ਲੋਕ ਸਭਾ ਚੋਣਾਂ ਦਾ ਗੁਰੂ ਹਰਿਗੋਬਿੰਦ ਨਗਰ ਦੇ ਰਿਜ਼ਰਵ ਕੋਟੇ ਦੇ ਪਲਾਟ ਹੋਲਡਰਾਂ ਵਲੋਂ ਬਾਈਕਾਟ ਕਰਨ ਦਾ ਫ਼ੈਸਲਾ
ਫਗਵਾੜਾ, 24 ਅਪ੍ਰੈਲ 2024 - ਗੁਰੂ ਹਰਿਗੋਬਿੰਦ ਨਗਰ ਫਗਵਾੜਾ ਦੇ ਰਿਜ਼ਰਵ ਕੋਟੇ ਵਾਲੇ ਪਲਾਟ ਧਾਰਕਾਂ ਵਲੋਂ ਪਲਾਟਾਂ ਦੀਆਂ ਕੀਮਤਾਂ 'ਚ ਬੇਇੰਤਹਾ ਵਾਧੇ ਵਿਰੁੱਧ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ "ਗੁਰੂ ਹਰਿਗੋਬਿੰਦ ਨਗਰ ਰਿਜ਼ਰਵ ਕੋਟਾ ਪਲਾਟ ਹੋਲਡਰਾਂ ਦੀ ਇੱਕ ਵਿਸ਼ਾਲ ਮੀਟਿੰਗ ਦੌਰਾਨ ਕੀਤਾ ਗਿਆ।
ਵਿਕਾਸ ਸਕੀਮ ਨੰ:1 (ਗੁਰੂ ਹਰਿਗੋਬਿੰਦ ਨਗਰ) ਦੇ ਰਿਜ਼ਰਵ ਪਲਾਟ ਧਾਰਕਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੇ ਤਾਂ ਉਹਨਾ ਨਾਲ ਵਧੀਕੀ ਕੀਤੀ ਹੀ ਹੈ, ਪਰ ਸਿਆਸੀ ਪਾਰਟੀਆਂ ਜਾਂ ਉਹਨਾ ਦੇ ਆਗੂਆਂ ਨੇ ਵੀ ਉਹਨਾ ਦੀ ਸੁਣਵਾਈ ਨਹੀਂ ਕੀਤੀ ਅਤੇ ਸਾਰਿਆਂ ਪ੍ਰਮੁੱਖ ਪਾਰਟੀਆਂ ਅਤੇ ਮੌਜੂਦਾ ਸਰਕਾਰ ਦੇ ਆਗੂਆਂ ਨੇ ਵੀ ਉਹਨਾ ਨਾਲ ਲਾਰਾ-ਲੱਪਾ ਲਾਈ ਰੱਖਣ ਦੀ ਨੀਤੀ ਅਪਨਾਈ ਰੱਖੀ ਅਤੇ ਉਹਨਾ ਦੀ ਸੁਣਵਾਈ ਨਹੀਂ ਕੀਤੀ।
ਉਹਨਾ ਦੱਸਿਆ ਕਿ ਇਮਪਰੂਵਮੈਂਟ ਟਰੱਸਟ ਫਗਵਾੜਾ ਵਲੋਂ ਪਲਾਟ ਧਾਰਕਾਂ ਨੂੰ ਲੱਖਾਂ ਰੁਪਏ ਦੀ ਕੀਮਤ 'ਚ ਵਾਧੇ ਦਾ ਨੋਟਿਸ 31-10-2014 ਤੋਂ ਲਗਭਗ 10 ਸਾਲਾਂ ਬਾਅਦ ਜਾਰੀ ਕਰਕੇ ਰਕਮ ਨਾ ਜਮ੍ਹਾਂ ਕਰਵਾਏ ਜਾਣ ਤੇ ਪਲਾਟ ਜ਼ਬਤ ਕਰਨ ਦਾ ਡਿਕਟੇਟਰਾਨਾ ਹੁਕਮ ਜਾਰੀ ਕੀਤਾ ਹੈ। ਜਿਸ ਕਾਰਨ ਪਲਾਟ ਧਾਰਕਾਂ ਵਿੱਚ ਵੱਡਾ ਰੋਸ ਹੈ। ਇਸੇ ਕਰਕੇ ਪਲਾਟ ਧਾਰਕਾਂ ਵਲੋਂ ਕਿਸੇ ਵੀ ਸਿਆਸੀ ਦਿਰ ਜਾਂ ਆਗੂ ਵਲੋਂ ਜਾਂ ਸਰਕਾਰ ਵਲੋਂ ਸੁਣਵਾਈ ਨਾ ਕੀਤੇ ਜਾਣ ਕਾਰਨ ਰੋਸ ਵਜੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੈ ਕਿਉਂਕਿ ਉਹ ਮਹਿਸੂਸ ਕਰ ਰਹੇ ਹਨ ਕਿ ਇਮਪਰੂਵਮੈਨਟ ਟਰੱਸਟ ਉਹਨਾ ਦਾ ਉਜਾੜਾ ਕਰਨ 'ਤੇ ਤੁਲਿਆ ਹੋਇਆ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦੇਵਿੰਦਰ ਕੁਲਥਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਮਨੋਜ ਮਿੱਡਾ, ਪਰਵਿੰਦਰ ਕੁਮਾਰ, ਰਜੀਵ ਉਪਲ, ਅਸ਼ੋਕ ਡੀਲੈਕਸ, ਅਮਰਜੀਤ ਸਿੰਘ, ਆਨੰਦ ਜਲੌਟਾ, ਅਸ਼ੋਕ ਬੱਤਰਾ, ਪਿਊਸ਼ ਬਾਂਸਲ ਸਮੇਤ ਵੱਡੀ ਗਿਣਤੀ 'ਚ ਪਲਾਟ ਧਾਰਕ ਹਾਜ਼ਰ ਸਨ।