ਕੱਢੀ ਅਤੇ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਯਾਤਰਾ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਖਣ ਅਤੇ ਮਾਣ ਵਧਾਉਣ ਲਈ ਪੰਜਾਬ ਦੇ ਕੋਨੇ- ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ ਅਤੇ ਥਾਂ - ਥਾਂ ਫੁੱਲ ਬਰਸਾ ਕੇ ਲੋਕਾਂ ਨੇ ਦੋਵੇਂ ਆਗੂਆਂ ਦਾ ਸਵਾਗਤ ਕੀਤਾ।
ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਲਵ ਯੂ ਪੰਜਾਬ, ਆਪਨੇ ਕਮਾਲ ਕਰ ਦਿੱਤਾ। ਪੂਰੀ ਦੁਨੀਆਂ ਵਿੱਚ ਅਜਿਹਾ ਇਨਕਲਾਬ ਸਿਰਫ਼ ਪੰਜਾਬੀ ਹੀ ਕਰ ਸਕਦੇ ਹਨ। ਅੱਜ ਪੂਰੇ ਵਿਸ਼ਵ 'ਚ ਪੰਜਾਬ ਦੇ ਇਨਕਲਾਬ ਦੀ ਚਰਚਾ ਹੋ ਰਹੀ ਹੈ। ਦੁਨੀਆਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਇਨਕਲਾਬੀ ਹੁੰਦੇ ਹਨ। ਇਨਾਂ ਚੋਣਾ 'ਚ ਇਸ ਨੂੰ ਫਿਰ ਤੋਂ ਸਿੱਧ ਕਰ ਦਿੱਤਾ। ਸਾਰੇ ਵੱਡੇ ਆਗੂ ਜੋ ਖੁਦ ਨੂੰ ਕਦਾਵਰ ਅਤੇ ਨਾ ਹਾਰਨ ਵਾਲੇ ਸਮਝਦੇ ਸਨ, ਆਪਨੇ ਸਾਰਿਆਂ ਦਾ ਹੰਕਾਰ ਤੋੜ ਦਿੱਤਾ।''
ਕੇਜਰੀਵਾਲ ਨੇ ਕਿਹਾ ਕਿ ਦਸਕਾਂ ਬਾਅਦ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਸਾਡਾ ਭਗਵੰਤ ਮਾਨ ਕੱਟੜ ਇਮਾਨਦਾਰ ਹੈ। ਪੰਜਾਬ ਦੀ ਸਰਕਾਰ ਇਮਾਨਦਾਰ ਸਰਕਾਰ ਹੋਵੇਗੀ। ਜੇ ਸਾਡਾ ਕੋਈ ਵੀ ਵਿਧਾਇਕ ਜਾਂ ਮੰਤਰੀ ਗਲਤ ਕੰਮ ਕਰੇਗਾ ਜਾਂ ਸੱਤਾ ਦਾ ਦੁਰਪ੍ਰਯੋਗ ਕਰੇਗਾ ਤਾਂ ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇਗੀ। 16 ਮਾਰਚ ਨੂੰ ਖਟਕੜ ਕਲਾਂ ਵਿੱਚ ਕੇਵਲ ਭਗਵੰਤ ਮਾਨ ਹੀ ਨਹੀਂ ਪੰਜਾਬ ਦੇ ਸਾਰੇ ਲੋਕ ਮੁੱਖ ਮੰਤਰੀ ਬਣਨਗੇ। ਸਭ ਨੂੰ ਅਪੀਲ ਹੈ ਕਿ ਆਪ ਸਾਰੇ ਸਹੁੰ ਚੁੱਕ ਸਮਾਗਮ ਦੀ ਸ਼ੋਭਾ ਵਧਾਉਣ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਭੂਮੀ ਖਟਕੜ ਕਲਾਂ 'ਚ ਪਹੁੰਚੋਂ ਅਤੇ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋ ਕੇ ਨਵਾਂ ਪੰਜਾਬ ਬਣਾਉਣ ਦੀ ਸ਼ੁਰੂਆਤ ਕਰੋ।
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਤਰੱਕੀ ਦੇ ਮਾਰਗ 'ਤੇ ਲੈ ਕੇ ਜਾਵੇਗੀ ਅਤੇ ਰੰਗਲਾ ਪੰਜਾਬ ਬਣਾਏਗੀ। ਇੱਕ ਇੱਕ ਸਰਕਾਰੀ ਪੈਸਾ ਲੋਕਾਂ 'ਤੇ ਖਰਚ ਕਰਾਂਗੇ। ਜਨਤਾ ਦੇ ਪੈਸੇ ਨਾਲ ਜਨਤਾ ਦੇ ਕੰਮ ਹੋਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਹਨ, ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਥੋੜਾ ਸਮਾਂ ਲੱਗ ਸਕਦਾ ਹੈ, ਪਰ ਕੋਈ ਗਰੰਟੀ ਅਧੂਰੀ ਨਹੀਂ ਰਹੇਗੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨਾਂ (ਲੋਕਾਂ) ਨੇ ਇਤਿਹਾਸ ਰਚ ਦਿੱਤਾ। ਸਾਰੀਆਂ ਰਿਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਆਪਸ ਵਿੱਚ ਮਿਲ ਗਈਆਂ ਸਨ, ਪਰ ਪੰਜਾਬ ਦੇ ਇਨਕਲਾਬੀ ਲੋਕ ਇਨਾਂ ਖ਼ਿਲਾਫ਼ ਇੱਕਠੇ ਹੋ ਗਏ ਅਤੇ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਜਿੱਤਾ ਦਿੱਤਾ। ਮਾਨ ਨੇ ਕਿਹਾ ਕਿ 20 ਦਿਨ ਭੁੱਖ ਹੜਤਾਲ ਕਰਕੇ ਅਤੇ ਲੰਬਾ ਸੰਘਰਸ਼ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਸੀ। ਲੋਕਾਂ ਵੱਲੋਂ ਦਿੱਤੇ ਚੰਦੇ 'ਤੇ ਦਿੱਲੀ 'ਚ ਚੋਣ ਲੜੀ ਅਤੇ ਸਰਕਾਰ ਬਣਾਈ। ਦੇਸ਼ ਦੀ ਰਾਜਨੀਤੀ ਤੋਂ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਖ਼ਤਮ ਕਰ ਕੇ ਆਮ ਲੋਕਾਂ ਦੀ ਭਲਾਈ ਦੀ ਰਾਜਨੀਤੀ ਕਰਨਾ ਹੀ ਆਮ ਆਦਮੀ ਪਾਰਟੀ ਦਾ ਉਦੇਸ਼ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਅਤੇ ਉਨਾਂ ਦੀ ਸੁਰੱਖਿਆ ਪੱਕੀ ਕਰੇਗੀ। ਆਮ ਲੋਕਾਂ ਦੀ ਸੁਰੱਖਿਆ ਲਈ ਹੀ ਸਰਕਾਰ ਬਣਨ ਤੋਂ ਪਹਿਲਾਂ ਹੀ 122 ਆਗੂਆਂ ਦੀ ਸਕਿਉਰਟੀ ਵਾਪਸ ਲਈ ਗਈ ਹੈ। ਇਸ ਫ਼ੈਸਲੇ ਨਾਲ ਸੈਂਕੜੇ ਪੁਲੀਸ ਮੁਲਾਜ਼ਮ ਆਗੂਆਂ ਦੀ ਸੁਰੱਖਿਆ ਛੱਡ ਕੇ ਜਨਤਾ ਦੀ ਸੁਰੱਖਿਆ ਵਿੱਚ ਲੱਗ ਗਏ ਹਨ ਅਤੇ 17 ਪੁਲੀਸ ਦੀਆਂ ਗੱਡੀਆਂ ਆਗੂਆਂ ਤੋਂ ਮੁਕਤ ਹੋ ਗਈਆਂ। ਹੁਣ ਪੁਲੀਸ ਦੇ ਜਵਾਨ ਆਗੂਆਂ, ਮੰਤਰੀਆਂ ਦੀਆਂ ਕੋਠੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਕਰਨ ਦੀ ਥਾਂ ਜਨਤਾ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਪੁਲੀਸ ਕੇਵਲ ਪੁਲੀਸ ਦਾ ਕੰਮ ਕਰੇਗੀ ਅਤੇ ਆਮ ਲੋਕਾਂ ਲਈ ਸੁਰੱਖਿਅਤ ਮਹੌਲ ਤਿਆਰ ਕਰੇਗੀ।
ਮਾਨ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਬਚਾਅ ਕੇ ਰੱਖਣਾ ਹੈ ਅਤੇ ਉਸ ਨੂੰ ਅੱਗੇ ਵਧਾਉਣਾ ਹੈ। ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਆਪਣੇ ਮਹਾਨ ਆਜ਼ਾਦੀ ਘੋਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਨਾਂ ਦੀ ਕਰਾਂਤੀ ਨੂੰ ਇੱਕ ਇੱਕ ਵਿਅਕਤੀ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਰਾਜ ਭਵਨ ਤੋਂ ਕੱਢ ਕੇ ਸ਼ਹੀਦਾਂ ਦੀ ਭੂਮੀ ਖਟਕੜ ਕਲਾਂ 'ਚ ਲੈ ਕੇ ਜਾ ਰਹੇ ਹਾਂ।